ਮੁੱਖ ਮੰਤਰੀ ਬਣਨ ਦੀ ਚਾਹਤ ਵਿੱਚ ਕੈਪਟਨ ਬੇਤੁੱਕੀ ਬਿਆਨਬਾਜੀ ਕਰ ਰਿਹਾ

ਅੰਮ੍ਰਿਤਸਰ, 5 ਜੁਲਾਈ (ਹਰਿੰਦਰਪਾਲ ਸਿੰਘ) ‘ਅਕਾਲੀ-ਭਾਜਪਾ ਦਾ ਪਵਿੱਤਰ ਅਤੇ ਗਹਿਰਾ ਰਿਸ਼ਤਾ ਹੈ ਇਸ ਵਿੱਚ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਲੋਕ ਸਭਾ ਮੈਂਬਰ ਕੈਪਟਨ ਅਮਰਿੰਦਰ ਸਿੰਘ ਕਿਸੇ ਕਿਸਮ ਦੀ ਵੀ ਦਰਾੜ ਪੈਦਾ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਦਾ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸz ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਹਲਕਾ ਜੰਡਿਆਲਾ ਦੇ ਤਿੰਨ ਰੋਜਾ ਸੰਗਤ ਦਰਸ਼ਨ ਦੇ ਆਖਰੀ ਦਿਨ ਬੰਡਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਦੀ ਚਾਹਤ ਵਿੱਚ ਕੈਪਟਨ ਬੇਤੁੱਕੀ ਬਿਆਨਬਾਜੀ ਕਰ ਰਿਹਾ ਹੈ ਜੋ ਕਿ ਨਾਂ ਤਾਂ ਸੱਚ ਦੇ ਨੇੜੇ ਹੈ ਅਤੇ ਨਾ ਹੀ ਰਾਜ ਅਤੇ ਲੋਕਾਂ ਦੇ ਹਿੱਤ ਵਿੱਚ। ਸz ਬਾਦਲ ਨੇ ਕਿਹਾ ਕਿ ਕਾਂਗਰਸ ਦੀ ਸ਼ੁਰੂ ਤੋਂ ਹੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਰਹੀ ਹੈ ਅਤੇ ਇਸੇ ਤਰਜ ਤੇ ਚੱਲਦਾ ਕੈਪਟਨ ਵੀ ਅਕਾਲੀ-ਭਾਜਪਾ ਗਠਜੋੜ ਨੂੰ ਤੋੜਣ ਦਾ ਸੁਪਨਾ ਲੈ ਰਿਹਾ ਹੈ। ਸz ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਭਾਈਚਾਰਕ ਸਾਂਝ ਹੈ ਨਾ ਕਿ ਕਿਸੇ ਮੁਫਾਦ ਤਹਿਤ ਕੀਤਾ ਗਿਆ ਗਠਜੋੜ।
ਰਾਜ ਦੀ ਆਰਥਿਕ ਹਾਲਤ ਨੂੰ ਲੈ ਕੇ ਕੈਪਟਨ ਵੱਲੋਂ ਕੀਤੀ ਜਾ ਰਹੀ ਬਿਆਨਬਾਜੀ ਬਾਰੇ ਪੁੱਛੇ ਜਾਣ ਤੇ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਸਾਡੀ ਸਰਕਾਰ ਦੀ ਗੱਲ ਕਰਨ ਤੋਂ ਪਹਿਲਾਂ ਇਹ ਦੱਸੇ ਕਿ ਉਸ ਨੇ ਰਾਜ ਦਾ ਮੁੱਖ ਮੰਤਰੀ ਹੁੰਦੇ ਹੋਏ ਲੋਕਾਂ ਦੀ ਭਲਾਈ ਲਈ ਕੀ ਕੀਤਾ ਸੀ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਉਸ ਨੇ ਮੁੱਖ ਮੰਤਰੀ ਬਣਦੇ ਸਾਰ ਕਿਸਾਨਾਂ ਨੂੰ ਦਿੱਤੀ ਮੁਫਤ ਬਿਜਲੀ ਦੀ ਸਹੂਲਤ ਵੀ ਵਾਪਸ ਲੈ ਲਈ ਸੀ ਜਦ ਕਿ ਸਾਡੀ ਸਰਕਾਰ ਹਰ ਸਾਲ ਕਿਸਾਨਾਂ ਨੂੰ ਖੇਤੀ ਲਈ ਅਤੇ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਮੁਫਤ ਬਿਜਲੀ ਦਾ 5500 ਕਰੋੜ ਰੁਪਏ ਭਰ ਰਹੀ ਹੈ, ਜੋ ਕਿ ਰਾਜ ਦੀ ਆਰਥਿਕ ਹਾਲਤ ਦਾ ਪ੍ਰਮਾਣ ਹਨ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਨਿਰਵਿਘਨ ਬਿਜਲੀ ਸਪਲਾਈ ਮਿਲ ਰਹੀ ਹੈ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਸ਼ਗਨ ਤਹਿਤ ਸਹਾਇਤਾ ਦਿੱਤੀ ਜਾ ਰਹੀ ਹੈ।
ਸz ਬਾਦਲ ਨੇ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਵੇਲੇ ਪੰਜਾਬ ਨੂੰ ਕਦੇ ਤਰਜੀਹ ਨਹੀਂ ਦਿੱਤੀ ਗਈ। ਉਨ੍ਹਾਂ ਕੈਪਟਨ ਅਮਰਿੰਦਰ ਨੂੰ ਪੁਛਿਆ ਕਿ ਉਹ ਦੱਸੇ ਕਿ ਕੇਂਦਰ ਵਿੱਚ ਯੂ:ਪੀ:ਏ ਦੀ ਸਰਕਾਰ ਹੁੰਦੇ ਹੋਏ ਪੰਜਾਬ ਨੂੰ ਕਿਹੜਾ ਵੱਡਾ ਪ੍ਰਾਜੈਕਟ ਜਾਂ ਵਿਸ਼ੇਸ਼ ਪੈਕੇਜ ਮਿਲਿਆ? ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ 16 ਮਹੀਨਿਆਂ ਵਿੱਚ ਪੰਜਾਬ ਨੂੰ ਏਮਜ਼, ਆਈ:ਆਈ:ਐਮ, ਅੰਮ੍ਰਿਤਸਰ ਨੂੰ ਵਿਰਾਸਤੀ ਦਰਜਾ, ਰਾਸ਼ਟਰੀ ਬਾਗਬਾਨੀ ਇੰਸਟੀਚਿਊਟ ਵਰਗੇ ਵਕਾਰੀ ਪ੍ਰਾਜੈਕਟ ਮਿਲੇ ਹਨ।
ਮੁੱਖ ਮੰਤਰੀ ਨੇ ਦੁਹਰਾਇਆ ਕਿ ਉਹ ਪੰਜਾਬ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨ ਅਤੇ ਉਨ੍ਹਾਂ ਦਾ ਹੱਲ ਕਰਨ ਲਈ ਸ਼ੁਰੂ ਕੀਤੇ ਗਏ ਸੰਗਤ ਦਰਸ਼ਨ ਪ੍ਰੋਗਰਾਮ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਇਹ ਇਨ੍ਹਾਂ ਲੋਕਾਂ ਦਾ ਪਿਆਰ ਅਤੇ ਸਤਿਕਾਰ ਹੈ ਜਿਸ ਸਦਕਾ ਮੈਂ 5ਵੀਂ ਵਾਰ ਮੁੱਖ ਮੰਤਰੀ ਬਣ ਸਕਿਆ ਸz. ਬਾਦਲ ਨੇ ਕਿਹਾ ਕਿ ਇਹ ਮੇਰਾ ਨਿੱਜੀ ਫਰਜ਼ ਹੈ ਕਿ ਮੈਂ ਇਨ੍ਹਾਂ ਲੋਕਾਂ, ਜੋ ਕਿ ਸਹੀ ਅਰਥਾ ਵਿੱਚ ਰਾਜੇ ਹਨ, ਦੀ ਸੇਵਾ ਕਰਦਾ ਰਹਾਂ।
ਅੱਜ ਮੁੱਖ ਮੰਤਰੀ ਪੰਜਾਬ ਨੇ 20 ਪਿੰਡਾਂ ਦੀਆਂ ਪੰਚਾਇਤਾਂ ਨਾਲ ਪਿੰਡਾਂ ਦੇ ਵਿਕਾਸ ਲਈ ਸਲਾਹ ਮਸ਼ਵਰਾ ਕੀਤਾ ਅਤੇ ਉਨ੍ਹਾਂ ਨੂੰ ਕੰਮ ਕਰਨ ਲਈ ਗ੍ਰਾਂਟਾਂ ਦੇਣ ਦਾ ਐਲਾਨ ਕੀਤਾ। ਅੱਜ ਇਸ ਮੌਕੇ ਮੁੱਖ ਮੰਤਰੀ ਪੰਜਾਬ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਐਸ:ਕੇ:ਰਾਜੂ ਅਤੇ ਸ੍ਰੀ ਅਜੋਏ ਸ਼ਰਮਾ, ਹਲਕਾ ਜੰਡਿਆਲਾ ਦੇ ਵਿਧਾਇਕ ਸz ਬਲਜੀਤ ਸਿੰਘ ਜਲਾਲਉਸਮਾਂ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ, ਡੀ:ਆਈ:ਜੀ ਸ੍ਰੀ ਏ:ਕੇ:ਮਿੱਤਲ, ਐਸ:ਐਸ:ਪੀ ਅੰਮ੍ਰਿਤਸਰ ਜਸਦੀਪ ਸਿੰਘ, ਐਸ:ਡੀ:ਐਮ ਸ੍ਰੀ ਰਾਜੇਸ਼ ਸ਼ਰਮਾ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media