ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਲਈ ਆਖਿਆ
ਹੁਸ਼ਿਆਰਪੁਰ, 6 ਜੁਲਾਈ (ਸਤਵਿੰਦਰ ਸਿੰਘ) – ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੜ੍ਹਾਂ ਦੀ ਰੋਕਥਾਮ ਅਤੇ ਅਜਿਹੇ ਹਾਲਾਤਾਂ ਦੀ ਸੂਰਤ ਵਿੱਚ ਗੰਭੀਰ ਬਿਮਾਰੀਆਂ ਦੀ ਪੜਤਾਲ ਅਤੇ ਰੋਕਥਾਮ ਸਬੰਧੀ ਪੁਖਤਾ ਪ੍ਰਬੰਧ ਸਿਰਜਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋੋਂ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ, ਸਮੂਹ ਰੂਰਲ ਮੈਡੀਕਲ ਅਫਸਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਰੂਰਲ ਮੈਡੀਕਲ ਅਫ਼ਸਰਾਂ ਨੂੰ ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਤਾਂ ਜੋ ਹੜ੍ਹਾਂ ਦੀ ਸੂਰਤ ਵਿੱਚ ਹੋਣ ਵਾਲੇ ਨੁਕਸਾਨਾਂ ਤੋਂ ਬਚਿਆ ਜਾ ਸਕੇ।ਉਨ੍ਹਾਂ ਕਿਹਾ ਕਿ ਸੰਭਾਵੀ ਹੜ੍ਹਾਂ ਨੂੰ ਮੁੱਖ ਰਖਦੇ ਹੋਏ ਪ੍ਰਭਾਵੀ ਉਚ ਖਤਰੇ ਵਾਲੇ ਪਿੰਡਾਂ ਵਿੱਚ ਤਾਲ-ਮੇਲ ਕਰਕੇ ਮੈਡੀਕਲ ਕੈਂਪ ਲਗਾਉਣ ਅਤੇ ਲੋੜਵੰਦ ਜਨਤਾ ਨੂੰ ਹਰ ਸੰਭਵ ਸਿਹਤ ਸਹੁਲਤ ਪ੍ਰਦਾਨ ਕਰਨ ਦੇ ਪ੍ਰਬੰਧ ਕੀਤੇ ਜਾਣ।ਮੀਟਿੰਗ ਦੌਰਾਨ ਰੂਰਲ ਮੈਡੀਕਲ ਅਫ਼ਸਰਾਂ ਵਲੋਂ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਅਧੀਨ ਸਬਸੀਡੀਅਰੀ ਹੈਲਥ ਸੈਂਟਰਾਂ ਵਿੱਚ ਪਿੰਡਾਂ ਦੀ ਆਮ ਜਨਤਾ ਲਈ ਦਵਾਈਆਂ ਦੀ ਕਿਲੱਤ ਦਾ ਜਿਕਰ ਕੀਤੇ ਜਾਣ ‘ਤੇ ਡਿਪਟੀ ਕਮਿਸ਼ਨਰ ਵਲੋੋਂ ਭਰੋਸਾ ਦਿੱਤਾ ਗਿਆ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਉਚ ਅਧਿਕਾਰੀਆਂ ਨਾਲ ਤੁਰੰਤ ਤਾਲਮੇਲ ਕਰਨਗੇ।ਮੀਟਿੰਗ ਦੌਰਾਨ ਐਸ.ਡੀ.ਐਮ ਮੁਕੇਰੀਆਂ ਸ਼੍ਰੀ ਰਾਹੁਲ ਚਾਬਾ ਵਲੋਂ ਸਮੂਹ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਭਾਵੀ ਹੜ੍ਹਾਂ ਤੋਂ ਕਿਸੀ ਵੀ ਕੀਮਤ ਤੇ ਮਨੁੱਖੀ ਜੀਵਨ ਨੂੰ ਬਚਾਉਣ ਲਈ ਕਿਹਾ ਗਿਆ। ਇਸ ਮੌਕੇੇ ਡਾ. ਮੁਨੀਸ਼ ਕੁਮਾਰ ਵਲੋਂ ਸੰਭਾਵੀ ਹੜ੍ਹਾਂ ਨਾਲ ਸਬੰਧਤ ਹਾਈ ਰਿਸਕ ਏਰੀਆ ਵਿੱਚ ਰਹਿੰਦੀ ਹਾਈ ਰਿਸਕ ਅਬਾਦੀ ਬਾਰੇ ਦੱਸਿਆ ਗਿਆ ਅਤੇ ਹੜ੍ਹਾਂ ਦੌਰਾਨ ਹੋਣ ਵਾਲੀ ਬਿਮਾਰੀਆਂ ਜਿਵੇ ਦੂਸ਼ਤ ਪਾਣੀ ਨਾਲ ਹੋਣ ਵਾਲੇ ਰੋਗ ਹੈਜ਼ਾ, ਟਾਈਫਾਈਡ, ਹੈਪੇਟਾਈਟਸ ਏ ਅਤੇ ਈ, ਮੱਛਰਾਂ ਨਾਲ ਫੈਲਣ ਵਾਲੇ ਰੋਗ ਡੇਂਗੂ ਅਤੇ ਮਲੇਰੀਆ, ਵੈਕਸੀਨ ਪਰਵੈਨਟੇਬਲ ਰੋਗ ਜਿਵੇਂ ਖਸਰਾ ਤੇ ਡਿਪਥੀਰੀਆ, ਪੋਲੀਓ, ਹੈਪੇਟਾਈਟਸ ਬੀ ਅਤੇ ਸੀ ਦੀ ਰੋਕਥਾਮ ਅਤੇ ਕਟੰਰੋਲ ਲਈ ਸਮੂਹ ਹਾਜਰ ਸੀਨੀਅਰ ਅਤੇ ਰੂਰਲ ਮੈਡੀਕਲ ਅਫ਼ਸਰਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਸੰਜੀਵ ਬਬੂਤਾ, ਸਹਾਇਕ ਸਿਵਲ ਸਰਜਨ ਡਾ. ਰਜਨੀਸ਼ ਸੈਣੀ, ਡਿਪਟੀ ਮੈਡੀਕਲ ਕਮਿਸ਼ਨਰ-ਕਮ-ਜ਼ਿਲ੍ਹਾ ਨੋਡਲ ਅਫ਼ਸਰ ਡੀਜਾਸਟਰ ਮੈਨੇਜਮੈਂਟ ਡਾ. ਅਜੈ ਬੱੱਗਾ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੀ ਐਲ ਕਾਜਲ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਗੁਰਦੀਪ ਕਪੂਰ, ਜ਼ਿਲ੍ਹਾਂ ਸਿਹਤ ਮੈਡੀਕਲ ਅਫ਼ਸਰ ਡਾ. ਸੁਨੀਲ ਅਹੀਰ, ਜ਼ਿਲ੍ਹਾ ਐਪੀਡੀਮੌਲੋਜਿਸਟ ਆਈ ਡੀ ਐਸ ਪੀ ਡਾ. ਸੈਲੇਸ਼ ਕੁਮਾਰ, ਜ਼ਿਲ੍ਹਾ ਐਪੀਡੀਮੌਲੋਜਿਸਟ-ਕਮ-ਜ਼ਿਲ੍ਹਾ ਨੋਡਲ ਅਫ਼ਸਰ (ਹੜ੍ਹ) ਡਾ. ਮੁਨੀਸ਼ ਕੁਮਾਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਮੁਹੱਮਦ ਆਸਿਫ, ਜ਼ਿਲ੍ਹਾ ਪੀ ਐਨ ਡੀ ਟੀ ਕੋਆਰਡੀਨੇਟਰ ਸ਼੍ਰੀ ਅਭੈ ਮੋਹਨ, ਡਿਪਟੀ ਮੁੱੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪਰਿਸ਼ਦ ਸ਼੍ਰੀ ਰਾਜ ਸਿੱਧੂ, ਸਕੱਤਰ ਜ਼ਿਲ੍ਹਾ ਪਰਿਸ਼ਦ ਹੁਸ਼ਿਆਰਪੁਰ ਸ਼੍ਰੀ ਬੁੱਧੀ ਰਾਜ ਸਿੰਘ ਅਤੇ ਸਮੂਹ ਜ਼ਿਲ੍ਹੇ ਦੀਆਂ ਸੀ.ਐਚ.ਸੀ., ਪੀ.ਐਚ.ਸੀ. ਅਤੇ ਸਿਵਲ ਹਸਪਤਾਲਾਂ ਤੋਂ ਸੀਨੀਅਰ ਮੈਡੀਕਲ ਅਫ਼ਸਰ ਅਤੇ ਜ਼ਿਲ੍ਹੇ ਭਰ ਦੇ ਸਬਸੀਡੀਅਰੀ ਹੈਲਥ ਸੈਂਟਰਾਂ ਵਿੱਚ ਕੰਮ ਕਰ ਰਹੇ ਰੂਰਲ ਮੈਡੀਕਲ ਅਫ਼ਸਰ ਵੀ ਇਸ ਮੀਟਿੰਗ ਵਿੱਚ ਹਾਜਰ ਸਨ।
Punjab Post Daily Online Newspaper & Print Media
