
ਸੰਦੌੜ 6 ਜੁਲਾਈ (ਹਰਮਿੰਦਰ ਸਿੰਘ ਭੱਟ) – ਭਾਰਤ ਨੂੰ ਅਜਾਦ ਕਰਵਾਉਣ ਲਈ ਜਿੱਥੇ ਲੱਖਾਂ ਕੁਰਬਾਨੀਆਂ ਦੇ ਕੇ ਉਧਮ ਸਿੰਘ ਸੁਨਾਮ, ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਹੋਰ ਗ਼ਦਰੀ ਬਾਬਿਆਂ ਨੇ ਆਪਣੇ ਖੂਨ ਦਾ ਆਖਰੀ ਕਤਰਾ ਤੱਕ ਡੋਲ੍ਹ ਕੇ ਦੇਸ਼ ਨੂੰ ਆਜਾਦ ਕਰਵਾਇਆ, ਅੱਜ ਸਾਡੇ ਦੇਸ਼ ਦੀਆਂ ਸਰਕਾਰਾਂ ਨਾ ਤਾਂ ਸ਼ਹੀਦਾਂ ਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਬਣਦਾ ਸਤਿਕਾਰ ਦੇ ਰਹੀਆਂ ਹਨ।ਇਸ ਦੀ ਜਾਗਦੀ ਮਿਸਾਲ ਪਿਛਲੇ ਦਿਨਾਂ ਵਿੱਚ ਸ਼ਹੀਦ ਸਰਾਭਾ ਜੀ ਦੀ ਭੈਣ ਧੰਨ ਕੌਰ ਦੀ ਪੌਤਰੀ ਬੀਬੀ ਸੁਖਦੇਵ ਕੌਰ, ਡਿੰਪੀ ਪੰਨੂੰ ਅਤੇ ਦੇਵ ਸਰਾਭਾ ਉਪਰ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਬੀਬੀ ਜੀ ਦੀ ਜੱਦੀ ਜਮੀਨ ਜੋ ਪਿੰਡ ਟਿੰਬਰਵਾਲ ਥਾਣਾ ਮਲੌਦ ਜਿਲ੍ਹਾ ਲੁਧਿਆਣਾ ਵਿੱਚ ਹੈ ਜਦਕਿ ਬਿਨਾਂ ਆਗਿਆ ਤੋਂ ਜੋ ਕਮਾਦ ਦੀ ਫਸਲ ਬੀਜੀ ਹੋਈ ਸੀ, ਉਸ ਦਾ 80 ਹਜਾਰ ਰੁਪਏ ਬਲਦੇਵ ਸਿੰਘ, ਚਰਨ ਸਿੰਘ, ਬੰਤ ਸਿੰਘ ਪੁੱਤਰ ਹਜੂਰਾ ਸਿੰਘ ਨੇ ਪੰਚਾਇਤ ਦੀ ਹਾਜਰੀ ਵਿੱਚ ਬੀਬੀ ਤੋਂ ਲਏ ਸਨ।ਜਦੋਂ ਬੀਬੀ ਨੇ ਆਪਣੀ ਜਮੀਨ ਕਿਸੇ ਹੋਰ ਨੂੰ ਦਿੱਤੀ ਤਾਂ ਉਸ ਨੂੰ ਆਪਣੀ ਹੀ ਜਮੀਨ ਵਿੱਚ ਨਹੀਂ ਆਉਂਣ ਦਿੰਦੇ ਸਨ।ਇਸਦੀ ਜਾਣਕਾਰੀ ਐਸ.ਐਸ.ਪੀ ਖੰਨਾ ਗੁਰਪ੍ਰੀਤ ਸਿੰਘ ਗਿੱਲ ਨੂੰ ਦਿੱਤੀ ਤੇ ਅੱਜ ਬੀਬੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਵੱਲੋਂ ਬਣਾਇਆ ਗ਼ਦਰ ਪਾਰਟੀ ਦਾ ਝੰਡਾ ਆਪਣੀ ਜਮੀਨ ਦੇ ਵਿਚਾਲੇ ਗੱਡ ਦਿੱਤਾ ਅਤੇ ਜਮੀਨ ਨੂੰ ਮੌਕੇ ਤੇ ਟਰੈਕਟਰ ਨਾਲ ਵਹਾਉਣਾ ਸ਼ੁਰੂ ਕਰ ਦਿੱਤਾ।ਹੁਣ ਬੀਬੀ ਦੀ ਜਮੀਨ ਜੋ ਸਾਢੇ ਸੱਤ ਏਕੜ ਦੇ ਕਰੀਬ ਹੈ, ਉਸ ਤੇ ਬੀਬੀ ਸੁਖਦੇਵ ਕੌਰ ਦਾ ਪੂਰਨ ਤੌਰ ‘ਤੇ ਕਬਜਾ ਹੈ।
ਬਾਕੀ ਜੋ ਬੀਬੀ ਦੀ ਜਮੀਨ ਨੂੰ ਸਰਕਾਰੀ ਰਾਹ ਬੰਦ ਹੈ, ਬੀਬੀ ਜੀ ਨੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਉਨਾਂ ਦੀ ਜਮੀਨ ਦੀ ਅਜੇ ਤਕਸੀਮ ਨਹੀਂ ਹੋਈ, ਇਸ ਲਈ ਉਹ ਜਲਦੀ ਹੀ ਆਪਣੇ ਹਿੱਸੇ ਆਉਂਦੀ ਜਮੀਨ ਦੀ ਤਕਸੀਮ ਦਾ ਕੇਸ ਲਗਾਵੇਗੀ, ਜੋ ਉਸ ‘ਤੇ ਜਾਨਲੇਵਾ ਹਮਲੇ ਕਰਨ ਵਾਲੇ ਚਰਨ ਸਿੰਘ, ਬਲਦੇਵ ਸਿੰਘ ਅਤੇ ਬੰਤ ਸਿੰਘ ਉਹ ਜਮੀਨ ਦੀ ਤਕਸੀਮ ਕਰਨ ਨੂੰ ਨਹੀਂ ਮੰਨ ਰਹੇ।ਜਦਕਿ ਇੱਕ ਹਿੱਸੇਦਾਰ ਜਸਮੇਲ ਸਿੰਘ ਪੁੱਤਰ ਅਜੀਤ ਸਿੰਘ ਉਨਾਂ ਦੇ ਨਾਲ ਸਹਿਮਤ ਹੈ।ਬੀਬੀ ਜੀ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਸ ਦੀ ਜਮੀਨ ਨੂੰ ਸਰਕਾਰੀ ਰਾਹ ਅਤੇ ਤਕਸੀਮ ਦੇ ਕੇਸ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ।ਇਸ ਮੌਕੇ ਸੁਖਵਿੰਦਰ ਸਿੰਘ ਬੀਹਲਾ, ਸੁਰਿੰਦਰ ਸ਼ਰਮਾ, ਜਸਮੇਲ ਸਿੰਘ, ਦੇਵ ਸਰਾਭਾ ਆਦਿ ਹਾਜਰ ਸਨ ।
Punjab Post Daily Online Newspaper & Print Media