Thursday, March 19, 2026

ਫੂਡ ਪ੍ਰੋਸੈਸਿੰਗ ਦੇ ਖੇਤਰ ਵਿੱਚ ਪੰਜਾਬ ਦੀ ਬਦਲੇਗੀ ਨੁਹਾਰ – ਕੇਂਦਰੀ ਮੰਤਰੀ ਹਰਸਿਮਰਤ

ਬੀਬੀ ਬਾਦਲ ਨੇ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਦੀ ਟ੍ਰੇਨਿੰਗ ਸਿਖਲਾਈ ਕੇਂਦਰ ਦਾ ਉਦਘਾਟਨ
ਕਿਹਾ, ਬਠਿੰਡਾ ਵਿਚ ਏਮਜ਼ ਲਈ ਰੁਕਾਵਟਾਂ ਖੜ੍ਹੀਆਂ ਕਰ ਰਹੀ ਹੈ ਕਾਂਗਰਸ

ACD Systems Digital Imaging
ACD Systems Digital Imaging

ਬਠਿੰਡਾ, 7 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨਾਂ ਵਲੋਂ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਦਿਖਾਈ ਜਾ ਰਹੀ ਡੂੰਘੀ ਦਿਲਚਸਪੀ ਕਾਰਨ ਪੰਜਾਬ ਦੀ ਨੁਹਾਰ ਬਦਲੇਗੀ ਅਤੇ ਇਸ ਖੇਤਰ ਵਿਚ ਜਿੱਥੇ ਕਿਸਾਨ ਫਸਲੀ ਚੱਕਰ ਵਿਚੋਂ ਬਾਹਰ ਨਿਕਲਣਗੇ, ਉਥੇ ਰੁਜ਼ਗਾਰ ਦੇ ਸਾਧਨ ਵੱਧਣ ਦੇ ਨਾਲ-ਨਾਲ ਆਮਦਨ ਵਿਚ ਚੋਖਾ ਵਾਧਾ ਹੋਵੇਗਾ। ਉਹ ਅੱਜ ਪਿੰਡ ਜੋਧਾ ਰੁਮਾਣਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਵਿਚ ਫੂਡ ਪ੍ਰੈਸੋਸਿੰਗ ਦੀ ਟ੍ਰੇਨਿੰਗ ਲਈ ਖੋਲ੍ਹੇ ਗਏ ਟ੍ਰੇਨਿੰਗ-ਕਮ-ਬਿਜ਼ਨਿਸ ਇੰਕੁਬੇਸ਼ਨ ਕੇਂਦਰ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਲਈ ਸਿਖਲਾਈ ਬਹੁਤ ਜ਼ਰੂਰੀ ਹੈ, ਇਸ ਲਈ ਬਠਿੰਡਾ ਵਿਖੇ ਇਹ ਸਿਖਲਾਈ ਕੇਂਦਰ ਖੋਲ੍ਹਿਆ ਗਿਆ ਹੈ, ਤਾਂ ਜੋ ਕਿਸਾਨ ਆਪਣੀਆਂ ਫਸਲਾਂ ਦੀ ਪ੍ਰੈਸੈਸਿੰਗ ਕਰਕੇ ਬਿਜ਼ਨਿਸ ਦੇ ਰਾਹ ਪੈ ਸਕਣ।
ਬੀਬੀ ਬਾਦਲ ਨੇ ਕਿਹਾ ਕਿ ਸਿਖਲਾਈ ਕੇਂਦਰ ਵਿਚ 10 ਹਜ਼ਾਰ ਤੋਂ ਲੈਕੇ 1 ਲੱਖ ਰੁਪਏ ਤੱਕ ਦੀਆਂ ਵੱਖ-ਵੱਖ ਮਸ਼ੀਨਾਂ ਹਨ, ਜਿਨ੍ਹਾਂ ਰਾਹੀਂ ਕਿਸਾਨ ਪੈਕਿੰਗ ਤੋਂ ਲੈਕੇ ਫੂਡ ਪ੍ਰੋਸੈਸ ਕਰਨ ਤੱਕ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰੋਸੈਸਿੰਗ ਉਪਰੰਤ ਕਿਸਾਨਾਂ ਨੂੰ ਮਾਰਕਟਿੰਗ ਵਿਚ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਜਿਸ ਲਈ ਉਚਿਤ ਬੰਦੋਬਸਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਗਾ ਫੂਡ ਪਾਰਕਾਂ ਦੇ ਨਾਲ-ਨਾਲ ਫੂਡ ਪ੍ਰੋਸੈਸਿੰਗ, ਟੈਸਟਿੰਗ ਅਤੇ ਮਾਰਕਟਿੰਗ ਦੀਆਂ ਸਹੂਲਤਾਂ ਦੇਕੇ ਪੰਜਾਬ ਵਿਚ ਵਧੀਆ ਮਾਹੌਲ ਸਿਰਜਿਆ ਜਾਵੇਗਾ, ਤਾਂ ਜੋ ਸੂਬੇ ਵਿਚ ਫਸਲੀ ਚੱਕਰ ਨੂੰ ਠੱਲ੍ਹ ਪਾਕੇ ਨਵੀਂ ਕ੍ਰਾਂਤੀ ਲਿਆਂਦੀ ਜਾ ਸਕੇ। ਉਨ੍ਹਾਂ ਟ੍ਰੇਨਿੰਗ ਕੇਂਦਰ ਦਾ ਦੌਰਾ ਵੀ ਕੀਤਾ ਅਤੇ ਮਸ਼ੀਨਾਂ ਬਾਰੇ ਜਾਣਕਾਰੀ ਵੀ ਹਾਸਲ ਕਰਨ ਤੋਂ ਇਲਾਵਾ ਟ੍ਰੇਨਿੰਗ ਪ੍ਰਾਪਤ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਟ੍ਰੇਨਿੰਗ ਦੌਰਾਨ ਉਨ੍ਹਾਂ ਲਈ ਹਰ ਸਹੂਲਤ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਬਠਿੰਡਾ ਸ਼ਹਿਰ ਵਿਚ ਮਾਰਕਟਿੰਗ ਲਈ ਯੋਗ ਥਾਵਾਂ ਦੀ ਚੋਣ ਕਰਨ ਲਈ ਵੀ ਕਿਹਾ, ਤਾਂ ਜੋ ਕਿਸਾਨ ਆਪਣੀਆਂ ਵਸਤਾਂ ਆਸਾਨੀ ਨਾਲ ਵੇਚ ਸਕਣ।
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਮੇਤ ਪਰਿਵਾਰ ਖਿਲਾਫ ਅੱਜ ਕਾਲੇ ਧਨ ਦੇ ਮਾਮਲੇ ਵਿਚ ਡਾਇਰੈਕਟੋਰੇਟ ਇਨਫੋਰਸਮੈਂਟ ਕੋਲ ਇਨਕੁਆਰੀ ਚੱਲ ਰਹੀ ਹੈ, ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਇਨ੍ਹਾਂ ਨੇ ਆਪਣੀਆਂ ਹੀ ਜੇਬਾਂ ਭਰੀਆਂ ਹਨ, ਪੰਜਾਬ ਦਾ ਕੁਝ ਨਹੀਂ ਸਵਾਰਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਨੂੰ ਬਠਿੰਡਾ ਵਿਚ ਏਮਜ਼ ਦਾ ਸਵਾਗਤ ਕਰਨਾ ਚਾਹੀਦਾ ਹੈ, ਪਰ ਇਹ ਰੁਕਾਵਟਾਂ ਖੜ੍ਹੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਦਾਹੀਣ ਕਾਂਗਰਸ ਕੇਵਲ ਕੂੜ ਪ੍ਰਚਾਰ ਹੀ ਕਰ ਰਹੀ ਹੈ, ਜਦਕਿ ਕਾਂਗਰਸ ਨੇ ਪੰਜਾਬ ਲਈ ਕਦੇ ਕੁਝ ਨਹੀਂ ਕੀਤਾ, ਹੁਣ ਜਦ ਪੰਜਾਬ ਨੂੰ ਕੇਂਦਰ ਵਲੋਂ ਵੱਡੇ-ਵੱਡੇ ਪ੍ਰੋਜੈਕਟ ਮਿਲ ਰਹੇ ਹਨ, ਤਾਂ ਕਾਂਗਰਸ ਇਸਦਾ ਵਿਰੋਧ ਕਰ ਰਹੀ ਹੈ।

