
ਪਠਾਨਕੋਟ, 6 ਜੁਲਾਈ (ਪ.ਪ) – ਡਿਪਟੀ ਕਮਿਸ਼ਨਰ ਸ. ਸੁਖਵਿੰਦਰ ਸਿੰਘ ਨੇ ਅੱਜ ਪਠਾਨਕੋਟ ਸ਼ਹਿਰ ਦੇ ਸਲੱਮ ਏਰੀਆ ਅਮਰੂਦਾਂ ਵਾਲੀਆਂ ਝੂਗੀਆਂ, ਗਾਊਸ਼ਾਲਾ ਰੋਡ ਨੇੜੇ ਅਤੇ ਚੂਨਾ ਭੱਠੀ ਨੇੜੇ ਬਣੀਆਂ ਝੂਗੀਆਂ ਦਾ ਦੌਰਾ ਕੀਤਾ ਅਤੇ ਇਸ ਖੇਤਰ ਵਿੱਚ ਰਹਿ ਰਹੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ।ਇਸ ਮੌਕੇ ਡਾ. ਅਮਿਤ ਮਹਾਜਨ ਐਸ.ਡੀ.ਐਮ. ਕਮ ਕਮਿਸ਼ਨਰ ਨਗਰ ਨਿਗਮ ਪਠਾਨਕੋਟ, ਡਾ. ਅਨਿਲ ਮਹਿੰਦਰਾ ਸਿਵਲ ਸਰਜਨ, ਡਾ. ਭੁਪਿੰਦਰ ਸਿੰਘ ਐਸ.ਐਮ.ਓ., ਡਾ. ਚੰਦਰ ਮੋਹਨ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀ ਉਨ੍ਹਾਂ ਨਾਲ ਸਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ‘ਤੇ ਸਲੱਮ ਏਰੀਏ ਵਿੱਚ ਰਹਿੰਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਅਮਰੂਦਾਂ ਵਾਲੀਆਂ ਝੂਗੀਆਂ, ਚੂਨਾ ਭੱਠੀ ਨੇੜੇ ਅਤੇ ਗਾਊਸ਼ਾਲਾ ਸੜਕ ਨੇੜੇ ਬਣੀਆਂ ਝੂਗੀਆਂ ਦੀ ਸਾਫ਼ ਸਫ਼ਾਈ ਤੁਰੰਤ ਕਰਵਾਉਣ ਅਤੇ ਅੱਗੇ ਤੋਂ ਨਿਰੰਤਰ ਕੂੜਾ ਕਰਕਟ ਚੁਕਾਉਣ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਰੱਖਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੂਨਾ ਭੱਠੀ ਨੇੜੇ ਬਣੀਆਂ ਝੂਗੀਆਂ ਵਿੱਚ ਰਹਿੰਦੇ ਲੋਕਾਂ ਦੀ ਖੁੱਲ੍ਹੇ ਵਿੱਚ ਜੰਗਲ ਪਾਣੀ ਜਾਣ ਦੀ ਪ੍ਰਵਿਰਤੀ ਨੂੰ ਖਤਮ ਕਰਨ ਲਈ ਪਖਾਨੇ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜਿੱਥੇ ਜਗ੍ਹਾ ਜਿਆਦਾ ਹੋਵੇਗੀ ਉੱਥੇ ਵਿਅਕਤੀਗਤ ਪਖਾਨੇ ਬਣਾਏ ਜਾਣਗੇ ਅਤੇ ਜਿੱਥੇ ਜਗ੍ਹਾ ਘੱਟ ਹੋਵੇਗੀ ਉੱਥੇ ਕਮਿਊਨਿਟੀ ਪਖਾਨੇ ਬਣਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਇੰਨ੍ਹਾਂ ਲੋਕਾਂ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਝੂਗੀਆਂ ਦੇ ਲੋਕਾਂ ਦੀ ਰਸਤੇ ਦੀ ਮੁਸ਼ਕਲ ਨੂੰ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਖੇਤਰ ਦੇ ਲੋਕਾਂ ਨੇ ਇਸ ਮੌਕੇ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਸਿਹਤ ਵਿਭਾਗ ਦੀਆਂ ਵਰਕਰਾਂ ਵੱਲੋਂ ਬੱਚਿਆਂ ਦੀ ਸਿਹਤ ਸੰਭਾਲ ਲਈ ਟੀਕਾਕਰਨ ਕੀਤਾ ਗਿਆ ਹੈ। ਉਨ੍ਹਾਂ ਨੇ ਗਾਊਸ਼ਾਲਾ ਰੋਡ ਨੇੜੇ ਬਣੀਆਂ ਝੂਗੀਆਂ ਵਿੱਚ ਰਹਿੰਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਇਸ ਖੇਤਰ ਵਿੱਚ ਪਖਾਨੇ ਬਣਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਠਾਨਕੋਟ ਸ਼ਹਿਰ ਦੇ ਬਾਕੀ ਸਲੱਮ ਏਰੀਏ ਅਤੇ ਸੁਜਾਨਪੁਰ ਦੇ ਸਲੱਮ ਏਰੀਏ ਦਾ ਵੀ ਜਲਦੀ ਦੌਰਾ ਕਰਕੇ, ਉੱਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ ਜਾਵੇ।
Punjab Post Daily Online Newspaper & Print Media