
ਅੰਮ੍ਰਿਤਸਰ, 16 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਪੰਜਾਬ ਸਰਕਾਰ ਵੱਲੋ ਝੋਨਾ ਲਾਉਣ ਦੀ ਮਿਥੀ ਤਰੀਕ ਤੋਂ ਬਾਅਦ ਇਲਾਕੇ ਵਿਚ ਝੋਨੇ ਦੀ ਫਸਲ ਲਵਾਈ ਨੇ ਜੋਰ ਫੜ ਲਿਆ ਹੈ।ਜਿਸ ਕਰਕੇ ਝੋਨੇ ਦੀ ਫਸਲ ਲਾਉਣ ਵਾਲੇ ਕਿਸਾਨਾ ਨੇ ਹੁਣ ਪਰਵਾਸੀ ਮਜ਼ਦੂਰਾਂ ਦੇ ਦਰ ਦੇ ਗੇੜੇ ਕੱਢਣੇ ਸ਼ੁਰੂ ਕਰ ਦਿੱਤੇ ਹਨ। ਭਾਵੇ ਕਿ ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋ ਝੋਨਾ ਲਾਉਣ ਲਈ 15 ਜੂਨ ਹੀ ਨਿਸ਼ਚਿਤ ਕੀਤੀ ਗਈ ਸੀ ਅਤੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਅਨਾਊਂਸਮੈਂਟ ਕਰਵਾ ਕੇ 15 ਤਰੀਕ ਤੋ ਪਹਿਲਾ ਝੋਨਾ ਲਾਉਣ ਵਾਲੇ ਕਿਸਾਨਾਂ ‘ਤੇ ਕਾਰਵਾਈ ਕੀਤੀ ਜਾਵੇਗੀ। ਪਰ ਬਹੁਤੇ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਨੂੰ ਟਿੱਚ ਜਾਣਦਿਆ ਆਪਣੇ ਖੇਤਾਂ ਵਿੱਚ ਪਹਿਲਾਂ ਹੀ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਇੱਕ ਪਾਸੇ ਪੰਜਾਬ ਸਰਕਾਰ ਦਾ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ 15 ਜੂਨ ਤੋ ਪਹਿਲਾ ਝੋਨਾ ਨਾ ਲਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ। ਜਦ ਕਿ ਪਾਵਰਕਾਮ ਨੇ 11 ਜੂਨ ਨੂੰ ਹੀ ਖੇਤੀ ਸੈਕਟਰ ਲਈ ਦਿੱਤੀ ਜਾਣ ਵਾਲੀ 8 ਘੰਟੇ ਸਪਲਾਈ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ। ਜਿਸ ਕਰਕੇ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਨੂੰ ਨਕਾਰਦਿਆਂ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਸੀ।ਜਿਸ ਕਰਕੇ ਝੋਨਾ ਲਾਉਣ ਵਾਲੇ ਪਰਵਾਸੀ ਮਜ਼ਦੂਰਾ ਦੇ ਦੋਨੋ ਹੱਥੀਂ ਲੱਡੂ ਹਨ।ਦੂਸਰਾ ਹਲਕੀ ਵਰਖਾ ਨੇ ਵੀ ਤਾਪਮਾਨ ਵਿੱਚ ਗਿਰਾਵਟ ਲਿਆਂਦੀ ਹੈ। ਕਿਸਾਨ ਬਖਸ਼ੀਸ਼ ਸਿੰਘ, ਬਖਤਾਵਰ ਸਿੰਘ, ਰਵਿੰਦਰ ਸਿੰਘ, ਮਹਿੰਗਾ ਸਿੰਘ, ਗੁਰਜੀਤ ਸਿੰਘ, ਕਰਮਵੀਰ ਸਿੰਘ ਨੇ ਮੰਗ ਕੀਤੀ ਕਿ ਝੋਨੇ ਦੀ ਫਸਲ ਦੀ ਪੈਦਾਵਾਰ ਲਈ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ।
Punjab Post Daily Online Newspaper & Print Media