
ਬਟਾਲਾ, 9 ਜੂਨ (ਨਰਿੰਦਰ ਬਰਨਾਲ) – ਛੋਟੀਆਂ ਬਚਤ ਸਕੀਮਾਂ ‘ਚ ਪੈਸੇ ਜਮ੍ਹਾਂ ਕਰਾ ਕੇ ਵੱਡਾ ਵਿੱਤੀ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਲੋਕਾਂ ਨੂੰ ਛੋਟੀਆਂ ਬਚਤਾਂ ‘ਚ ਨਿਵੇਸ਼ ਕਰਕੇ ਇਸਦਾ ਫਾਇਦਾ ਉਠਾਉਣਾ ਚਾਹੀਦਾ ਹੈ। ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੀਆਂ ਛੋਟੀਆਂ ਬੱਚਤ ਸਕੀਮਾਂ ਵਿੱਚ ਧੰਨ ਜਮ੍ਹਾ ਕਰਵਾਉਣਾ ‘ਤੇ ਵਧੇਰੇ ਵਿਆਜ਼ ਤੇ ਗਾਰੰਟੀ ਦਿੱਤੀ ਜਾਂਦੀ ਹੈ ਤਾਂ ਜੋ ਲੋਕਾਂ ਦੀ ਰਕਮ ਸਰੁੱਖਿਅਤ ਤੇ ਲਾਭਕਾਰੀ ਰਹਿ ਸਕੇ। ਛੋਟੀਆਂ ਬੱਚਤ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਛੋਟੀਆਂ ਬਚਤਾਂ ਦੇ ਡਿਪਟੀ ਡਾਇਰੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੰਜ ਸਾਲਾਂ ਸੀਨੀਅਰ ਸਿਟੀਜ਼ਨ ਸੇਵਿੰਗਜ਼ ਸਕੀਮ ‘ਤੇ 9.2 ਪ੍ਰਤੀਸ਼ਤ ਵਿਆਜ ਮਿਲਦਾ ਹੈ ਅਤੇ 60 ਸਾਲ ਦੀ ਉਮਰ ਦੇ ਵਿਅਕਤੀ ਇਸ ਵਿੱਚ ਰਕਮ ਜਮ੍ਹਾ ਕਰਵਾ ਸਕਦੇ ਹਨ।ਘੱਟੋ ਘੱਟ ਰਾਸ਼ੀ ਇਕ ਹਜ਼ਾਰ ਪ੍ਰਤੀ ਅਤੇ ਵੱਧ ਤੋਂ ਵੱਧ ਰਾਸ਼ੀ ਜਮ੍ਹਾਂ ਕਰਨ ਦੀ ਸੀਮਾ 15 ਲੱਖ ਰੁਪਏ ਹੈ ਅਤੇ ਖਾਤਾ ਬੈਂਕ ਜਾਂ ਡਾਕਘਰਾਂ ਵਿੱਚ ਖੁੱਲ੍ਹ ਸਕਦਾ ਹੈ।ਉਨ੍ਹਾਂ ਦੱਸਿਆ ਕਿ 55 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਰਿਟਾਇਰਡ ਕਰਮਚਾਰੀ ਵੀ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ (ਜੇਕਰ ਉਹ ਰਿਟਾਇਰਮੈਂਟ ਲਾਭ ਪ੍ਰਾਪਤ ਕਰਨ ਦੇ ਇਕ ਮਹੀਨੇ ਅੰਦਰ ਆਪਣਾ ਧੰਨ ਇਸ ਸਕੀਮ ਵਿੱਚ ਜਮ੍ਹਾਂ ਕਰਵਾਉਂਦੇ ਹਨ) ਰਿਟਾਇਰਡ ਡਿਫੈਂਸ ਕਰਮਚਾਰੀਆਂ ਲਈ ਉਮਰ ਦੀ ਕੋਈ ਸੀਮਾ ਨਹੀ ਹੈ।
