Thursday, March 19, 2026

ਏਮਜ਼ ਦੀ ਸਥਾਪਨਾ ਬਠਿੰਡੇ ਦੀ ਬਜਾਏ ਕੇਂਦਰੀ ਪੰਜਾਬ ਵਿੱਚ ਹੋਵੇ – ਛੀਨਾ

ਕਿਹਾ ਕਿ ਹਰੇਕ ਵੱਡੇ ਪ੍ਰੋਜੈਕਟ ਨੂੰ ਸੂਬੇ ਦੇ ਇਕੋ ਕੋਨੇ ਵੱਲ ਤੋਰਨਾ ਠੀਕ ਨਹੀਂ

PPN0707201507

ਅੰਮ੍ਰਿਤਸਰ, 7 ਜੁਲਾਈ (ਪ੍ਰੀਤਮ ਸਿੰਘ) – ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਸਬੰਧੀ ਅੱਜ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕਰਦਿਆਂ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਇਸ ਉੱਚ ਪੱਧਰੀ ਮੈਡੀਕਲ ਸੰਸਥਾ ਨੂੰ ਕੇਂਦਰੀ ਪੰਜਾਬ ਵਿੱਚ ਹੀ ਲਗਾਇਆ ਜਾਵੇ।ਉਨ੍ਹਾਂ ਕਿਹਾ ਕਿ ਕਿਸੇ ਕੇਂਦਰੀ ਸੂਬਾਈ ਸ਼ਹਿਰ ਜਿਵੇਂ ਕਿ ਕਪੂਰਥਲਾ, ਫ਼ਿਲੌਰ ਜਾਂ ਫਗਵਾੜਾ ਵਿਖੇ ਇਸ ਸੰਸਥਾ ਦੀ ਸਥਾਪਨਾ ਹੋਣੀ ਚਾਹੀਦੀ ਹੈ।
ਉਨ੍ਹਾਂ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਉਕਤ ਪ੍ਰੋਜੈਕਟ ਪੰਜਾਬ ਵਾਸੀਆਂ ਲਈ ਲਾਹੇਵੰਦ ਤਾਂ ਹੀ ਸਾਬਿਤ ਹੋਵੇਗਾ, ਜੇਕਰ ਇਸ ਨੂੰ ਪੰਜਾਬ ਦੇ ਕੇਂਦਰ ਵਿੱਚ ਲਗਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੀ ਇਸ ਸੰਸਥਾ ਨੂੰ ਸੂਬੇ ਦੇ ਕਿਸੇ ਇਕ ਕੋਨੇ ਵਿੱਚ ਸਥਾਪਿਤ ਕਰਨ ਨਾਲ ਲੋਕਾਂ ਨੂੰ ਇਸ ਤੋਂ ਲੋੜੀਂਦੀਆਂ ਸੁਵਿਧਾਵਾਂ ਤੋਂ ਵਾਂਝਿਆ ਕਰਨਾ ਹੋਵੇਗਾ।ਉਨ੍ਹਾਂ ਕਿਹਾ ਕਿ ਪਹਿਲਾ ਹੀ ਪੀ. ਜੀ. ਆਈ. ਚੰਡੀਗੜ੍ਹ ਤੋਂ ਪੰਜਾਬ ਦੇ ਲੋਕਾਂ ਤੋਂ ਜਿਆਦਾ ਗੁਆਂਢੀ ਸੂਬਿਆਂ ਜਿਵੇਂ ਕਿ ਹਿਮਾਚਲ ਤੇ ਹਰਿਆਣਾ ਦੇ ਲੋਕ ਜਿਆਦਾ ਲਾਭ ਉਠਾਉਂਦੇ ਹਨ।
ਸ: ਛੀਨਾ ਜੋ ਕਿ ਪਹਿਲਾ ਵੀ ਕੇਂਦਰੀ ਉੱਚ ਵਿੱਦਿਆ ਸੰਸਥਾ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜ਼ਮੈਂਟ (ਆਈ. ਆਈ. ਐੱਮ.) ਨੂੰ ਅੰਮ੍ਰਿਤਸਰ ਤੋਂ ਬਠਿੰਡਾ ਤਬਦੀਲ ਕਰਨ ਦੇ ਫੈਸਲੇ ਖਿਲਾਫ਼ ਆਪਣੀ ਅਵਾਜ਼ ਉਠਾ ਚੁੱਕੇ ਹਨ, ਨੇ ਕਿਹਾ ਕਿ ਸਾਰੇ ਵਿਕਾਸ ਦੇ ਪ੍ਰੋਜੈਕਟਾਂ ਨੂੰ ਸੂਬੇ ਇਕ ਕੋਨੇ ਵੱਲ ਤੋਰਨਾ ਸਰਾਸਰ ਬੇਇਨਸਾਫ਼ੀ ਹੈ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਧਰਤੀ ਨਾਲ ਮੋਹ ਦੇ ਬਾਵਜੂਦ ਵੀ ਉਹ ਚਾਹੁੰਦੇ ਹਨ ਕਿ ਇਸ ਤਰ੍ਹਾਂ ਦਾ ਮੈਡੀਕਲ ਸੰਸਥਾ ਸੂਬੇ ਦੇ ਕਿਸੇ ਕੇਂਦਰ ਵਿੱਚ ਹੋਵੇ ਤਾਂ ਕਿ ਪੂਰੇ ਸੂਬੇ ਦੇ ਲੋਕ ਇਸ ਤੋਂ ਫਾਇਦਾ ਲੈ ਸਕਣ। ਸ: ਛੀਨਾ ਨੇ ਕਿਹਾ ਜਗ੍ਹਾ ਦਾ ਨਾ ਮਿਲਣਾ ਕਦੇ ਵੀ ਇਸ ਤਰ੍ਹਾਂ ਦੀ ਉੱਚ ਸੰਸਥਾ ਨੂੰ ਕਿਸੇ ਦੂਸਰੇ ਪਾਸੇ ਸਥਾਪਿਤ ਕਰ ਲੈਣ ਦਾ ਬਹਾਨਾ ਨਹੀਂ ਹੋਣਾ ਚਾਹੀਦਾ ਅਤੇ ਸ: ਬਾਦਲ ਨੂੰ ਚਾਹੀਦਾ ਹੈ ਕਿ ਉਹ ਆਪਣਾ ਅਸਰ ਰਸੂਖ ਵਰਤਦਿਆਂ ਇਸ ਸੰਸਥਾ ਦੇ ਕੇਂਦਰ ਵਿੱਚ ਲਗਾਉਣ ਦਾ ਯਤਨ ਕਰਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply