ਅੰਦਰਖਾਤੇ ਟੈਂਡਰ ਪਾਉਣ ਦੀਆਂ ਕੀਤੀਆਂ ਜਾ ਰਹੀਆਂ ਹਨ ਕੋਸ਼ਿਸ਼ਾਂ – ਗਿੱਲ ਭੁੱਲਰ
ਪੱਟੀ, 6 ਜੁਲਾਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਪੰਜਾਬ ਦੀ ਗਠਜੋੜ ਸਰਕਾਰ ਵੱਲੋਂ ਬੇਸ਼ੱਕ ਲੱਖਾਂ ਦਾਅਵੇ ਕੀਤੇ ਜਾਂਦੇ ਹਨ ਕਿ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਾਨੂੰਨ ਅਨੁਸਾਰ ਅਤੇ ਪੂਰੀ ਪਾਰਦਰਸ਼ਤਾ ਨਾਲ ਹੁੰਦਾ ਹੈ, ਪਰ ਇਸ ਦੇ ਉਲਟ ਜ਼ਿਆਦਾਤਰ ਸਰਕਾਰੀ ਦਫ਼ਤਰਾਂ ਵਿੱਚ ਕੰਮ ਪਾਰਦਰਸ਼ਤਾ ਨਾਲ ਨਹੀਂ ਪਰਦੇ ਦੇ ਓਹਲੇ ਹੁੰਦਾ ਹੈ।ਜਿਸ ਦੀ ਮਿਸਾਲ ਹੈ ਨਗਰ ਕੌਂਸਲ ਪੱਟੀ ਜਿੱਥੇ ਕਾਨੂੰਨ ਨੂੰ ਛਿੱਕੇ ਟੰਗ ਕੇ ਬਿਨਾਂ ਕਿਸੇ ਟੈਂਡਰ ਤੋਂ ਦਫ਼ਤਰ ਦਾ ਨਵੀਨੀਕਰਨ ਕਰ ਦਿੱਤਾ ਗਿਆ।ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਕਮੇਟੀ ਦੇ ਮੈਂਬਰ ਮਹਾਵੀਰ ਸਿੰਘ ਗਿੱਲ ਨੇ ਪੱਟੀ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਨਗਰ ਕੌਂਸਲ ਪੱਟੀ ਦੇ ਦਫ਼ਤਰ ਦਾ ਨਵੀਨੀਕਰਨ ਨਗਰ ਕੌਂਸਲ ਦੀਆਂ ਚੋਣਾਂ ਤੋਂ ਤੁਰੰਤ ਬਾਅਦ ਹੀ ਕਰ ਲਿਆ ਗਿਆ ਸੀ ਅਤੇ ਨਗਰ ਕੌਂਸਲ ਦੇ ਸਮੂਹ ਅਹੁਦੇਦਾਰਾਂ ਨੇ ਆਪਣਾ ਅਹੁੱਦਾ ਵੀ ਨਗਰ ਕੌਂਸਲ ਦੇ ਨਵੀਨੀਕਰਨ ਕੀਤੇ ਦਫ਼ਤਰ ਵਿੱਚ ਹੀ ਸੰਭਾਲਿਆ ਸੀ ਅਤੇ ਕੌਂਸਲ ਦੀ ਪਹਿਲੀ ਮੀਟਿੰਗ ਵੀ ਨਵੇਂ ਮੀਟਿੰਗ ਹਾਲ ਵਿੱਚ ਹੀ ਹੋਈ ਸੀੇ।
ਮਹਾਵੀਰ ਸਿੰਘ ਗਿੱਲ ਅਤੇ ਸਵਰਨ ਸਿੰਘ ਭੁੱਲਰ ਨੇ ਕਿਹਾ ਕਿ ਨਗਰ ਕੌਂਸਲ ਪੱਟੀ ਦੇ ਕੌਂਸਲਰਾਂ ਦੀ ਪਹਿਲੀ ਮੀਟਿੰਗ 16 ਅਪ੍ਰੈਲ ਨੂੰ ਹੋਈ ਸੀ, ਉਸ ਮੀਟਿੰਗ ਵਿੱਚ ਨਗਰ ਕੌਂਸਲ ਦੇ ਕੰਮਾਂ ਦੇ 14 ਮਤੇ ਰੱਖੇ ਗਏ ਸਨ, ਜਿੰਨ੍ਹਾਂ ਵਿੱਚ ਸ਼ਰਧਾਂਜਲੀ ਅਤੇ ਨਗਰ ਕੌਂਸਲ ਦੇ ਸੈਨਟਰੀ ਦੇ ਮਤੇ ਸਨ। 15ਵਾਂ ਮਤਾ ਵਿਕਾਸ ਕੰਮਾਂ ਦਾ ਰੱਖਿਆ ਗਿਆ ਸੀ, ਜਿਸ ਵਿੱਚ 1 ਤੋਂ ਲੈ ਕੇ 351 ਤੱਕ ਵਿਕਾਸ ਕੰਮਾਂ ਦਾ ਵੇਰਵਾ ਸੀ ਜਿਸ ਵਿੱਚ ਮਤਾ ਨੰਬਰ 334 ਤੋਂ 339 ਤੱਕ ਨਗਰ ਕੌਂਸਲ ਦਫ਼ਤਰ, ਮੀਟਿੰਗ ਹਾਲ ਦੇ ਨਵੀਨੀਕਰਨ ਸਬੰਧੀ ਸਨ।