
ਸੰਦੌੜ, 12 ਜੁਲਾਈ (ਹਰਮਿੰਦਰ ਸਿੰਘ) – ਸਿੱਖੀ ਦੇ ਪ੍ਰਚਾਰ ਅਤੇ ਪਾਸਾਰ ਲਈ ਪੰਥ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਗੁਰਮਤਿ ਪ੍ਰਚਾਰ ਸੇਵਾ ਲਹਿਰ ਜਥੇ ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਅਤੇ ਉਨ੍ਹਾਂ ਦੇ ਦੋ ਸਾਥੀ ਭਾਈ ਕੁਲਵੰਤ ਸਿੰਘ ਕਾਂਝਲਾ ਤੇ ਭਾਈ ਲਖਵੀਰ ਸਿੰਘ ਲੱਖਾ ਨੂੰ ਪੁਲਿਸ ਨੇ ਬਿਨਾਂ ਵਜੋਂ ਹਿਰਾਸਤ ਵਿਚ ਲੈ ਕੇ ਜੇਲ੍ਹ ਭੇਜਣ ਦੇ ਰੋਸ ਪ੍ਰਦਰਸ਼ਨ ਲਈ ਰੂਪ ਰੇਖਾ ਤਿਆਰ ਕਰਨ ਹਿੱਤ ਭਾਈ ਸਾਹਿਬ ਦੇ ਗ੍ਰਹਿ ਵਿਖੇ ਸਿੱਖ ਪੰਥ ਦੇ ਵੱਖ ਵੱਖ ਸਿਰਮੌਰ ਜਥੇਬੰਦੀਆਂ ਦੇ ਮੁੱਖ ਸੇਵਾਦਾਰਾਂ ਵੱਲੋਂ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ।
ਇਸ ਮੀਟਿੰਗ ਵਿਚ ਉਚੇਚੇ ਤੌਰ ਤੇ ਪਹੁੰਚੇ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਅਤੇ ਵਾਹਿਗੁਰੂ ਪ੍ਰਚਾਰ ਸੇਵਾ ਲਹਿਰ ਦੇ ਮੁਖੀ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲੇ, ਯੰਗ ਸਿੱਖ ਫੈਡਰੇਸ਼ਨ ਧਰਮ ਪ੍ਰਚਾਰ ਦੇ ਸੇਵਾਦਾਰ ਭਾਈ ਹਰਜੀਤ ਸਿੰਘ ਚੱਕਰ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਸੁਖਜੀਤ ਸਿੰਘ ਖੋਸਾ ਪਹੁੰਚੇ ਅਤੇ ਸਾਂਝੇ ਤੌਰ ਤੇ ਭਾਈ ਸਾਹਿਬ ਨੂੰ ਹਿਰਾਸਤ ਵਿਚ ਲੈਣ ਦੀ ਕਰੜੀ ਨਿੰਦਿਆਂ ਕਰਦਿਆਂ ਕਿਹਾ ਕਿ ਆਪਣੇ ਕੌਮ ਲਈ ਹਿੱਤਕਾਰੀ ਹੱਕਾਂ ਨੂੰ ਮੰਗਾਂ ਕੋਈ ਅਪਰਾਧ ਨਹੀਂ ਹੈ, ਜੋ ਕਿ ਰੈਫਰੈਂਡਮ ਦੇ ਪ੍ਰਚਾਰ ਦੌਰਾਨ ਭੜਕਾਓ ਭਾਸ਼ਣਾਂ ਦਾ ਭਾਈ ਸਾਹਿਬ ‘ਤੇ ਦੋਸ਼ ਲਗਾਇਆ ਜਾ ਰਿਹਾ ਹੈ, ਉਹ ਅਤਿ ਨਿੰਦਣਯੋਗ ਹੈ।