ਪਠਾਨਕੋਟ, 5 ਜੁਲਾਈ (ਪ.ਪ) – ਸੰਭਾਵੀ ਹੜ੍ਹਾਂ ਦੌਰਾਨ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਥਾਨਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀ ਸਤੀਸ਼ ਕੁਮਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅਮਿਤ ਮਹਾਜਨ ਐਸ.ਡੀ.ਐਮ, ਡਾ. ਅਨਿਲ ਮਹਿੰਦਰਾ ਸਿਵਲ ਸਰਜਨ, ਡਾ. ਚੰਦਰ ਮੋਹਨ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਡਾ. ਭੁਪਿੰਦਰ ਸਿੰਘ ਐਸ.ਐਮ.ਓ., ਡਾ. ਤਰਸੇਮ ਸਿੰਘ ਡੀ.ਐਚ.ਓ., ਯਸ਼ਪਾਲ ਸ਼ਰਮਾ ਤਹਿਸੀਲਦਾਰ, ਕੁਲਦੀਪ ਸਿੰਘ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਮੈਡੀਕਲ ਅਫ਼ਸਰ, ਰੂਰਲ ਮੈਡੀਕਲ ਅਫ਼ਸਰ ਅਤੇ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਸੰਭਾਵੀ ਹੜ੍ਹਾਂ ਦੌਰਾਨ ਫੈਲਨ ਵਾਲੀਆਂ ਬਿਮਾਰੀਆਂ ਡੇਂਗੂ, ਮਲੇਰੀਆ, ਟਾਈਵਾਇਡ, ਹੈਜਾ ਅਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਕੀਤੇ ਗਏ ਪ੍ਰਬੰਧਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਜੇ ਕਿਸੇ ਦਵਾਈ ਜਾਂ ਟੀਕੇ ਦੀ ਜ਼ਰੂਰਤ ਹੈ ਤਾਂ ਉਸ ਸਬੰਧੀ ਪਹਿਲਾਂ ਹੀ ਪ੍ਰਬੰਧ ਕਰਕੇ ਰੱਖਣ ਅਤੇ ਜਿੱਥੇ ਕਿਤੇ ਹੜ੍ਹਾਂ ਦਾ ਪਾਣੀ ਇਕੱਠਾ ਹੁੰਦਾ ਹੈ, ਉਨ੍ਹਾਂ ਥਾਵਾਂ ਦੀ ਵੀ ਪਹਿਲਾਂ ਹੀ ਸ਼ਨਾਖਤ ਕੀਤੀ ਜਾਵੇ ਤਾਂ ਜੋ ਲੋੜ ਪੈਣ ‘ਤੇ ਪ੍ਰਭਾਵਿਤ ਲੋਕਾਂ ਨੂੰ ਦਵਾਈਆਂ ਮੁਹਈਆਂ ਕੀਤੀਆਂ ਜਾ ਸਕਣ। ਡਿਪਟੀ ਕਮਿਸ਼ਨਰ ਨੇ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਨੂੰ ਕਿਹਾ ਕਿ ਉਹ ਵੀ ਸੰਭਾਵੀ ਹੜ੍ਹਾਂ ਦੌਰਾਨ ਚਾਰੇ ਅਤੇ ਦਵਾਈਆਂ ਦਾ ਪ੍ਰਬੰਧ ਕਰਕੇ ਰੱਖਣ ਤਾਂ ਜੋ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਹੜ੍ਹਾਂ ਸਬੰਧੀ ਸੂਚਨਾ ਦੇਣ ਲਈ ਜ਼ਿਲ੍ਹੇ ਅੰਦਰ ਤਿੰਨ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ, ਜੋ 24 ਘੰਟੇ ਕੰਮ ਕਰਨਗੇ। ਜਿਸ ਵਿੱਚ ਜ਼ਿਲ੍ਹਾ ਪੱਧਰ ਦੇ ਕੰਟਰੋਲ ਰੂਮਾਂ ਦੇ ਨੰਬਰ 0186-2220342 ਅਤੇ 0186-2245517 ਹਨ। ਉਨ੍ਹਾਂ ਦੱਸਿਆ ਕਿ ਇੱਕ ਕੰਟਰੋਲ ਰੂਮ ਡਰੇਨਜ਼ ਵਿਭਾਗ ਵੱਲੋਂ ਮਲਿਕਪੁਰ ਵਿਖੇ ਸਥਾਪਿਤ ਕੀਤਾ ਗਿਆ ਹੈ। ਜਿਸ ਦਾ ਨੰਬਰ 98147-16321 ਹੈ। ਡਾ. ਅਨਿਲ ਮਹਿੰਦਰਾ ਸਿਵਲ ਸਰਜਨ ਨੇ ਮੀਟਿੰਗ ਵਿੱਚ ਦੱਸਿਆ ਕਿ ਸੰਭਾਵੀ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਸਿਹਤ ਸੇਵਾਵਾਂ ਮੁਹਈਆ ਕਰਨ ਲਈ ਵੱਖ ਵੱਖ ਡਾਕਟਰੀ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਦਵਾਈਆਂ ਮੁਹਈਆ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਰੂਰਲ ਮੈਡੀਕਲ ਅਫ਼ਸਰ ਨੂੰ ਅਪੀਲ ਕੀਤੀ ਕਿ ਉਹ ਇਸ ਸਮੇਂ ਦੌਰਾਨ ਪੂਰਨ ਸਹਿਯੋਗ ਦੇਣ ਅਤੇ ਸਬੰਧਤ ਐਸ.ਐਮ.ਓ. ਅਤੇ ਸਿਵਲ ਸਰਜਨ ਦਫ਼ਤਰ ਨਾਲ ਤਾਲਮੇਲ ਬਣਾ ਕੇ ਰੱਖਣ ਤਾਂ ਜੋ ਹੜ੍ਹਾਂ ਦੌਰਾਨ ਪ੍ਰਭਾਵੀ ਲੋਕਾਂ ਨੂੰ ਤੁਰੰਤ ਸਿਹਤ ਸੇਵਾਵਾਂ ਮੁਹਈਆਂ ਕੀਤੀਆਂ ਜਾ ਸਕਣ। ਡਾ. ਚੰਦਰ ਮੋਹਨ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੇ ਮੀਟਿੰਗ ਵਿੱਚ ਦੱਸਿਆ ਕਿ ਹੜ੍ਹਾਂ ਦੌਰਾਨ ਪਸ਼ੂਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਪਸ਼ੂ ਟੀਕੇ ਲਗਾ ਦਿੱਤੇ ਗਏ ਹਨ ਅਤੇ ਚਾਰੇ ਦਾ ਪ੍ਰਬੰਧ ਕਰ ਲਿਆ ਗਿਆ ਹੈ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media