ਜਿਸ ਵਿੱਚ ਪ੍ਰਧਾਨ ਦੇ ਦਫ਼ਤਰ ਦੇ ਸੁੰਦਰੀਕਰਨ ਲਈ ਦੋ ਲੱਖ, ਮੀਟਿੰਗ ਹਾਲ ਦੀ ਰਿਪੇਅਰ ਲਈ 2 ਲੱਖ, ਫ਼ਰਨੀਚਰ ਲਈ 2 ਲੱਖ ਰੁਪਏ, ਐਲੂਮੀਨੀਅਮ ਦਰਵਾਜ਼ੇ ਅਤੇ ਖਿੜਕੀਆਂ ਲਈ 2 ਲੱਖ ਰੁਪਏ, ਬਾਥਰੂਮ ਦੀ ਰਿਪੇਅਰ ਲਈ 1 ਲੱਖ 90 ਹਜ਼ਾਰ, ਇੰਟਰਲਾਕ ਟਾਇਲਾਂ ਲਈ 1 ਲੱਖ 95 ਹਜ਼ਾਰ ਰੁਪਏ ਦੇ ਪ੍ਰਸਤਾਵ ਰੱਖੇ ਗਏ ਸਨ ਜੋ ਕਿ ਪਾਸ ਕੀਤੇ ਗਏ ਸਨ। ਜਦੋਂ ਕਿ ਇਨ੍ਹਾਂ ਦਾ ਕੰਮ ਪਹਿਲਾਂ ਹੀ ਕਰਵਾਇਆ ਜਾ ਚੁੱਕਾ ਸੀ।
ਗਿੱਲ ਅਤੇ ਭੁੱਲਰ ਨੇ ਖੁਲਾਸਾ ਕਰਦਿਆਂ ਕਿਹਾ ਕਿ ਹੁਣ 3 ਮਹੀਨੇ ਬੀਤ ਜਾਣ ਤੋਂ ਬਾਅਦ ਇਨ੍ਹਾਂ ਕੰਮਾਂ ਦੇ ਅੰਦਰਖਾਤੇ ਟੈਂਡਰ ਕੀਤੇ ਜਾ ਰਹੇ ਹਨ।ਇਹ ਕੰਮ 11 ਲੱਖ 85 ਹਜ਼ਾਰ ਦੇ ਸਨ ਅਤੇ ਇਨ੍ਹਾਂ ਦੀ ਈ-ਟੈਂਡਰਿੰਗ ਹੋਣੀ ਬਣਦੀ ਸੀ।ਕਿਉਂਕਿ ਇਹ ਕੰਮ ਭ੍ਰਿਸ਼ਟਾਚਾਰ ਕਰਕੇ ਕਰਾਏ ਜਾ ਰਹੇ ਹਨ, ਇਸ ਲਈ ਇਨ੍ਹਾਂ ਦੀ ਲਿਮਟ ਦੋ ਲੱਖ ਰੁਪਏ ਤੋਂ ਘੱਟ ਰੱਖੀ ਗਈ ਹੈ ਤਾਂ ਜੋ ਇਨ੍ਹਾਂ ਦੀ ਈਟੈਂਡਰਿੰਗ ਨਾ ਕਰਵਾਉਣੀ ਪਵੇ।ਮਹਾਵੀਰ ਸਿੰਘ ਗਿੱਲ ਅਤੇ ਸਵਰਨ ਸਿੰਘ ਭੁੱਲਰ ਨੇ ਲੋਕ ਨਿਰਮਾਣ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਜਦ ਨਗਰ ਕੌਂਸਲ ਦੇ ਨਵੀਨੀਕਰਨ ਦਾ ਕੰਮ ਪਹਿਲਾਂ ਹੀ ਹੋ ਚੁੱਕਾ ਹੈ ਤਾਂ ਇਸ ਦੇ ਟੈਂਡਰ ਕਿਉਂ ਲਗਾਏ ਜਾ ਰਹੇ ਹਨ।ਇਸ ਦੀ ਜਾਂਚ ਕੀਤੀ ਜਾਵੇ ਅਤੇ ਇਹ ਟੈਂਡਰ ਨਾ ਲੱਗਣ ਦਿੱਤੇ ਜਾਣ।
ਇਸ ਮੌਕੇ ‘ਤੇ ਉਨ੍ਹਾਂ ਨਾਲ ਨਿਸ਼ਾਨ ਸਿੰਘ ਬੁਰਜ, ਪੰਜਾਬ ਸਿੰਘ ਦੁੱਬਲੀ, ਗੁਰਲਾਲ ਸਿੰਘ ਬਰਵਾਲਾ ਵੀ ਹਾਜ਼ਰ ਸਨ।ਜਦੋਂ ਇਸ ਸਬੰਧੀ ਨਗਰ ਕੌਂਸਲ ਪੱਟੀ ਦੇ ਕਾਰਜਕਾਰੀ ਅਫ਼ਸਰ ਮਨਮੋਹਨ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ।
Punjab Post Daily Online Newspaper & Print Media