ਕਿਸੇ ਵੀ ਸ੍ਰੋਮਣੀ ਕਮੇਟੀ ਮੈਂਬਰ ਅਤੇ ਸਿੰਘ ਸਾਹਿਬਾਨਾਂ ਵਲੋਂ ਹਾਲ ਚਾਲ ਨਾ ਪੁੱਛਣਾ ਅਤਿ ਨਿੰਦਨਯੋਗ- ਭਾਈ ਅਲੀਪੁਰ ਖਾਲਸਾ

ਅਹਿਮਦਗੜ੍ਹ/ਸੰਦੌੜ, 30 ਜੂਨ (ਹਰਮਿੰਦਰ ਸਿੰਘ) – ਬੀਤੇ ਕਈ ਮਹੀਨਿਆਂ ਤੋ ਸਿੱਖ ਕੌਮ ਦੇ ਜੁਝਾਰੂ ਬਜ਼ੁੱਰਗ ਯੋਧਾ ਬਾਪੂ ਸੂਰਤ ਸਿੰਘ ਜਿਨ੍ਹਾਂ ਦੇ ਨਿਸ਼ਚੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖੀ ਭੁੱਖ ਹੜਤਾਲ ਨੂੰ ਪੰਥਕ ਅਖਵਾਉਣ ਵਾਲੀ ਸਰਕਾਰ ਦੇ ਮੁਹਤਬਰ ਲੀਡਰ ਅਤੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਕੋਈ ਵੀ ਮੈਂਬਰ ਅਤੇ ਜਥੇਦਾਰ ਸਾਹਿਬਾਨਾਂ ਵੱਲੋਂ ਉਨ੍ਹਾਂ ਦੀ ਅੰਤਿਮ ਹਾਲਤਾਂ ‘ਤੇ ਪਹੁੰਚੀ ਸਿਹਤ ਬਾਰੇ ਹਾਲ ਚਾਲ ਅਤੇ ਉਨ੍ਹਾਂ ਨੂੰ ਭਰੋਸਾ ਨਾ ਦੇਣਾ ਅਤਿ ਨਿੰਦਣਯੋਗ ਗੱਲ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਦੇ ਮੁੱਖ ਸੇਵਾਦਾਰ ਅਤੇ ਸਿੱਖੀ ਦੇ ਪ੍ਰਚਾਰ ਅਤੇ ਪਾਸਾਰ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਈ ਮਨਪ੍ਰੀਤ ਸਿੰਘ ਨੇ ਇੱਕ ਧਾਰਮਿਕ ਸਮਾਗਮ ਉਪਰੰਤ ਸੰਦੌੜ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਸਾਂਝੇ ਤੌਰ ਤੇ ਕੀਤਾ।ਉਨ੍ਹਾਂ ਕਿਹਾ ਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਨੂੰ ਸਖ਼ਤੀ ਨਾਲ ਪਹੁੰਚਾਉਣ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ ਅਤੇ ਸਮੂਹ ਪੰਥ ਦਰਦੀਆਂ ਨੂੰ ਇੱਕ ਜੁੱਟ ਹੋ ਕੇ ਮਿਤੀ 6 ਜੁਲਾਈ ਨੂੰ ਬਾਪੂ ਦੇ ਪਿੰਡ ਹਸਨਪੁਰ ਵਿਖੇ ਪੰਥਕ ਇਕੱਠ ਵਿਚ ਇਕੱਠਿਆਂ ਹੋ ਕੇ ਸਰਕਾਰ ਦੀਆਂ ਸਿੱਖ ਕੌਮ ਲਈ ਵਰਤੀਆਂ ਜਾ ਰਹੀਆਂ ਮਾਰੂ ਨੀਤੀਆਂ ਨੂੰ ਕਰਾਰਾ ਜਵਾਬ ਦਿੱਤਾ ਜਾ ਸਕੇ ।
ਭਾਈ ਮਨਪ੍ਰੀਤ ਸਿੰਘ ਨੇ ਸਿੱਖ ਪੰਥਕ ਦਰਦੀਆਂ ਨੂੰ ਅਪੀਲ ਕੀਤੀ ਕਿ ਪੰਥਕ ਇਕੱਠ ਵਿਚ ਆਪੋ ਆਪਣੇ ਇਲਾਕੇ ਵਿਚੋਂ ਵੱਡੀ ਗਿਣਤੀ ਵਿਚ ਸਿੰਘਾਂ ਦਾ ਜਥਾ ਬਣਾ ਕੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ।ਇਸ ਮੌਕੇ ਉਨ੍ਹਾਂ ਨਾਲ ਭਾਈ ਜਗਜੀਤ ਸਿੰਘ ਹੇੜੀਕੇ, ਟਕਸਾਲੀ ਸਿੰਘ ਭਾਈ ਜਸਵਿੰਦਰ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਗੁਰਸੇਵਕ ਸਿੰਘ, ਭਾਈ ਮੀਕਾ ਸਿੰਘ, ਭਾਈ ਲਾਡੀ ਸਿੰਘ ਪੰਜਗਰਾਈਆਂ ਤੋ ਇਲਾਵਾ ਅਸਥਾਨ ਦੇ ਸੇਵਾਦਾਰ ਅਤੇ ਸਿੱਖ ਸੰਗਤ ਹਾਜ਼ਰ ਸਨ।
Punjab Post Daily Online Newspaper & Print Media