                            ਉਨ੍ਹਾਂ ਕਿਹਾ ਕਿ ਏਮਜ਼ ਬਠਿੰਡਾ ਅਤੇ ਆਸ-ਪਾਸ ਦੇ ਇਲਾਕੇ ਲਈ ਬੜਾ ਫਾਇਦੇਮੰਦ ਸਾਬਤ ਹੋਵੇਗਾ, ਇਹ ਜਵਾਬ ਮਾਲਵੇ ਦੇ ਕਾਂਗਰਸੀਆਂ ਨੂੰ ਆਪਣੇ ਸੀਨੀਅਰ ਲੀਡਰਾਂ ਨੂੰ ਦੇਣਾ ਚਾਹੀਦਾ ਹੈ, ਕਿਉਂਕਿ ਇਸ ਇਲਾਕੇ ਨੂੰ ਇਸ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕੂੜ ਪ੍ਰਚਾਰ ਕਰਨ ਨਾਲ ਜੇਕਰ ਏਮਜ਼ ਬਠਿੰਡਾ ਵਿਖੇ ਰੁਕਾਵਟ ਪੈਂਦੀ ਹੈ, ਤਾਂ ਇਸਦੀ ਜ਼ਿੰਮੇਵਾਰੀ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਨੇ ਪੰਜਾਬ ਦੀ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਵੀ ਖੋਹ ਲਈਆਂ ਸਨ, ਪਰ ਹੁਣ ਜਦੋਂ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਸੂਬੇ ਦੇ ਵਿਕਾਸ ਲਈ ਕਦਮ ਪੁੱਟੇ ਜਾ ਰਹੇ ਹਨ, ਤਾਂ ਇਸ ਕਾਂਗਰਸ ਦਾ ਧਿਆਨ ਝੂਠ ਦੀ ਰਾਜਨੀਤੀ ਕਰਨ ਵੱਲ ਲੱਗਾ ਹੋਇਆ ਹੈ।
ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦੀਨ ਦਿਆਲ ਉਪਾਧਿਆ ਗ੍ਰਾਮੀਣ ਯੋਜਨਾ ਸਬੰਧੀ ਮੀਟਿੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਨਵੀਂ ਯੋਜਨਾ ਨੂੰ ਪੰਜਾਬ ਵਿਚ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ, ਤਾਂ ਜੋ ਪਿੰਡਾਂ ਨੂੰ ਵਿਕਾਸ ਪੱਖੋਂ ਹੋਰ ਉਚਾ ਚੁੱਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਸੂਬੇ ਨੂੰ ਕਰੋੜਾਂ ਰੁਪਏ ਕੇਂਦਰ ਸਰਕਾਰ ਵਲੋਂ ਆਏ ਹਨ, ਇਸ ਲਈ ਅਧਿਕਾਰੀ ਇਸ ਯੋਜਨਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਕੋਈ ਕੋਤਾਹੀ ਨਾ ਵਰਤਣ। ਉਨ੍ਹਾਂ ਕਿਹਾ ਕਿ ਇਸ ਨਵੀਂ ਯੋਜਨਾ ਨਾਲ ਪਿੰਡਾਂ ਵਿਚ ਬਿਜਲੀ ਦੇ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਇਸ ਮੌਕੇ ਸਾਬਕਾ ਐਮ.ਪੀ. ਬੀਬੀ ਪਰਮਜੀਤ ਕੌਰ ਗੁਲਸ਼ਨ, ਹਲਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਕਾਰਜਕਾਰੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਐਸ.ਐਸ.ਪੀ. ਇੰਦਰ ਮੋਹਨ ਸਿੰਘ ਭੱਟੀ, ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਡਾ. ਬਲਦੇਵ ਸਿੰਘ ਢਿਲੋਂ, ਓ.ਐਸ.ਡੀ. ਟੂ ਡਿਪਟੀ ਸੀ.ਐਮ. ਮੁਨੀਸ਼ ਕੁਮਾਰ ਅਤੇ ਹਰਿੰਦਰ ਸਿੰਘ ਸਰਾਂ, ਸਹਾਇਕ ਮੀਡੀਆ ਸਲਾਹਕਾਰ ਹਰਜਿੰਦਰ ਸਿੰਘ ਸਿੱਧੂ, ਜ਼ਿਲ੍ਹਾ ਪ੍ਰੈਸ ਸਕੱਤਰ ਸ਼੍ਰੋਮਣੀ ਅਕਾਲੀ ਦਲ ਡਾ. ਓਮ ਪ੍ਰਕਾਸ਼ ਤੋਂ ਇਲਾਵਾ ਹੋਰ ਵੀ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply