
ਹੁਸ਼ਿਆਰਪੁਰ, 3 ਜੁਲਾਈ (ਸਤਵਿੰਦਰ ਸਿੰਘ) – ਸਵੱਛ ਭਾਰਤ ਮਿਸ਼ਨ ਅਧੀਨ ਹਲਕਾ ਚੱਬੇਵਾਲ ਵਿੱਚ ਪੈਂਦੇ ਪਿੰਡਾਂ ਨੂੰ ਖੁੱਲੇ ਵਿੱਚ ਸ਼ੋਚ ਮੁਕਤ ਕਰਨ ਸਬੰਧੀ ਕੰਮਾਂ ‘ਤੇ 16 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਇਸ ਹਲਕੇ ਵਿੱਚ 60 ਲੱਖ ਰੁਪਏ ਖਰਚ ਕਰਕੇ ਛੋਟੇ ਪੁੱਲਾਂ/ਪੁੱਲੀਆਂ ਦੀ ਮੁਰੰਮਤ ਵੀ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੈਰ ਸਪਾਟਾ ਤੇ ਸਭਿਆਚਾਰ ਮਾਮਲੇ ਮੰਤਰੀ ਪੰਜਾਬ ਸz: ਸੋਹਨ ਸਿੰਘ ਠੰਡਲ ਨੇ ਅੱਜ 6 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਪਿੰਡ ਹਾਰਟਾ ਬੱਡਲਾ ਦੇ ਕਮਿਊਨਿਟੀ ਹੈਲਥ ਸੈਂਟਰ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਹਲਕੇ ਦੀਆਂ ਲਿੰਕ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਆਵਾਜਾਈ ਲਈ ਬੇਹਤਰ ਸਹੂਲਤਾਂ ਮਿਲ ਸਕਣ। ਉਨ੍ਹਾਂ ਦੱਸਿਆ ਕਿ ਇਸ ਹਲਕੇ ਵਿੱਚ ਸਿਹਤ ਸਹੂਲਤਾਂ ਦੇਣ ਲਈ ਲੋਕਾਂ ਵੱਲੋਂ ਕਾਫ਼ੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਅੱਜ ਪੂਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਮਿਉਨਿਟੀ ਸੈਂਟਰ ਦੀ ਇਮਾਰਤ ਦਾ ਖੇਤਰਫਲ 2500 ਸਕੇਅਰ ਮੀਟਰ ਹੈ ਅਤੇ ਪਹਿਲੀ ਮੰਜਿਲ ਦਾ 1000 ਸਕੇਅਰ ਮੀਟਰ ਦੇ ਹਿਸਾਬ ਨਾਲ ਨਿਰਮਾਣ ਕੀਤਾ ਗਿਆ ਹੈ। ਇਸ ਕਮਿਊਨਿਟੀ ਹੈਲਥ ਸੈਂਟਰ ਵਿੱਚ ਮਰੀਜ਼ਾ ਲਈ 30 ਬੈਡ ਦੀ ਸਹੂਲਤ ਉਪਲਬਧ ਹੈ। ਇਸ ਵਿੱਚ ਚਾਰ ਆਪ੍ਰੇਸ਼ਨ ਥਿਅੇਟਰ ਮੌਜੂਦ ਹਨ ਜਿਸ ਵਿੱਚੋਂ 2 ਰੈਗੂਲਰ, ਇੱਕ ਕੈਜੂਇਲਟੀ ਅਤੇ 1 ਜਣੇਪੇ ਵਾਸਤੇ ਰਾਖਵਾਂ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਇਛੱਕ ਮਰੀਜ਼ਾਂ ਲਈ ਨਿਜੀ ਕਮਰਿਆਂ ਦੀ ਸਹੂਲਤ ਵੀ ਉਪਲਬਧ ਹੈ। ਸz: ਠੰਡਲ ਨੇ ਦੱਸਿਆ ਕਿ ਡਾਕਟਰੀ ਪੇਸ਼ੇ ਵਿੱਚ ਕੰਮ ਕਰ ਰਹੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਆਪਣੇ ਕੰਮ ਨੂੰ ਨੈਤਿਕ ਫਰਜ਼ ਸਮਝਦੇ ਹੋਏ ਆਪਣੀ ਡਿਊਟੀ ਨੂੰ ਨਿਭਾਉਣ ਕਿਉਂਕਿ ਡਾਕਟਰੀ ਪੇਸ਼ਾ ਪੂਰੀ ਤਰ੍ਹਾਂ ਮਾਨਵ ਭਲਾਈ ਨੂੰ ਸਮਰਪਿਤ ਸਮਝਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕਮਿਉਨਿਟੀ ਹੈਲਥ ਸੈਂਟਰ ਜਨ ਹਿੱਤ ਲਈ ਉਸਾਰਿਆ ਗਿਆ ਹੈ ਅਤੇ ਇਸ ਦੇ ਰੱਖ-ਰਖਾਓ ਦੀ ਜਿੰਮੇਵਾਰੀ ਸਭ ਦੀ ਸਾਂਝੇ ਰੂਪ ਵਿੱਚ ਬਣਦੀ ਹੈ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਵੱਲੋਂ ਚਲਾਈ ਜਾ ਰਹੀ ਸਾਫ-ਸਫਾਈ ਮੁਹਿੰਮ ਦਾ ਜਿਕਰ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਘਰਾਂ, ਇਲਾਕੇ ਅਤੇ ਚੌਗਿਰਦੇ ਵਿੱਚ ਸਾਫ-ਸਫਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਬਿਜਲੀ ਅਤੇ ਪਾਣੀ ਵਰਗੇ ਸੋਮਿਆਂ ਦੀ ਵਰਤੋਂ ਵੀ ਸੀਮਤ ਰੂਪ ਵਿੱਚ ਕਰਨ ਲਈ ਕਿਹਾ। ਸz: ਠੰਡਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 4 ਨਵੀਆਂ ਜੇਲ੍ਹਾਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਦਾ 70ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਪਹਿਲੀਆਂ ਜੇਲ੍ਹਾਂ ਦੀਆਂ ਬੈਰਕਾਂ ਦਾ ਵੀ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਸਟਾਫ਼ ਦੀ ਕਮੀ ਨੂੰ ਵੀ ਪੂਰਾ ਕੀਤਾ ਜਾਵੇਗਾ। ਇਸ ਤੋਂ ਉਪਰੰਤ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਨੇ ਵਿਧਾਨ ਸਭਾ ਹਲਕਾ ਚੱਬੇਵਾਲ ਦੇ 7 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ 20 ਲੱਖ ਰੁਪਏ ਦੇ ਚੈਕ ਵੀ ਤਕਸੀਮ ਕੀਤੇ ਜਿਨ੍ਹਾਂ ਵਿੱਚ ਪਿੰਡ ਹਾਰਟਾ ਤੇ ਬੱਡਲਾ ਨੂੰ 4-4 ਲੱਖ, ਪਿੰਡ ਚਿੱਤੋਂ ਤੇ ਜੱਲੋਵਾਲ ਨੂੰ 3-3 ਲੱਖ ਅਤੇ ਪਿੰਡ ਖਨੂਰ, ਖੇੜਾਂ ਤੇ ਸੀਣਾ ਨੂੰ 2-2 ਲੱਖ ਰੁਪਏ ਦੇ ਚੈਕ ਸ਼ਾਮਲ ਹਨ। ਸਮਾਗਮ ਵਿੱਚ ਸੰਬੋਧਨ ਦੌਰਾਨ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਡਾ.ਐਚ.ਐਸ. ਬਾਲੀ ਨੇ ਆਮ ਲੋਕਾਂ ਨੂੰ ਅਤੇ ਵਿਸ਼ੇਸ਼ਕਰ ਗਰਭਵਤੀ ਮਾਵਾਂ ਅਤੇ ਬੱਚਿਆਂ ਲਈ ਤਿਆਰ ਕੀਤੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ ਤਾਂ ਜੋ ਜੱਚਾ-ਬੱਚਾ ਸਿਹਤ ਸੁਵਿਧਾਵਾਂ ਦੀ ਟੀਚਾ ਸੌ ਫੀਸਦੀ ਤੱਕ ਹਾਸਿਲ ਕੀਤਾ ਜਾ ਸਕੇ। ਉਨ੍ਹਾਂ ਇਸ ਮੌਕੇ ਹਾਜਿਰ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਤਾਂ ਜੋ ਇਨ੍ਹਾਂ ਸਿਹਤ ਕੇਂਦਰਾਂ ਦੇ ਨਵੀਨੀਕਰਣ ਦੀ ਸਾਰਥਕਤਾ ਬਣਾਈ ਰੱਖੀ ਜਾ ਸਕੇ। ਡਾ.ਬਾਲੀ ਨੇ ਕਿਹਾ ਕਿ ਜਲਦ ਹੀ ਇਸ ਸੀ.ਐਚ.ਸੀ. ਲਈ ਵੱਖ-ਵੱਖ ਮਾਹਿਰ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀ ਭਰਤੀ ਕੀਤੀ ਜਾਵੇਗੀ ਤਾਂ ਜੋ ਸਿਹਤ ਸਹੂਲਤਾਂ ਨੂੰ ਸੁਚਾਰੂ ਤਰੀਕੇ ਨਾਲ ਪੂਰਣ ਕੀਤਾ ਜਾ ਸਕੇ। ਸਮਾਗਮ ਦੌਰਾਨ ਸਿਵਲ ਸਰਜਨ ਡਾ.ਸੰਜੀਵ ਬਬੂਟਾ ਨੇ ਦੱਸਿਆ ਕਿ ਕਮਿਊਮਿਟੀ ਹੈਲਥ ਸੈਂਟਰ ਨੂੰ ਜਨਹਿੱਤ ਵਿੱਚ ਸਮਰਪਿਤ ਕਰਨਾ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿਵਾਇਆ ਕਿ ਜਿਸ ਆਧੁਨਿਕ ਅਤੇ ਤਕਨੀਕੀ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਇਸ ਬਿਲਡਿੰਗ ਦਾ ਨਿਰਮਾਣ ਕੀਤਾ ਗਿਆ ਹੈ ਉਸ ਖੇਤਰ ਅਧੀਨ ਲੋਕਾਂ ਨੂੰ ਜਮੀਨੀ ਪੱਧਰ ਤੱਕ ਬੇਹਤਰ ਸਿਹਤ ਸਹਲੂਤਾਂ ਦੇਣ ਲਈ ਸਿਹਤ ਵਿਭਾਗ ਦੇ ਸਮੂਹ ਸਟਾਫ ਮੈਂਬਰਾਂ ਵੱਲੋਂ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਲੋਕ ਭਲਾਈ ਹਿੱਤ ਕਾਰਜ ਕੀਤੇ ਜਾਣਗੇ। ਇਸ ਸੀ.ਐਚ.ਸੀ. ਜਿਲ੍ਹੇ ਦੀਆਂ ਲਗਭਗ 5 ਲਿੰਕ ਸੜਕਾਂ ਨਾਲ ਜੁੜੀ ਹੋਣ ਕਾਰਣ 50 ਤੋਂ ਵੱਧ ਪਿੰਡਾਂ ਦੇ ਲਗਭਗ 1 ਲੱਖ 50 ਹਜਾਰ ਦੇ ਨਿਵਾਸੀ ਲੋੜ ਪੈਣ ਤੇ ਵੱਖ-ਵੱਖ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਦੀਆਂ ਸੇਵਾਵਾਂ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਸਿਹਤ ਸੇਵਾਵਾਂ ਦੇ ਹਰ ਖੇਤਰ ਵਿੱਚ ਬਲਾਕ ਹਾਰਟਾ ਬੱਡਲਾ ਦਾ ਪ੍ਰਦਰਸ਼ਨ ਵਧੀਆ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਬੇਹਤਰ ਸੇਵਾਵਾਂ ਦੇ ਮਿਆਰ ਨੂੰ ਬਣਾਈ ਰੱਖਣ ਲਈ ਯੋਗ ਯਤਨ ਜਾਰੀ ਰਹਿਣਗੇ।ਇਸ ਮੌਕੇ ਐਸ ਡੀ ਐਮ ਹੁਸ਼ਿਆਰਪੁਰ ਅਨੰਦ ਸਾਗਰ ਸ਼ਰਮਾ, ਡੀ ਐਸ ਪੀ ਹਰਦੀਪ ਕੁਮਾਰ, ਤਹਿਸੀਲਦਾਰ ਬਲਜਿੰਦਰ ਸਿੰਘ, ਕਾਰਜਕਾਰੀ ਇੰਜੀ: ਵਿਜੇ ਕੁਮਾਰ, ਸੀਨੀਅਰ ਮੈਡੀਕਲ ਅਫਸਰ ਡਾ.ਸੁਰਿੰਦਰ ਸਿੰਘ ਦਰਦੀ, ਡਾ. ਅਜੇ ਬੱਗਾ, ਕਾਰਜਕਾਰੀ ਇੰਜੀਨੀਅਰ ਰਮਤੇਸ਼ ਸਿੰਘ ਬੈਂਸ, ਐਸ ਸੀ ਸਿਹਤ ਵਿਭਾਗ ਐਚ ਐਸ ਚਾਹਲ, ਮਾਸ ਮੀਡੀਆ ਅਫ਼ਸਰ ਸੁਖਵਿੰਦਰ ਢਿਲੋਂ, ਸੁਨੀਲ ਪ੍ਰਇਏ, ਰਵਿੰਦਰ ਠੰਡਲ, ਪਰਮਜੀਤ ਸਿੰਘ ਪੰਜੌੜ, ਇਕਬਾਲ ਸਿੰਘ ਖੇੜਾ, ਮਾਸਟਰ ਰਛਪਾਲ ਸਿੰਘ, ਸਤਨਾਮ ਸਿੰਘ ਬੰਟੀ, ਚੇਅਰਪਰਸਨ ਸੰਤੋਸ਼ ਕੁਮਾਰੀ, ਅਮਨਿੰਦਰ ਕੌਰ, ਪਵਿੱਤਰ ਸਿੰਘ, ਜੱਸਾ ਸਿੰਘ, ਹਰਜਾਪ ਸਿੰਘ ਮੱਖਣ, ਲਵਲੀ ਬੱਡਲਾ, ਸਰਪੰਚ ਜਸਬੀਰ ਸਿੰਘ, ਸੁਖਵਿੰਦਰ ਸਿੰਘ ਨੰਬਰਦਾਰ, ਓਂਕਾਰ ਸਿੰਘ ਬੱਡਲਾ, ਜੱਸਾ ਸਿੰਘ ਮਰਨਾਈਆਂ, ਕੁਲਦੀਪ ਕੁਮਾਰ ਲਵਲੀ, ਜਸਵੰਤ ਸਿੰਘ, ਕੁਲਦੀਪ ਸਿੰਘ, ਗੁਰਮੀਤ ਫੁਗਲਾਣਾ, ਹਰਬੰਸ ਸਿੰਘ ਹਾਰਟਾ, ਮੇਜਰ ਸਿੰਘ, ਸਿਹਤ ਇੰਸਪੈਕਟਰ ਰਣਜੀਤ, ਉੱਘੀਆਂ ਰਾਜਨੀਤਕ ਸ਼ਖਸੀਅਤਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀ, ਕਰਮਚਾਰੀ ਅਤੇ ਹਾਰਟਾ ਬੱਡਲਾ ਦੇ ਮੈਡੀਕਲ ਅਫਸਰ ਅਤੇ ਸਮੂਹ ਪੈਰਾਮੈਡੀਕਲ ਸਟਾਫ ਹਾਜ਼ਰ ਸਨ।
Punjab Post Daily Online Newspaper & Print Media