Saturday, July 25, 2026

ਸਥਾਪਿਤ ਲੇਖਿਕਾ ਤਾਰਨ ਗੁਜਰਾਲ ਨਾਲ ਰਚਾਈ ਸਾਹਿਤਕ ਮਿਲਣੀ

PPN1107201510
ਅੰਮ੍ਰਿਤਸਰ, 11 ਜੁਲਾਈ (ਗੁਰਚਰਨ ਸਿੰਘ)- ਪੰਜਾਬੀ ਜੁਬਾਨ ਦੀ ਨਾਮਵਰ ਸਾਹਿਤਕਾਰਾ ਤਾਰਨ ਗੁਜਰਾਲ ਨਾਲ ਉਨ੍ਹਾਂ ਦੀ ਅੰਮ੍ਰਿਤਸਰ ਫੇਰੀ ਦੌਰਾਨ ਇੱਕ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ। ਸ਼ਾਇਰ ਦੇਵ ਦਰਦ ਦੇ ਗ੍ਰਹਿ ਹੋਈ ਇਸ ਅਰਥ ਭਰਪੂਰ ਸਾਹਿਤਕ ਮਿਲਣੀ ‘ਚ ਕਥਾਕਾਰ ਦੀਪ ਦਵਿੰਦਰ ਸਿੰਘ ਨੇ ਤਾਰਨ ਗੁਜਰਾਲ ਦੀਆਂ ਪੁਸਤਕਾਂ ‘ਜੁਗਨੁੰਆਂ ਦਾ ਕਬਰਸਤਾਨ’, ‘ਇਬਨੇਮਰੀਅਮ’, ‘ਉਰਵਾਰ ਪਾਰ’, ‘ਖਪਰਾ ਮਹੱਲ’, ‘ਰੱਤ ਕਾ ਕੁੰਗੂ’ ਅਤੇ ‘ਰਿਮ ਝਿਮ ਆਇਆ ਮੇਘਲਾ’ ਦੇ ਹਵਾਲੇ ਨਾਲ ਜਾਣ ਪਹਿਚਾਣ ਕਰਵਾਉਂਦਿਆਂ ਦੱਸਿਆ ਕਿ ਤਾਰਨ ਹੋਰਾਂ ਦੀਆਂ ਸਮੁੱਚੀਆਂ ਕਹਾਣੀਆਂ ਮਾਨਵੀ ਸਮਾਜ ਅਤੇ ਮਨੁੱਖੀ ਲੋੜਾਂ-ਥੁੜਾਂ ਦੇ ਕੌੜੇ ਸੱਚ ਨੂੰ ਬਿਆਨਦੀਆਂ ਹਨ। ਇਸ ਸਮੇਂ ਤਾਰਨ ਹੋਰਾਂ ਦੱਸਿਆ ਕਿ ਉਨ੍ਹਾਂ ਦੀ ਮੁੱਢਲੀ ਤਾਲੀਮ ਲੇਖਕਾਂ ਦੀ ਧਰਤੀ ਪ੍ਰੀਤ ਨਗਰ ਵਿੱਚ ਹੋਈ ਸੀ। ਇਸੇ ਕਰਕੇ ਉਨ੍ਹਾਂ ਦੀ ਜੀਵਨ ਸ਼ੈਲੀ ਤੇ ਸ੍ਰ: ਗੁਰਬਖਸ਼ ਸਿੰਘ ਪ੍ਰੀਤ ਲੜੀ ਅਤੇ ਨਾਨਕ ਸਿੰਘ ਹੋਰਾਂ ਦੀ ਸਖਸ਼ੀਅਤ ਅਤੇ ਸਿਰਜਣਾ ਦਾ ਵੱਡਾ ਅਸਰ ਰਿਹਾ ਹੈ। ਉਨ੍ਹਾਂ ਅਜੋਕੀ ਪੰਜਾਬੀ ਕਹਾਣੀ ਬਾਰੇ ਆਪਣੀ ਰਾਏ ਜਾਹਿਰ ਕਰਦਿਆਂ ਦੱਸਿਆ ਕਿ ਹੁਣ ਤੱਕ ਦੀ ਪੰਜਾਬੀ ਕਹਾਣੀ ‘ਚ ਔਰਤ ਪਾਤਰ ਦੁੱਖਾਂ ਦਰਦਾਂ ਦੀ ਝੰਬੀ, ਜਾਇਜ਼-ਨਜਾਇਜ਼ ਰਿਸ਼ਤੇ ਭੋਗਦੀ ਅਤੇ ਪੈਰ-ਪੈਰ ਤੇ ਠੋਕਰਾਂ ਖਾਂਦੀ ਪੇਸ਼ ਹੁੰਦੀ ਹੈ। ਜਿਵੇਂ ਅਜੋਕੀ ਨਾਰੀ ਨੇ ਪੜ੍ਹ-ਲਿੱਖ ਕੇ ਬੇਸ਼ੁਮਾਰ ਤਰੱਕੀ ਦੀਆਂ ਮੰਜ਼ਿਲਾਂ ਸਰ ਕੀਤੀਆਂ ਹਨ ਪੰਜਾਬੀ ਗਲਪ ਵਿੱਚ ਵੀ ਔਰਤ ਦੀ ਸਥਿਤੀ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਲੇਖਕਾਂ ਦੀ ਬੇਹਤਰੀ ਲਈ ਕਿਤਾਬਾਂ ਮੁੱਲ ਖਰੀਦ ਕੇ ਪੜ੍ਹਣ ਦੀ ਚੇਟਕ ਤੇ ਵੀ ਜੋਰ ਦਿੱਤਾ।
ਰਚਨਾਵਾਂ ਦੇ ਦੌਰ ‘ਚ ਤਾਰਨ ਹੋਰਾਂ ਆਪਣੀ ਚਰਚਿਤ ਨਜ਼ਮ ‘ਮੇਰੇ ਮੱਥੇ ਨਾਲ ਲਗ ਇਲਜ਼ਾਮ ਵਾਂਗੂੰ’ ਤਰੰਨੁਮ ‘ਚ ਗਾ ਕੇ ਸੁਣਾਈ। ਸ਼ਾਇਰ ਦੇਵ ਦਰਦ ਨੇ ਆਪਣੀਆਂ ਦੋ ਗਜ਼ਲਾਂ ‘ਦੀਵਾ ਹੋਣ ਦਾ ਵਰ’ ਅਤੇ ‘ਹਾਲ ਬੁਰੇ ਨੇ ਤੇਰੇ ਬਿਨ’ ਸੁਣਾਈਆਂ। ਦੀਪ ਦਵਿੰਦਰ ਸਿੰਘ ਨੇ ਦਲਿਤ ਮਸਲਿਆਂ ਨੂੰ ਅਧਾਰ ਬਣਾ ਕੇ ਲਿਖੀ ਕਹਾਣੀ ‘ਗੰਢਾਂ’ ਪੜ੍ਹ ਕੇ ਸੁਣਾਈ। ਤਰਕਸ਼ੀਲ ਆਗੂ ਸੁਮੀਤ ਸਿੰਘ ਅਤੇ ਡਾ. ਕਸ਼ਮੀਰ ਸਿੰਘ ਨੇ ਸਾਂਝੇ ਤੌਰ ਤੇ ਤਾਰਨ ਗੁਜਰਾਲ ਹੋਰਾਂ ਦਾ ਧੰੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply