Wednesday, March 25, 2026

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਨਸ਼ਾ ਵਿਰੋਧੀ ਸਮਾਗਮ ਆਯੋਜਿਤ

PPN2606201516

ਪਠਾਨਕੋਟ, 26 ਜੂਨ (ਪ.ਪ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੇਸ਼ ਨੂੰ ਨਸ਼ੇ ਦੀ ਲਾਹਨਤ ਤੋਂ ਬਚਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪਠਾਨਕੋਟ ਵੱਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਨਸ਼ਾ ਵਿਰੋਧੀ ਦਿਵਸ ਸਿਵਲ ਹਸਪਤਾਲ ਪਠਾਨਕੋਟ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅਨਿਲ ਮਹਿੰਦਰ ਸਿਵਲ ਸਰਜਨ, ਡਾ. ਭੁਪਿੰਦਰ ਸਿੰਘ ਐਸ.ਐਮ.ਓ., ਡਾ. ਸੋਨੀਆ ਮਿਸ਼ਰਾ, ਡਾ. ਸੁਸ਼ੀਲ ਡੋਗਰਾ ਜ਼ਿਲ੍ਹਾ ਟੀਕਾਕਰਨ ਅਫ਼ਸਰ, ਗੁਰਿੰਦਰ, ਵਿਜੇ ਪਾਸ਼ੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਅਤੇ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਨਸ਼ਾ ਨਾ ਕਰਨ ਦੀ ਸੁੰਹ ਵੀ ਚੁੱਕੀ।
ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਨਸ਼ਾ ਸਾਡੇ ਦੇਸ਼ ਦੀ ਨੌਜਵਾਨ ਪੀੜੀ ਨੂੰ ਘੁੰਮ ਵਾਂਗ ਅੰਦਰੋ ਅੰਦਰ ਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨਸ਼ੇ ਦੀ ਬਿਮਾਰੀ ਨੂੰ ਜੜੋ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਜ਼ਿਲ੍ਹਾ ਵਾਸੀ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਕਰ ਲੈਣ ਤਾਂ ਨਸ਼ੇ ਨੂੰ ਜੜੋ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਨਸ਼ਾ ਕਰਨ ਵਾਲਿਆਂ ਦੇ ਮਾਪਿਆਂ ਨੂੰ ਅੱਗੇ ਆ ਕੇ ਨਸ਼ਿਆ ਵਿਰੁੱਧ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਹਰ ਜ਼ਿਲ੍ਹੇ ਵਿੱਚ ਨਸ਼ਾ ਛਡਾਉ ਕੇਂਦਰ ਬਣਾਏ ਗਏ ਹਨ।
ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬੋਲਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜ਼ਿਲ੍ਹੇ ਵਿਚੋਂ ਨਸ਼ੇ ਨੂੰ ਖਤਮ ਕਰਨ ਲਈ ਵੱਖ ਵੱਖ ਥਾਵਾਂ ‘ਤੇ ਸੈਮੀਨਾਰ ਕਰਵਾਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਨਸ਼ੇੜੀਆਂ ਦੇ ਇਲਾਜ ਲਈ ਜ਼ਿਲ੍ਹੇ ਅੰਦਰ ਦੋ ਨਸ਼ਾ ਛਡਾਉ ਕੇਂਦਰ ਚਲ ਰਹੇ ਹਨ, ਜਿੱਥੇ ਨਸ਼ੇੜੀਆਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਸਵੈ ਸੇਵੀ ਜੱਥੇਬੰਦੀਆਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਨਸ਼ਾ ਕਰਨ ਵਾਲਿਆਂ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਇਕਲਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜਿੰਮੇਵਾਰੀ ਹੀ ਨਹੀਂ ਹੈ, ਸਗੋਂ ਇਸ ਨਾਮੁਰਾਦ ਬਿਮਾਰੀ ਨੂੰ ਜੜੋ ਖਤਮ ਕਰਨ ਲਈ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ।
ਡਾ. ਅਨਿਲ ਮਹਿੰਦਰ ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਨਸ਼ਾ ਛਡਾਉ ਕੇਂਦਰ ਵਿੱਚ ਨਸ਼ਾ ਕਰਨ ਵਾਲਿਆਂ ਦੇ ਇਲਾਜ ਦੇ ਨਾਲ ਨਾਲ ਮੁਫ਼ਤ ਸਲਾਹ ਵੀ ਦਿੱਤੀ ਜਾਂਦੀ ਹੈ ਤਾਂ ਜੋ ਅੱਗੇ ਜਾ ਕੇ ਮੁੜ ਨਸ਼ੇ ਦੇ ਜਾਲ ਵਿੱਚ ਨਾ ਫੱਸ ਸਕਣ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕਾਊਂਸਲਰ ਅਤੇ ਡਾਕਟਰ, ਸਟਾਫ਼ ਨਰਸ ਆਦਿ ਵੀ ਤਾਇਨਾਤ ਕੀਤੇ ਗਏ ਹਨ, ਜੋ ਇੰਨ੍ਹਾਂ ਕੇਂਦਰਾਂ ਵਿੱਚ ਸੇਵਾ ਨਿਭਾ ਰਹੇ ਹਨ। ਡਾ. ਸੋਨੀਆ ਮਿਸ਼ਰਾ ਮੈਡੀਕਲ ਅਫ਼ਸਰ ਨੇ ਨਸ਼ੇ ਦੇ ਸਿਹਤ ਉਪਰ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਾ ਵਿਅਕਤੀ ਨੂੰ ਮਾਨਸਿਕ, ਸਰੀਰਿਕ ਅਤੇ ਆਰਥਿਕ ਤੌਰ ਕਮਜ਼ੋਰ ਕਰ ਦਿੰਦਾ ਹੈ।  ਇਸ ਤੋਂ ਉਪਰੰਤ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਅਤੇ ਡਾ. ਅਨਿਲ ਮਹਿੰਦਰ ਸਿਵਲ ਸਰਜਨ ਨੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਚੱਲ ਰਹੇ ਨਸ਼ਾ ਛਡਾਉ ਕੇਂਦਰ ਦਾ ਦੌਰਾ ਕੀਤਾ ਅਤੇ ਨਸ਼ੇੜੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply