
ਪਠਾਨਕੋਟ, 6 ਜੁਲਾਈ (ਪ.ਪ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਆਮ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋਂ ਬਚਾਉਣ ਲਈ ਸਥਾਨਿਕ ਸਿਵਲ ਹਸਪਤਾਲ ਵਿਖੇ ਡਾ. ਅਨਿਲ ਮਹਿੰਦਰਾ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਡੇਂਗੂ ਐਡਵੋਕੇਸੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਡਾ. ਨੈਨਾ ਸਲਾਥੀਆਂ ਸਹਾਇਕ ਸਿਵਲ ਸਰਜਨ, ਡਾ. ਭੁਪਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ, ਡਾ. ਸਤੀਸ਼ ਕੁਮਾਰ ਜ਼ਿਲ੍ਹਾ ਡਿਪਟੀ ਮੈਡੀਕਲ ਕਮਿਸ਼ਨਰ, ਗੁਰਿੰਦਰ ਕੌਰ, ਅਮਨਦੀਪ ਸਿੰਘ, ਅਤੇ ਹੋਰ ਵੀ ਸਿਹਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਡਾ. ਅਨਿਲ ਮਹਿੰਦਰਾ ਨੇ ਇਸ ਮੌਕੇ ਡੇਂਗੂ ਦੇ ਬੁਖਾਰ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਕਈ ਵਾਰ ਪਲੇਟ ਲੈਟੱਸ ਘੱਟ ਹੋ ਜਾਣ ਨਾਲ ਹੋਣ ਵਾਲੇ ਬੁਖਾਰ ਨੂੰ ਲੋਕ ਡੇਂਗੂ ਬੁਖਾਰ ਸਮਝ ਲੈਂਦੇ ਹਨ।ਉਨ੍ਹਾਂ ਦੱਸਿਆ ਕਿ ਇਸ ਲਈ ਐਲਿਜਾ ਟੈਸਟ ਕਰਵਾਉਣ ਤੋਂ ਵਗੈਰ ਇਸ ਬੁਖਾਰ ਨੂੰ ਡੇਂਗੂ ਬੁਖਾਰ ਨਹੀਂ ਸਮਝ ਲੈਣਾ ਚਾਹੀਦਾ, ਕਿਉਂਕਿ ਪਲੇਟ ਲੈਟੱਸ ਘੱਟ ਹੋਣ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਬੁਖਾਰ ਹੋਣ ‘ਤੇ ਤੁਰੰਤ ਨੇੜੇ ਦੇ ਸਿਹਤ ਸੰਸਥਾ ਜਾਂ ਸਿਹਤ ਵਿਭਾਗ ਦੇ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਦੀ ਬਿਮਾਰੀ ਦਾ ਟੈਸਟ ਸਿਹਤ ਵਿਭਾਗ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।
ਡਾ. ਰਵੀ ਕਾਂਤ ਜ਼ਿਲ੍ਹਾ ਐਪੀਡੀਮਾਲੋਜੀਸਟ ਨੇ ਇਸ ਮੌਕੇ ਦੱਸਿਆ ਕਿ ਡੇਂਗੂ ਬੁਖਾਰ ਮਾਦਾ ਏਡੀਜ਼ ਨਾਮ ਦੇ ਮੱਛਰ ਦੇ ਨਾਲ ਕੱਟਣ ਨਾਲ ਹੁੰਦਾ ਹੈ। ਇਸ ਮੱਛਰ ਨੂੰ ਟਾਈਗਰ ਮੱਛਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਮੱਛਰ ਦੇ ਸਰੀਰ ਉੱਪਰ ਟਾਈਗਰ ਦੇ ਵਾਂਗ ਚਿੱਟੀਆਂ ਅਤੇ ਕਾਲੀਆਂ ਧਾਰੀਆਂ ਹੁੰਦੀਆਂ ਹਨ।ਉਨ੍ਹਾਂ ਨੇ ਇਸ ਡੇਂਗੂ ਬੁਖਾਰ ਦੇ ਲੱਛਣ ਬਾਰੇ ਦੱਸਿਆ ਹੋਇਆ ਕਿਹਾ ਕਿ ਇਸ ਨਾਲ ਹੱਡ ਤੋੜਵਾਂ ਬੁਖਾਰ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਤੇਜ ਦਰਦ, ਉਲਟੀ ਦਾ ਆਉਣਾ ਅਤੇ ਸਰੀਰ ‘ਤੇ ਲਾਲ ਰੰਗ ਦੇ ਧੱਬੇ ਪੈ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਬਿਮਾਰੀ ਦਾ ਸਹੀ ਸਮੇਂ ਸਿਰ ਬਚਾਅ ਨਹੀਂ ਕੀਤਾ ਜਾਵੇ ਤਾਂ ਮਰੀਜ ਦੀ ਹਾਲਤ ਬਹੁਤ ਵਿਗੜ ਸਕਦੀ ਹੈ ਅਤੇ ਇਹ ਬੁਖਾਰ ਹੌਲੀ-ਹੌਲੀ ਡੇਂਗੂ ਹੈਮੋਰੈਜਿਕ ਬੁਖਾਰ ਦੇ ਰੂਪ ਵਿੱਚ ਬਦਲ ਜਾਂਦਾ ਹੈ ਅਤੇ ਜਿਸ ਨਾਲ ਮਰੀਜ ਦੀ ਮੋਤ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਾਣੀ ਖੜ੍ਹਾ ਹੁੰਦਾ ਹੈ, ਉੱਥੇ ਮੱਛਰ ਪਨਪਦੇ ਹਨ ਅਤੇ ਇਸ ਲਈ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਹੈ ਅਤੇ ਕੂਲਰਾਂ ਦਾ ਪਾਣੀ ਵੀ ਹਰ ਹਫ਼ਤੇ ਬਦਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਛੱਤਾਂ ‘ਤੇ ਫਾਲਤੂ ਪਏ ਬਰਤਨ, ਡੱਬੇ, ਟਾਇਰ ਅਤੇ ਟੁੱਟਾ ਭੱਜਾ ਸਮਾਨ ਨਹੀਂ ਰੱਖਣਾ ਚਾਹੀਦਾ ਹੈ ਅਤੇ ਘਰ ਵਿੱਚ ਹਮੇਸ਼ਾ ਪੂਰੀ ਬਾਂਹ ਵਾਲੇ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ।
Punjab Post Daily Online Newspaper & Print Media