ਉਕਤ ਆਗੂਆਂ ਨੇ ਕਿਹਾ ਕਿ ਭਾਈ ਸਾਹਿਬ ਵੱਲੋਂ ਸਿੱਖੀ ਨੂੰ ਪ੍ਰਫੁਲਿਤ ਕਰਨ ਲਈ ਸਮੇਂ ਸਮੇਂ ਸਿਰ ਦਸਤਾਰ ਸਿਖਲਾਈ, ਸ਼ਬਦ ਕੀਰਤਨ ਤੇ ਗਤਕੇ ਮੁਕਾਬਲੇ, ਨਗਰ ਕੀਰਤਨ ਅਤੇ ਸਿੱਖ ਇਤਿਹਾਸ ਦੇ ਲਿਟਰੇਚਰ ਭੇਟਾ ਰਹਿਤ ਵੰਡ ਕੇ ਵੱਡੀ ਗਿਣਤੀ ਵਿਚ ਨੌਜੁਆਨ ਪੀੜੀ ਨੂੰ ਸਿੱਖੀ ਪਹਿਰਾਵੇ ਅਤੇ ਨਸ਼ਿਆਂ ਤੋ ਬਚਣ ਲਈ ਪ੍ਰੇਰਿਤ ਕਰਨ ਤੋ ਇਲਾਵਾ ਕੌਮੀ ਸਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਅਤੇ ਉਨ੍ਹਾਂ ਦੀਆਂ ਬਰਸੀਆਂ ਆਦਿ ਮਨਾਉਣ ਦਾ ਬਹੁਤ ਵੱਡਾ ਯੋਗਦਾਨ ਹੈ।ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਮਰਨ ਵਰਤ ਤੇ ਬੈਠੇ ਬਾਪੂ ਸੂਰਤ ਸਿੰਘ ਦੇ ਸੰਘਰਸ਼ ਵਿੱਚ ਵੀ ਪੋਸਟਰ ਅਤੇ ਸਟਿੱਕਰ ਆਦਿ ਤਿਆਰ ਕਰਵਾ ਕੇ ਵੰਡੇ ਗਏ ਸਨ ਅਤੇ ਸੰਘਰਸ਼ ਨੂੰ ਸਫਲਤਾ ਦੇਣ ਲਈ ਮੋਹਰੀ ਤੌਰ ‘ਤੇ ਰੋਲ ਅਦਾ ਕਰ ਰਹੇ ਸਨ, ਜਿਸ ਨੂੰ ਸਿਆਸਤੀ ਲੀਡਰਾਂ ਨੇ ਰੋਕ ਲਾਉਣ ਲਈ ਗ਼ਲਤ ਨੀਤੀਆਂ ਤਹਿਤ ਹਿਰਾਸਤ ਵਿਚ ਲੈ ਲਿਆ ਅਤੇ ਜ਼ਮਾਨਤ ਨੂੰ ਨਾ-ਮਨਜ਼ੂਰ ਕਰ ਕੇ ਇਹ ਸਿੱਧ ਕਰ ਦਿੱਤਾ ਕਿ ਸਰਕਾਰ ਬਾਪੂ ਜੀ ਦੀ ਗਿਰ ਰਹੀ ਸਿਹਤ ਪ੍ਰਤੀ ਗੰਭੀਰ ਨਹੀਂ ਹੈ।ਉਨ੍ਹਾਂ ਕਿਹਾ ਕਿ ਭਾਈ ਸਾਹਿਬ ਦੀ ਕੌਮ ਨੂੰ ਦਿੱਤੀ ਇਸ ਦੇਣ ਨੂੰ ਠੱਲ੍ਹ ਨਹੀਂ ਪਵਾਈ ਜਾਵੇਗੀ ਅਤੇ ਭਾਈ ਸਾਹਿਬ ਦੀ ਰਿਹਾਈ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ। ਅੰਤ ਵਿਚ ਮੀਟਿੰਗ ਵਿਚ ਹੈ ਫ਼ੈਸਲਾ ਲਿਆ ਗਿਆ ਕਿ ਗੁਰਮਤਿ ਪ੍ਰਚਾਰ ਵੱਲੋਂ ਛਪਵਾਇਆ ਲਿਟਰੇਚਰ ਅਤੇ ਪੋਸਟਰ ਹਰੇਕ ਪਿੰਡ ਤੇ ਕਸਬਿਆਂ ਲਗਵਾਇਆ ਜਾਵੇਗਾ।
ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਸਿੱਖ ਮੁਸਲਿਮ ਯੂਥ ਫ਼ਰੰਟ ਦੇ ਆਗੂ, ਭਾਈ ਅਮਨਜੋਤ ਸਿੰਘ ਬੂੰਗਾਂ, ਭਾਈ ਜਗਦੀਸ਼ ਸਿੰਘ ਬਬਰ, ਭਾਈ ਗੁਰਧਿਆਨ ਸਿੰਘ, ਭਾਈ ਭੀਮ ਸਿੰਘ, ਭਾਈ ਗੁਰਵਿੰਦਰ ਸਿੰਘ ਹੇੜੀਕੇ, ਭਾਈ ਮਹਿੰਦਰ ਸਿੰਘ ਮੋਨੂੰ, ਕਾਲਾ ਸਿੰਘ ਭੂਰੇ, ਅੰਮ੍ਰਿਤ ਪਾਲ ਸਿੰਘ ਜੋਧਪੁਰ ਆਦਿ ਜਥੇਬੰਦੀਆਂ ਦੇ ਸੇਵਾਦਾਰ ਹਾਜਰ ਸਨ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media