ਸਾਂਡਰਸ ਦੇ ਕਤਲ ਸੰਬੰਧੀ ਦਰਜ਼ ਰਿਪੋਰਟ ਦੇ ਆਧਾਰ ‘ਤੇ ਭਾਰਤ ਕਰੇ ਬ੍ਰਿਟੇਨ ਸਰਕਾਰ ਵਿਰੁੱਧ ਕਾਰਵਾਈ
ਅੰਮ੍ਰਿਤਸਰ, 18 ਜੂਨ (ਪੰਜਾਬ ਪੋਸਟ ਬਿਊਰੋ) – ਲਾਹੌਰ ਦੇ ਜਿਸ ਅੰਗਰੇਜ਼ ਪੁਲਿਸ ਅਧਿਕਾਰੀ ਏ.ਐਸ.ਪੀ. ਜੋਨ ਪੀ. ਸਾਂਡਰਸ ਦੇ ਕਤਲ ਦੇ ਦੋਸ਼ ਵਿਚ 23 ਮਾਰਚ 1931 ਨੂੰ ਲਾਹੌਰ ਵਿਚ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ, ਉਸ ਸੰਬੰਧ ਵਿਚ ਦਰਜ਼ ਕੀਤੀ ਐਫ.ਆਈ.ਆਰ. ਵਿਚ ਸ਼ਹੀਦ ਭਗਤ ਸਿੰਘ ਦਾ ਨਾਂ ਦਰਜ਼ ਹੋਣਾ ਤਾਂ ਦੂਰ ਉਹਨਾਂ ਦੇ ਸੰਬੰਧ ਵਿਚ ਕੋਈ ਜਾਣਕਾਰੀ ਵੀ ਦਰਜ਼ ਨਹੀਂ ਹੈ।ਸਾਂਡਰਸ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦੇ ਸੰਬੰਧ ਵਿਚ 17 ਦਸੰਬਰ 1928 ਦੀ ਸ਼ਾਮ ਸਾਢੇ ਚਾਰ ਵਜੇ ਲਾਹੌਰ ਦੇ ਅਨਾਰਕਲੀ ਪੁਲਿਸ ਥਾਣੇ ਵਿਚ ਦਰਜ਼ ਕੀਤੀ ਗਈ ਐਫ.ਆਈ.ਆਰ. ਪੱਤਰਕਾਰਾਂ ਨੂੰ ਵਿਖਾਉਂਦਿਆਂ ਵੀਰਵਾਰ ਦੁਪਹਿਰ ਇਤਿਹਾਸਕਾਰ ਤੇ ਖੋਜ-ਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਦੱਸਿਆ ਕਿ ਉਰਦੂ ਵਿਚ ਦਰਜ਼ ਕੀਤੀ ਗਈ ਇਸ ਐਫ.ਆਈ.ਆਰ. ਵਿਚ ਹਤਿਆ ਕਰਨ ਵਾਲਿਆਂ ਦੇ ਸੰਬੰਧ ਵਿਚ ਸਿਰਫ਼ ਇਹੋ ਲਿਖਿਆ ਗਿਆ ਹੈ ਕਿ ਏ.ਐਸ.ਪੀ. ਜੋਨ ਪੀ. ਸਾਂਡਰਸ ਦਾ ਕਤਲ ਦੋ ਅਣਪਛਾਤੇ ਬੰਦੂਕਧਾਰੀਆਂ ਦੁਆਰਾ ਕੀਤਾ ਗਿਆ।
ਸ਼੍ਰੀ ਕੋਛੜ ਦੇ ਅਨੁਸਾਰ ਉਪਰੋਕਤ ਐਫ.ਆਈ.ਆਰ. ਨੰ. 164/28-17.12.1928 ਵਿਚ ਸਾਂਡਰਸ ਦੇ ਕਤਲ ਦੇ ਚਸ਼ਮਦੀਦ ਗਵਾਹ ਹੈੱਡ ਕਾਂਸਟੇਬਲ ਚੰਨਣ ਸਿੰਘ ਦੇ ਬਿਆਨ ਦੇ ਆਧਾਰ ‘ਤੇ ਦਰਜ਼ ਕੀਤਾ ਗਿਆ ਹੈ ਕਿ ਜਿਸ ਗੋਲੀ ਚਲਾਉਣ ਵਾਲੇ ਨੌਜਵਾਨ ਦਾ ਉਹ ਪਿੱਛਾ ਕਰ ਰਿਹਾ ਸੀ ਉਸਦਾ ਸਰੀਰ ਪਤਲਾ ਅਤੇ ਕੱਦ ਸਾਢੇ ਪੰਜ ਫੁਟ ਸੀ, ਉਸ ਦੀਆਂ ਛੋਟੀਆਂ-ਛੋਟੀਆਂ ਮੁੱਛਾਂ ਸਨ, ਉਸ ਨੇ ਸਲੇਟੀ ਰੰਗ ਦਾ ਕੁੜਤਾ ਤੇ ਚਿੱਟੇ ਰੰਗ ਦਾ ਪਜਾਮਾ ਪਹਿਨ ਰੱਖਿਆ ਸੀ ਅਤੇ ਸਿਰ ‘ਤੇ ਅੰਗਰੇਜ਼ੀ ਟੋਪ ਵਾਂਗੂ ਵਿਖਾਈ ਦਿੰਦਾ ਕਾਲੇ ਰੰਗ ਦਾ ਕੁਝ ਪਹਿਨ ਰੱਖਿਆ ਸੀ।ਸ਼੍ਰੀ ਕੋਛੜ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਦੁਆਰਾ ਆਪਣੇ ਅੰਨ੍ਹੇ ਕਾਨੂੰਨ ਦੇ ਚਲਦਿਆਂ ਮੌਕੇ ਦੇ ਗਵਾਹਾਂ ਦੇ ਬਿਆਨਾਂ ਨੂੰ ਨਜ਼ਰ-ਅੰਦਾਜ਼ ਕਰਦੇ ਹੋਏ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਉਸ ਕਤਲ ਦੇ ਦੋਸ਼ ਵਿਚ ਫਾਂਸੀ ‘ਤੇ ਲਟਕਾਇਆ ਗਿਆ, ਜੋ ਉਹਨਾਂ ਨੇ ਕੀਤਾ ਹੀ ਨਹੀਂ ਸੀ।ਉਹਨਾਂ ਕਿਹਾ ਕਿ ਭਾਰਤ ਸਰਕਾਰ ਨੂੰ ਉਪਰੋਕਤ ਐਫ.ਆਈ.ਆਰ. ਨੰ. 164/28 ਦੇ ਆਧਾਰ ‘ਤੇ ਆਜ਼ਾਦ ਭਾਰਤ ਦੀ ਸਰਬ-ਉੱਚ ਅਦਾਲਤ ਵਿਚ ਬ੍ਰਿਟਿਸ਼ ਸਰਕਾਰ ਦੇ ਉਪਰੋਕਤ ਫੈਸਲੇ ਦੇ ਵਿਰੁਧ ਮੁਕੱਦਮਾ ਦਰਜ਼ ਕਰਕੇ ਬ੍ਰਿਟੇਨ ਸਰਕਾਰ ਪਾਸੋਂ ਮਾਫ਼ੀ ਮੰਗਵਾਉਣੀ ਚਾਹੀਦੀ ਹੈ।
Punjab Post Daily Online Newspaper & Print Media
