Wednesday, October 7, 2026

ਖੁਸ਼ਹਾਲ ਪਰਿਵਾਰ ਦਾ ਮੰਤਰ, ਦੋ ਬੱਚਿਆਂ ਵਿੱਚ ਤਿੰਨ ਸਾਲ ਦਾ ਅੰਤਰ

ਪਰਿਵਾਰ ਨਿਯੋਜਨ ਬਾਰੇ ਜਾਗਰੂਕਤਾ ਭਰਪੂਰ ਲਿਟਰੇਚਰ ਵੀ ਰਿਲੀਜ਼ ਕੀਤਾ

PPN1707201511

ਹੁਸ਼ਿਆਰਪੁਰ, 17 ਜੁਲਾਈ (ਸਤਵਿੰਦਰ ਸਿੰਘ) – ਖੁਸ਼ਹਾਲ ਪਰਿਵਾਰ ਦਾ ਮੰਤਰ, ਦੋ ਬੱਚਿਆਂ ਵਿੱਚ ਤਿੰਨ ਸਾਲ ਦਾ ਅੰਤਰ ਵਿਸ਼ੇ ਤਹਿਤ ਵਿਸ਼ਵ ਆਬਾਦੀ ਦਿਵਸ ਨੂੰ ਸਮਰਪਿਤ ਇੱਕ ਸਮਾਰੋਹ ਦਾ ਆਯੋਜਨ ਡਾ. ਸਰਦੂਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਪੀ.ਐਚ.ਸੀ. ਚੱਕੋਵਾਲ ਦੀ ਪ੍ਰਧਾਨਗੀ ਅਤੇ ਡਾ. ਜਸਵੀਰ ਸਿੰਘ ਕਲਸੀ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਪਿੰਡ ਸੂਸਾਂ ਵਿਖੇ ਕਰਵਾਇਆ ਗਿਆ। ਜਿਸ ਵਿੱਚ ਪਿੰਡ ਸੂਸਾਂ ਦੇ ਸਰਪੰਚ ਸ: ਹਰਭਜਨ ਸਿੰਘ ਅਤੇ ਪੰਚਾਇਤ ਮੈਂਬਰ ਸ: ਰਵਿੰਦਰਪਾਲ ਸਿੰਘ ਅਤੇ ਸ: ਅਮਰੀਕ ਸਿੰਘ ਵਿਸ਼ੇਸ਼ ਤੌਰ ਤੇ ਉਪਸਥਿਤ ਹੋਏ। ਸਿਹਤ ਵਿਭਾਗ ਦੇ ਟੀਮ ਮੈਂਬਰਾਂ ਵਿੱਚ ਸ਼੍ਰੀਮਤੀ ਰਮਨਦੀਪ ਕੌਰ ਬੀ.ਈ.ਈ., ਸ਼੍ਰੀ ਮਨਜੀਤ ਸਿੰਘ ਹੈਲਥ ਇੰਸਪੈਕਟਰ, ਸ਼੍ਰੀਮਤੀ ਸੁਰਿੰਦਰ ਕੌਰ ਸੀਨੀਅਰ ਐਲ.ਐਚ.ਵੀ, ਸ਼੍ਰੀਮਤੀ ਪਰਮਜੀਤ ਕੌਰ ਐਲ.ਐਚ.ਵੀ., ਤੋਂ ਇਲਾਵਾ ਪੈਰਾ ਮੈਡੀਕਲ ਸਟਾਫ਼ ਤੋਂ ਇਲਾਵਾ ਇਲਾਕਾ ਨਿਵਾਸੀ ਸ਼ਾਮਿਲ ਹੋਏ।
ਇਸ ਸਮੇਂ ਵਿਸ਼ਵ ਆਬਾਦੀ ਦਿਵਸ ਦੇ ਵਿਸ਼ੇ ਸਬੰਧੀ ਅਤੇ ਪਰਿਵਾਰ ਨਿਯੋਜਨ ਬਾਰੇ ਜਾਗਰੂਕਤਾ ਭਰਪੂਰ ਲਿਟਰੇਚਰ ਵੀ ਰਿਲੀਜ਼ ਕੀਤਾ ਗਿਆ।ਸਮਾਰੋਹ ਨੂੰ ਸੰਬੋਧਨ ਕਰਦਿਆਂ ਡਾ. ਸਰਦੂਲ ਸਿੰਘ ਨੇ ਆਖਿਆ ਕਿ ਵਿਸ਼ਵ ਦੀ ਛਾਲਾਂ ਮਾਰ ਕੇ ਵੱਧ ਰਹੀ ਆਬਾਦੀ ਦੁਨੀਆਂ ਭਰ ਦੇ ਚਿੰਤਕਾ ਲਈ ਚਿੰਤਨ ਦਾ ਵਿਸ਼ਾ ਬਣ ਚੁੱਕੀ ਹੈ।ਹਰ ਸੈਕਿੰਡ ਵਿੱਚ ਦੁਨੀਆਂ ਅੰਦਰ ਦੋ ਨਵੇਂ ਮੁਨੱਖ ਪ੍ਰੇਵਸ਼ ਕਰ ਜਾਂਦੇ ਹਨ। ਨਤੀਜੇ ਵੱਜੋਂ ਖੁਰਾਕ, ਪਾਣੀ, ਤੇਲ, ਸੁੱਧ ਹਵਾ, ਭੀੜ ਭੜਕੇ, ਝਗੜੇ, ਯੁੱਧ ਆਦਿ ਦੀਆਂ ਸਮੱਸਿਆਵਾਂ ਵੀ ਤੇਜ਼ੀ ਨਾਲ ਵੱਧਣ ਲੱਗੀਆਂ ਹਨ। ਸਿਹਤ ਪੱਖੋਂ ਗਲ ਕਰੀਏ ਤਾਂ ਸਾਹ ਲੈਣ ਲਈ ਸ਼ੁੱਧ ਹਵਾ ਨਾ ਮਿਲਣ ਕਾਰਣ ਦਮੇ, ਤਪਦਿਕ ਅਤੇ ਹੋਰ ਬਿਮਾਰੀਆਂ ਦੇ ਰੋਗੀਆਂ ਦੀ ਗਿਣਤੀ ਵੀ ਛਾਲਾਂ ਮਾਰ ਕੇ ਵੱਧ ਰਹੀ ਹੈ। ਡਾ. ਸਰਦੂਲ ਨੇ ਕਿਹਾ ਕਿ ਭਾਰਤ ਨੇ ਇਸ ਸਮੱਸਿਆਂ ਨੂੰ ਪਹਿਲਾਂ ਹੀ ਸਮਝ ਲਿਆ ਸੀ ਅਤੇ 1952 ਵਿੱਚ ਪਰਿਵਾਰ ਨਿਯੋਜਨ ਪ੍ਰੋਗਰਾਮ ਸ਼ੁਰੂ ਕੀਤਾ। ਇਸ ਵਿੱਚ ਪੂਰਣ ਸਫ਼ਲਤਾ ਨਾ ਮਿਲਣ ਦਾ ਕਾਰਣ ਲੋਕਾਂ ਨੂੰ ਛੋਟੇ ਪਰਿਵਾਰ ਦੇ ਲਾਭਾਂ ਬਾਰੇ ਜਾਣਕਾਰੀ ਨਾ ਹੋਣਾ ਹੈ, ਜਿਸ ਦੇ ਲਈ ਲੋਕਾਂ ਨੂੰ ਮਨੋਵਿਗਿਆਨਕ ਤਰੀਕੇ ਨਾਲ ਸਮਝਾਉਣ ਦੀ ਲੋੜ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਜਸਵੀਰ ਸਿੰਘ ਕਲਸੀ ਨੇ ਕਿਹਾ ਕਿ ਆਬਾਦੀ ਵਿੱਚ ਸਥਿਰਤਾ ਲਿਆਉਣ ਲਈ ਹਰ ਵਿਅਕਤੀ ਨੂੰ ਆਪਣੀ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਦੋ ਬੱਚਿਆਂ ਤੋਂ ਬਾਅਦ ਪਰਿਵਾਰ ਨਿਯੋਜਨ ਦੇ ਪੱਕੇ ਤਰੀਕੇ ਨਲਬੰਦੀ ਜਾਂ ਨਸਬੰਦੀ ਅਪਣਾਉਣੀ ਚਾਹੀਦੀ ਹੈ।ਇਸ ਦੇ ਨਾਲ ਹੀ ਯੋਗ ਜੋੜਿਆਂ ਨੂੰ ਇੱਛਾ ਅਨੁਸਾਰ ਦੋ ਬੱਚਿਆਂ ਵਿੱਚ ਅੰਤਰ ਰੱਖਣ ਲਈ ਪਰਿਵਾਰ ਨਿਯੋਜਨ ਦੇ ਅਸਥਾਈ ਤਰੀਕੇ ਪੀ.ਪੀ.ਆਈ.ਯੂ.ਸੀ.ਡੀ, ਆਈ.ਯੂ.ਸੀ.ਡੀ, ਗਰਭ ਨਿਰੋਧਕ ਗੋਲੀਆਂ ਜਾਂ ਕੰਡੋਮ ਦੀ ਵਰਤੋ ਕਰਨੀ ਚਾਹੀਦੀ ਹੈ। ਉਹਨਾਂ ਪਰਿਵਾਰ ਨਿਯੋਜਨ ਦੇ ਸਥਾਈ ਤਰੀਕੇ ਅਪਨਾਉਣ ਵਾਲੇ ਲਾਭਪਾਤਰੀਆਂ ਨੂੰ ਦਿੱਤੀ ਜਾਂਦੀ ਪ੍ਰੋਤਸਾਹਨ ਰਾਸ਼ੀ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਹੋਰ ਸਿਹਤ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ। ਸਰਪੰਚ ਸ: ਹਰਭਜਨ ਸਿੰਘ ਵੱਲੋਂ ਸਰਕਾਰ ਦੇ ਇਹਨਾਂ ਉਪਰਾਲਿਆਂ ਦੀ ਸਲਾਘਾ ਕੀਤੀ ਗਈ ਅਤੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਗਿਆ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply