
ਸੰਦੌੜ, 14 ਜੁਲਾਈ (ਹਰਮਿੰਦਰ ਸਿੰਘ) – ਬੀਤੇ ਕਈ ਮਹੀਨਿਆਂ ਤੋਂ ਸਜਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਜੀ ਦੀ ਉਨ੍ਹਾਂ ਦੇ ਜੱਦੀ ਪਿੰਡ ਹਸਨਪੁਰ ਵਿਖੇ ਨਾਜ਼ੁਕ ਹੋਈ ਹਾਲਾਤ ਤੋਂ ਬੇਖ਼ਬਰ ਹੋ ਰਹੀ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਅਕਾਲੀ ਦਲ ਦੀ ਸਰਕਾਰ ਨੂੰ ਹਲੂਣਾ ਦੇਣ ਲਈ ਬਾਪੂ ਜੀ ਦੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਹੀ ਸਮਰਥਕਾਂ ਵੱਲੋਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਤਹਿਤ ਬੀਤੇ ਦਿਨੀਂ ਲੁਧਿਆਣਾ ਬੰਦ ਵੀ ਰੱਖਿਆ ਗਿਆ ਸੀ ਅਤੇ ਵੰਗਾਰ ਮਾਰਚ ਜੋ ਅੱਜ ਗੁਰਦੁਆਰਾ ਟਾਹਲੀਆਣਾ ਸਾਹਿਬ ਤੋਂ ਬਾਪੂ ਜੀ ਦੇ ਸੰਘਰਸ਼ ਦੀ ਜਿੱਤ ਦੀ ਅਰਦਾਸ ਕਰਨ ਉਪਰੰਤ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਅਤੇ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਤੋਂ ਇਲਾਵਾ ਇਸ ਸੰਘਰਸ਼ ਨੂੰ ਸਾਂਝੀਵਾਲਤਾ ਦਾ ਪ੍ਰਤੀਕ ਸਮਝਦੇ ਹੋਏ ਵੱਖ-ਵੱਖ ਧਰਮਾਂ ਦੇ ਮੁਖੀਆਂ ਅਤੇ ਲੋਕਾਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਬੱਸੀਆਂ, ਕਮਾਲਪੁਰਾ, ਤਲਵੰਡੀ, ਰਾਜੋਆਣਾ, ਹੇਰਾਂ, ਬੋਪਾਰਾਏ, ਰਕਬਾ, ਸੁਧਾਰ, ਦਾਖਾ ਅਤੇ ਮੁੱਲਾਂਪੁਰ ਵਿਚ ਦੀ ਹੁੰਦਾ ਹੋਇਆ ਬਾਪੂ ਜੀ ਦੇ ਪਿੰਡ ਹਸਨਪੁਰ ਵਿਖੇ ਸੰਪੰਨ ਹੋਇਆ। ਰਸਤੇ ‘ਚ ਆਉਂਦੇ ਪਿੰਡਾਂ ਦੀਆਂ ਸੰਗਤਾਂ ਨੇ ਲੰਗਰ ਲਗਾ ਕੇ ਵੰਗਾਰ ਮਾਰਚ ਦੇ ਸਿੰਘਾਂ ਦਾ ਸਾਥ ਦੇ ਕੇ ਉਨ੍ਹਾਂ ਦਾ ਹੌਸਲਾ ਦਿੱਤਾ।ਇਸ ਵੰਗਾਰ ਮਾਰਚ ਵਿਚ ਅਲੀਪੁਰ ਖ਼ਾਲਸਾ ਤੋਂ ਵਾਹਿਗੁਰੂ ਪ੍ਰਚਾਰ ਸੇਵਾ ਦਲ ਅਤੇ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਦਾ ਵੱਡੀ ਗਿਣਤੀ ਵਿਚ ਜਥਾ ਅਤੇ ਪਿੰਡ ਚੂਹੜਚੱਕ ਤੋਂ ਸਹਿਜਧਾਰੀ ਸਿੱਖ ਨਿਧੜਕ ਜੁਝਾਰੂ ਸਿੰਘ ਲੱਖਾ ਸਿੰਘ ਦੇ ਜਥੇ ਤੋ ਇਲਾਵਾ ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਜਥੇ ਦੇ ਸੇਵਾਦਾਰਾਂ ਦਾ ਭਾਰੀ ਇਕੱਠ ਹਾਜ਼ਰ ਹੋਇਆ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media