ਫਾਜ਼ਿਲਕਾ ਜ਼ਿਲ੍ਹੇ ਵਿਚ ਡਿਜੀਟਲ ਇੰਡੀਆ ਹਫ਼ਤੇ ਦੀ ਹੋਈ ਸ਼ੁਰੂਆਤ

ਫਾਜ਼ਿਲਕਾ, 3 ਜੁਲਾਈ (ਵਿਨੀਤ ਅਰੋੜਾ) – ਡਿਜੀਟਲ ਇੰਡੀਆ ਸਪਤਾਹ ਕੇਂਦਰ ਸਰਕਾਰ ਦੁਆਰਾ 1 ਤੋਂ 7 ਜੁਲਾਈ ਤੱਕ ਐਨਆਈਸੀ ਦੇ ਸਹਿਯੋਗ ਨਾਲ ਦੇਸ਼ ਦੇ ਹਰ ਜ਼ਿਲ੍ਹੇ ਵਿਚ ਮਨਾਇਆ ਜਾ ਰਿਹਾ ਹੈ। ਇਕ ਜੁਲਾਈ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਇਸ ਦਾ ਸ਼ੁੱਭ ਆਰੰਭ ਕਰਨ ਤੋਂ ਬਾਅਦ 2 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਵਿਚ ਇਸ ਦਾ ਸ਼ੁੱਭ ਆਰੰਭ ਕੀਤਾ। ਇਸ ਹਫ਼ਤੇ ਤਹਿਤ ਹੀ ਅੱਜ ਡਿਜੀਟਲ ਇੰਡੀਆ ਸਪਤਾਹ ਦੀ ਸ਼ੁਰੂਆਤ ਅੱਜ ਇੱਥੇ ਸਿਟੀ ਗਾਰਡਨ ਪੈਲੇਸ ਵਿਚ ਵਧੀਕ ਡਿਪਟੀ ਕਮਿਸ਼ਨਰ ( ਵਿਕਾਸ ) ਸ਼੍ਰੀ ਸੁਮਿਤ ਜਾਰੰਗਲ ਆਈ.ਏ.ਐਸ. ਨੇ ਕੀਤੀ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਵੱਡੇ ਪੱਧਰ ਤੇ ਆਮ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ।
ਸ੍ਰੀ ਜਾਰੰਗਲ ਨੇ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਤਕਨੀਕ ਦੇ ਇਸ ਯੁੱਗ ਵਿਚ ਹਰ ਇਨਸਾਨ ਕੰਪਿਊਟਰ ਤੱਕ ਆਪਣੀ ਪਹੁੰਚ ਬਣਾਵੇ। ਇਸ ਨਾਲ ਆਉਣ ਵਾਲੇ ਸਮੇਂ ਵਿਚ ਸਰਕਾਰ ਦੀਆਂ ਸਾਰੀਆਂ ਨਾਗਰਿਕ ਸੇਵਾਵਾਂ ਜੋ ਕਿ ਸਰਕਾਰ ਆਨਲਾਈਨ ਉਪਲਬੱਧ ਕਰਵਾਉਣ ਜਾ ਰਹੀ ਹੈ ਦਾ ਲਾਭ ਲੋਕ ਆਪਣੇ ਪੱਧਰ ਤੇ ਲੈ ਸਕਣਗੇ। ਇਨ੍ਹਾਂ ਸੁਵਿਧਾਵਾਂ ਤਹਿਤ ਨਾਗਰਿਕ ਘਰ ਬੈਠੇ ਹੀ ਆਪਣੀ ਅਰਜੀ ਭੇਜ ਸਕਣਗੇ। ਉਨ੍ਹਾਂ ਕਿਹਾ ਕਿ ਈ-ਸਰਕਾਰ ਪ੍ਰੋਜੈਕਟ ਨਾਲ ਸਰਕਾਰੀ ਦਫ਼ਤਰਾਂ ਵਿਚ ਕੰਮਕਾਜ ਦੀ ਰਫਤਾਰ ਵਧੇਗੀ ਅਤੇ ਇਸ ਨਾਲ ਕੰਮਕਾਜ ਵਿਚ ਪਾਰਦਰਸ਼ਤਾ ਵੀ ਆਵੇਗੀ । ਜਿਸ ਨਾਲ ਆਮ ਲੋਕਾਂ ਦੀਆਂ ਮੁਸਕਿਲਾਂ ਘੱਟਣਗੀਆਂ। ਉਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਵੀ ਕਿਹਾ ਕਿ ਉਹ ਆਪਣੇ ਆਪ ਨੂੰ ਈ- ਸਰਕਾਰ ਤਕਨੀਕ ਦੇ ਹਾਣ ਦਾ ਬਣਾਉਣ ਅਤੇ ਇਸ ਪ੍ਰੋਜੈਕਟ ਨੂੰ ਤਨਦੇਹੀ ਨਾਲ ਲਾਗੂ ਕਰਨ। ਉਨ੍ਹਾਂ ਨੇ ਕਿਹਾ ਕਿ ਇਸ ਹਫ਼ਤੇ ਦੌਰਾਨ ਵੱਖ ਵੱਖ ਬ੍ਰਾਂਚਾਂ ਦੇ ਕਰਮਚਾਰੀਆਂ ਨੂੰ ਈ. ਸਰਕਾਰ ਪ੍ਰੋਜੈਕਟ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਈ ਸਰਕਾਰ ਪ੍ਰੋਜੈਕਟ ਦੇ ਜ਼ਿਲਾ ਸੂਚਨਾ ਅਧਿਕਾਰੀ ( ਐਨਆਈਸੀ ) ਸ੍ਰੀ ਰਾਹੁਲ ਗਰਗ ਨੇ ਦੱਸਿਆ ਕਿ ਇਸ ਹਫਤੇ ਦੌਰਾਨ ਵੱਖ ਵੱਖ ਵਿਭਾਗਾਂ ਵੱਲੋਂ ਲੋਕਾਂ ਨੂੰ ਡਿਜੀਟਲ ਕ੍ਰਾਂਤੀ ਬਾਰੇ ਜਾਗਰੂੁਕ ਕਰਨ ਲਈ ਗਤੀਵਿਧੀਆਂ ਕੀਤੀ ਜਾਣਗੀਆਂ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਦੀ ਸਹੁਲਤ ਲਈ ਸ਼ੁਰੂ ਕੀਤੀਆਂ ਸਕੀਮਾਂ ਬਾਰੇ ਇਕ ਲਘੂ ਫਿਲਮ ਵੀ ਵਿਖਾਈ ਗਈ। ਇਸ ਮੌਕੇ ਡਿਜੀਟਲ ਲਾਕਰ ਦੀ ਸਹੂਲਤ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ( ਵਿਕਾਸ ) ਸ੍ਰੀ ਸੁਮਿਤ ਜਾਰੰਗਲ ਨੇ ਵੈਬ ਪੋਰਟਲ ਈ.ਪੀ.ਐਮ.ਐਸ (ਇਲੈਕਟ੍ਰਾਨਿਕ ਪ੍ਰਾਜੈਕਟਸ ਮੈਨੇਜਮੈਂਟ ਸਿਸਟਮ) ਸ਼ੁਰੂਆਤ ਕੀਤੀ
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਪੀ ਸ. ਮੁਕੰਦ ਸਿੰਘ ਮੱਲੀ, ਸਿਵਲ ਸਰਜਨ ਡਾ. ਵਾਈ ਕੇ ਗੁਪਤਾ, ਐਸ.ਡੀ.ਐਮ. ਸ਼੍ਰੀ ਸੁਭਾਸ਼ ਖੱਟਕ, ਸਹਾਇਕ ਕਮਿਸ਼ਨਰ ਕੁਲਪ੍ਰੀਤ ਸਿੰਘ, ਨਗਰ ਕੌਂਸਲ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਧੂੜੀਆ, ਸ. ਸਤਿੰਦਰ ਸਿੰਘ ਸਵੀ ਕਾਠਪਾਲ, ਐਕਸੀਅਨ ਵਾਟਰ ਸਪਲਾਈ ਨਰਿੰਦਰ ਕੁਮਾਰ ਆਦਿ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
Punjab Post Daily Online Newspaper & Print Media