
ਸੰਦੌੜ, 17 ਜੁਲਾਈ (ਹਰਮਿੰਦਰ ਸਿੰਘ ਭੱਟ) – ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਜਥੇ ਦੇ ਮੁਖੀ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਪੁਲਿਸ ਵੱਲੋਂ ਦੂਜੀ ਵਾਰ ਹਿਰਾਸਤ ਵਿਚ ਲੈਣ ਦੇ ਸੰਬੰਧ ਵਿਚ ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰ ਦੀ ਅਗਵਾਈ ਹੇਠ ਜਥੇ ਦੇ ਮੈਂਬਰ ਅਤੇ ਸਿੱਖ ਜਥੇਬੰਦੀਆਂ ਦੇ ਸਿੰਘਾਂ ਵੱਲੋਂ ਐਸ.ਐਸ. ਪੀ ਬਰਨਾਲਾ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ ਗਈ।ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰ ਅਤੇ ਕੁਲਵੰਤ ਸਿੰਘ ਕਾਂਝਲਾ ਨੇ ਦੱਸਿਆ ਕੇ ਭਾਈ ਸਾਹਿਬ ਨੂੰ 2020 ਸਿੱਖ ਰਿਫਰੈਂਡਮ ਦੇ ਪ੍ਰਚਾਰ ਦੌਰਾਨ ਪੁਲਿਸ ਨੇ ਬੀਤੇ ਦਿਨੀਂ ਹਿਰਾਸਤ ਵਿਚ ਲੈ ਲਿਆ ਸੀ ਅਤੇ ਜ਼ਮਾਨਤ ਵੀ ਦੇ ਦਿੱਤੀ ਸੀ, ਪਰ ਅਗਲੇ ਹੀ ਦਿਨ ਫਿਰ ਗ੍ਰਿਫ਼ਤਾਰ ਕਰ ਲਿਆ ਤੇ ਭਾਈ ਸਾਹਿਬ ਨੂੰ ਬੇਵਜ੍ਹਾ ਤੰਗ ਕੀਤੇ ਜਾਣ ਦੇ ਸੰਦਰਭ ‘ਚ ਜਥੇ ਦੇ ਸੇਵਾਦਾਰਾਂ ਅਤੇ ਸਿੱਖ ਜਥੇਬੰਦੀਆਂ ਦੇ ਸਿੰਘਾਂ ਨੇ ਐਸ.ਐਸ.ਪੀ ਬਰਨਾਲਾ ਨਾਲ ਮੀਟਿੰਗ ਕੀਤੀ ।ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਐਸ. ਪੀ ਨੇ ਕਿਹਾ ਕਿ ਗੁਰਮਤਿ ਪ੍ਰਚਾਰ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ, ਪਰ ਜੋ ਰਿਫਰੈਂਡਮ 2020 ਦੇ ਪੋਸਟਰਾਂ ਤੇ ਪ੍ਰਕਾਸ਼ਿਤ ਕਰਵਾਇਆ ਗਿਆ ਉਸ ਦਾ ਮੈਟਰ ਇਤਰਾਜ਼ਯੋਗ ਹੈ ਜੋ ਸ਼ਾਂਤੀਪੂਰਨ ਹਾਲਤਾਂ ਨੂੰ ਖ਼ਰਾਬ ਕਰ ਸਕਦਾ ਹੈ ਇਸ ਲਈ ਸੁਰਿੰਦਰ ਸਿੰਘ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਜਥੇ ਦੇ ਸਿੰਘਾਂ ਦੇ ਮੁਤਾਬਿਕ ਐਸ.ਐਸ. ਪੀ ਬਰਨਾਲਾ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਹੁਣ ਅਦਾਲਤ ਦੁਆਰਾ ਹੀ ਫ਼ੈਸਲਾ ਸੁਣਾਇਆ ਜਾਵੇਗਾ।
ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਜੱਸਾ ਸਿੰਘ ਮਾਣਕੀ ਮਹਿਲ ਖ਼ੁਰਦ ਅਤੇ ਭਾਈ ਹਰ ਚਰਨਪ੍ਰੀਤ ਸਿੰਘ ਲੁਹਾਰਾ, ਗੁਰਸ਼ਰਨ ਸਿੰਘ ਮੋਗਾ ਦੇ ਜਥੇ ਦੇ ਸਿੰਘਾਂ ਤੋ ਇਲਾਵਾ ਠੀਕਰੀਵਾਲਾ ਦੇ ਸਰਪੰਚ ਗੁਰਦਿਆਲ ਸਿੰਘ, ਭੀਮ ਸਿੰਘ ਸਦੋਵਾਲ, ਭਾਈ ਗੁਰਵਿੰਦਰ ਸਿੰਘ ਹੇੜੀਕੇ, ਲਖਵੀਰ ਸਿੰਘ ਲੱਖਾ ਮੰਡੀ ਕਲਾਂ, ਕਰਮਜੀਤ ਸਿੰਘ ਰੰਗੀਆਂ, ਚਮਕੌਰ ਸਿੰਘ ਰੰਗੀਆਂ ਆਦਿ ਸੇਵਾਦਾਰ ਹਾਜ਼ਰ ਸਨ।
Punjab Post Daily Online Newspaper & Print Media