Saturday, March 14, 2026

ਗੁਰੁ ਨਾਨਕ ਦੇਵ ਯੂਨੀਵਰਿਸਟੀ ਦੇ ਵਾਈਸ-ਚਾਂਸਲਰ ਦੀਆਂ ਸੇਵਾਵਾਂ ਵਿਚ ਤਿੰਨ ਸਾਲ ਦਾ ਹੋਰ ਵਾਧਾ

PPN1006201505

ਅੰਮ੍ਰਿਤਸਰ, 9 ਜੂਨ (ਚਰਨਜੀਤ ਸਿੰਘ ਛੀਨਾ) – ਪੰਜਾਬ ਦੇ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਦੇ ਕਾਰਜਕਾਲ ਵਿਚ ਹੋਰ ਵਾਧਾ ਕਰਦੇ ਹੋਏ ਉਨ੍ਹਾਂ ਨੂੰ ਤਿੰਨ ਸਾਲ ਦੀ ਐਕਸਟੈਸ਼ਨ ਦਿੱਤੀ ਹੈ। ਪ੍ਰੋਫੈਸਰ ਬਰਾੜ 14 ਜੁਲਾਈ, 2015 ਨੂੰ ਇਸ ਯੂਨੀਵਰਸਿਟੀ ਵਿਚ ਵਾਈਸ-ਚਾਂਸਲਰ ਵਜੋਂ ਛੇ ਸਾਲ ਪੂਰੇ ਕਰਨ ਜਾ ਰਹੇ ਹਨ।
ਇਹ ਜਾਣਕਾਰੀ ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਐਮ.ਪੀ. ਸਿੰਘ ਵਲੋਂ ਜਾਰੀ ਪੱਤਰ ਨੰਬਰ ਪੀ.ਆਰ.ਬੀ.-2ਜੀ.-2002/ਜੀ.ਐਨ.ਡੀ.ਯੂ./2933 ਮਿਤੀ, ਚੰਡੀਗੜ੍ਹ, 9 ਜੂਨ, 2015 ਰਾਹੀਂ ਦਿੱਤੀ ਗਈ। ਪ੍ਰੋ. ਬਰਾੜ ਨੇ 15 ਜੁਲਾਈ, 2009 ਨੂੰ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵਜੋਂ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ, ਉਹ ਲਖਨਊ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਰਹਿ ਚੁੱਕੇ ਸਨ। ਪ੍ਰੋ. ਬਰਾੜ ਦੇ 38 ਸਾਲਾ ਦੇ ਕਾਰਜਕਾਲ ਤੇ ਝਾਤ ਮਾਰੀਏ ਤਾਂ ਉਹ ਨਾ ਕੇਵਲ ਇਕ ਅਧਿਆਪਕ, ਵਿਗਿਆਨਿਕ ਤੇ ਤੌਰ ਤੇ ਬੁਲੰਦੀਆਂ ਤੇ ਪਹੁਚੇ ਸਗੋਂ ਉਹ ਇਹ ਸਫਲ ਪ੍ਰਸ਼ਾਸ਼ਕ ਦੇ ਰੂਪ ਵਿਚ ਵੀ ਸਾਹਮਣੇ ਆਏ। ਪ੍ਰੋ. ਬਰਾੜ ਨੇ ਸਿਖਿਆ ਅਤੇ ਖੋਜ ਦੇ ਖੇਤਰ ਵਿਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਵਿਚ ਕੰਮ ਕੀਤਾ। ਉਨ੍ਹਾਂ ਨੇ ਆਈ.ਆਈ.ਟੀ. ਦਿੱਲੀ ਵਿਚ ਕਮਿਸਟਰੀ ਦੇ ਐਸਿਸਟੈਂਟ ਪ੍ਰੋਫੈਸਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਪ੍ਰੋਫੈਸਰ ਦੇ ਉਚ ਦਰਜੇ ਤਕ ਆਪਣੀ ਕਾਬਲੀਅਤ ਸਦਕਾ ਪਹੁੰਚੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੁੂੰ ਵਾਈਸ-ਚਾਂਸਲਰ ਦੀ ਵਿਗਿਆਨਿਕ ਸੋਚ ਅਤੇ ਯੋਗ ਅਗਵਾਈ ਸਦਕਾ ਨਾ ਕੇਵਲ ਉਨਤੀ ਦੇ ਸ਼ਿਖਰ ‘ਤੇ ਪਹੁੰਚਾਇਆ ਗਿਆ ਸਗੋਂ ਯੂ.