ਸ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੰਜ ਸਾਲਾ ਕੌਮੀ ਬੱਚਤ ਸਰਟੀਫਿਕੇਟ ਵਿੱਚ 10 ਹਜ਼ਾਰ ਰੁਪਏ ਜਮ੍ਹਾ ਕਰਨ ‘ਤੇ 5 ਸਾਲਾਂ ਬਾਅਦ 15 ਹਜ਼ਾਰ 162 ਰੁਪਏ ਮਿਲਦੇ ਹਨ। ਦਸ ਸਾਲਾ ਨੈਸ਼ਨਲ ਸੇਵਿੰਗਜ਼ ਸਰਟੀਫਿਕੇਟ ਵਿੱਚ 10 ਹਜ਼ਾਰ ਰੁਪਏ ਜਮ੍ਹਾ ਕਰਨ ‘ਤੇ 10 ਸਾਲ ਬਾਅਦ ਸਮਾਂ ਪੂਰਾ ਹੋਣ ਤੇ 23 ਹਜ਼ਾਰ 660 ਰੁਪਏ ਮਿਲਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ 15 ਸਾਲਾ ਪਬਲਿਕ ਪ੍ਰਾਈਡੈਂਟ ਫੰਡ ਖਾਤਾ ਖੋਲ੍ਹਣ ਤੇ 8.7 ਪ੍ਰਤੀਸ਼ਤ ਮਿਸ਼ਰਤ ਕਰ ਮੁਕਤ ਵਿਆਜ, ਜਮ੍ਹਾ ਧੰਨ ਕਰ ਤੋਂ ਪੂਰੀ ਮੁਕਤੀ ਮਿਲਦੀ ਹੈ।ਇੱਕ ਸਾਲ ਵਿੱਚ ਇਕ ਖਾਤੇ ਵਿੱਚ ਘੱਟੋ-ਘੱਟ 500 ਰੁਪਏ ਅਤੇ ਵੱਧ ਤੋਂ ਵੱਧ ਡੇਢ ਲੱਖ ਰੁਪਏ ਜਮ੍ਹਾ ਹੋ ਸਕਦੇ ਹਨ।ਖਾਤਾ ਅਧਿਕਾਰਤ ਬੈਂਕ ਜਾਂ ਡਾਕਘਰ ਵਿੱਚ ਖੋਲ੍ਹਿਆ ਜਾ ਸਕਦਾ ਹੈ।
ਡਿਪਟੀ ਡਾਇਰੈਕਟਰ ਛੋਟੀਆਂ ਬਚਤਾਂ ਨੇ ਦੱਸਿਆ ਕਿ ਪੰਜ ਸਾਲਾ ਟਾਈਮ ਡਿਪੋਜਿਟ ਖਾਤਾ ਖੋਲਣ ‘ਤੇ 8.5 ਪ੍ਰਤੀਸ਼ਤ ਸਾਲਾਨਾ ਵਿਆਜ਼ ਘੱਟੋ-ਘੱਟ ਰਾਸ਼ੀ 200 ਰੁਪਏ ਅਤੇ ਵੱਧ ਤੋਂ ਵੱਧ ਰਾਸ਼ੀ ਜਮ੍ਹਾ ਕਰਵਾਉਣ ਦੀ ਕੋਈ ਸੀਮਾ ਨਹੀ ਹੈ। ਉਨ੍ਹਾਂ ਦੱਸਿਆ ਕਿ ਡਾਕਘਰ ਬੱਚਤ ਖਾਤਾ ਉੱਪਰ 4 ਪ੍ਰਤੀਸ਼ਤ ਵਿਆਜ ਹੈ ਅਤੇ ਵੱਧ ਤੋਂ ਵੱਧ ਰਕਮ ਜਮ੍ਹਾ ਕਰਨ ਦੀ ਕੋਈ ਸੀਮਾ ਨਹੀ ਹੈ। ਸੱਤ ਹਜ਼ਾਰ ਰੁਪਏ ਤਕ ਵਿਆਜ ਦੀ ਆਮਦਨ ਕਰ ਤੋਂ ਛੋਟ ਅਤੇ ਚੈਕ ਬੁੱਕ ਦੀ ਸੁਵਿਧਾ ਉਪਲੱਬਧ ਹੈ।ਉਪਰੋਕਤ ਸਾਰੀਆਂ ਸਕੀਮਾਂ ਇੰਨਕਮ ਟੈਕਸ ਦੀ ਧਾਰਾ 80-ਸੀ ਅਧੀਨ ਟੈਕਸ ਛੋਟ ਵਾਲੀਆਂ ਸਕੀਮਾਂ ਹਨ। ਸ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਛੋਟੀਆਂ ਬੱਚਤਾਂ ਦੇ ਕਿਸੇ ਅਧਿਕਾਰਤ ਏਜੰਟ/ਕਿਸੇ ਵੀ ਡਾਕਘਰ ਨਾਲ ਜਾਂ ਜ਼ਿਲ੍ਹਾ ਬੱਚਤ ਦਫ਼ਤਰ ਗੁਰਦਾਸਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
Punjab Post Daily Online Newspaper & Print Media