ਜੀ.ਸੀ. ਵਲੋਂ ਯੂਨੀਵਰਸਿਟੀ ਵਿਦ ਪੋਟੈਂਸ਼ਿਅਲ ਫਾਰ ਐਕਸੀਲੈਂਸ ਦਾ ਦਰਜਾ ਮਿਲਣ ਨਾਲ ਯੂਨੀਵਰਸਿਟੀ ਦਾ ਨਾਮ ਭਾਰਤ ਦੀਆਂ 10 ਉਚ ਪਧਰੀ ਯੂਨੀਵਰਸਿਟੀਆਂ ਵਿਚ ਸ਼ਾਮਲ ਹੋਇਆ। ਉਨ੍ਹਾਂ ਕਾਰਜਕਾਲ ਦੌਰਾਨ ਖੋਜ ਕਾਰਜਾਂ ਨੂੰ ਹੋਰ ਪ੍ਰਫੁਲੱਤ ਕਰਨ ਲਈ ਯੂ.ਜੀ.ਸੀ. ਅਤੇ ਹੋਰ ਅਦਾਰਿਆਂ ਵੱਲੋਂ ਕਰੋੜਾਂ ਰੁਪਇਆਂ ਦੀਆਂ ਗ੍ਰਾਂਟਾਂ ਵੀ ਮੰਜੂਰ ਕੀਤੀਆਂ ਗਈਆਂ।
ਪ੍ਰੋਫੈਸਰ ਬਰਾੜ ਦੀਆਂ ਕੋਸ਼ਿਸਾਂ ਸਦਕਾ ਹੀ ਭਾਰਤ ਸਰਕਾਰ ਦੇ ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰਾਲੇ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸੈਂਟਰ ਆਨ ਸਟੱਡੀਜ਼ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਥਾਪਤ ਕੀਤਾ ਗਿਆ, ਜੋ ਕਿ ਇਕ ਸੁੰਦਰ ਇਮਾਰਤ ਵਿਚ ਕਾਰਜਸ਼ੀਲ ਹੈ। ਵਾਈਸ-ਚਾਂਸਲਰ ਵਲੋਂ ਯੂਨੀਵਰਸਿਟੀ ਦੇ ਕੰਮ ਕਾਜ ਅਤੇ ਪ੍ਰੀਖਿਆਵਾਂ ਵਿਚ ਪਾਰਦਰਸ਼ਤਾ ਲਿਆਉਣ ਲਈ ਕ੍ਰੈਡਿਟ ਅਧਾਰਤ ਮੁਲੰਕਣ ਪ੍ਰਣਾਲੀ ਆਰੰਭ ਕਰਕੇ ਯੂਨੀਵਰਸਿਟੀ ਨੂੰ ਉੱਤਰੀ ਖੇਤਰ ਦੀ ਪਹਿਲੀ ਸਟੇਟ ਯੂਨੀਵਰਸਿਟੀ ਬਣਾਇਆ ਹੈ।
ਪ੍ਰੋ. ਬਰਾੜ ਨੇ ਪੰਜਾਬ ਦੇ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ਪ੍ਰੋ. ਕਪਤਾਨ ਸਿੰਘ ਸੋਲੰਕੀ ਅਤੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦਾ ਆਪਣੇ ਕਾਰਜਕਾਲ ਵਿਚ ਵਾਧਾ ਕਰਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਹੋਰ ਮਿਹਨਤ ਅਤੇ ਇਮਾਨਦਾਰੀ ਨਾਲ ਯੂਨੀਵਰਸਿਟੀ ਸਮੂਹ ਭਾਈਚਾਰੇ, ਸੈਨੇਟ ਮੈਂਬਰ, ਸਿੰਡੀਕੇਟ ਮੈਂਬਰ, ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਯੂਨੀਵਰਸਿਟੀ ਨੂੰ ਹੋਰ ਬੁਲੰਦੀਆਂ ‘ਤੇ ਲਜਾਉਣ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਯੂਨੀਵਰਸਿਟੀ ਦੇ ਸੀਨੀਅਰ ਫੈਕਲਟੀ ਮੈਂਬਰਾਂ ਅਤੇ ਅਫਸਰ ਐਸੋਸੀਏਸ਼ਨ ਨੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply