
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਵਲੋਂ ਜਿਹੜੀਆਂ ਸਾਰੇ ਪੰਜਾਬ ਵਿਚ ਰੈਲੀਆਂ ਕੀਤੀਆ ਜਾ ਰਹੀਆ ਹਨ ਉਹ ਸਿਰਫ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਕੀਤੀਆ ਜਾ ਰਹੀਆ ਹਨ ਇੰਨਾਂ੍ਹ ਰੈਲੀਆਂ ਦਾ ਪੰਜਾਬ ਅਤੇ ਪੰਜਾਬ ਦੇ ਲੋਕਾਂ ਨਾਲ ਕੋਈ ਸੰਬੰਧ ਨਹੀਂ ਹੈ, ਕਿਉਂਕਿ ਕੈਪਟਨ ਹੁਣ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਪਾਉਣ ਲਈ ਤਰਲੋਮੱਛੀ ਹੋ ਰਿਹਾ ਹੈ ਅਤੇ ਹਾਈ ਕਮਾਂਡ ਅੱਗੇ ਸਿਰਫ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਹੈ।ਇੰਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦੇ ਚੇਅਰਮੈਨ ਅਤੇ ਜਿਲਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਸੰਧੂ ਨੇ ਕਿਹਾ ਕਿ ਐਸ਼ਪ੍ਰਸਤ ਕੈਪਟਨ ਅਮਰਿੰਦਰ ਸਿੰਘ ਦੀਆਂ ਰੈਲੀਆਂ ਨਾਲ ਪੰਜਾਬ ਦੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਪੰਜਾਬਵਾਸੀ ਜਾਣਦੇ ਹਨ ਕਿ ਮਹਾਰਾਜਾ ਜੀ ਸਵੇਰੇ ਕਿੰਨੇ ਵਜੇਂ ਉਠਦੇ ਹਨ ਅਤੇ ਕਿੰਨੇ ਵਜੇ ਸ਼ਾਮ ਨੂੰ ਆਪਣੇ ਨੇਤਾਵਾਂ ਦਾ ਫੋਨ ਸੁਣਨਾ ਬੰਦ ਕਰ ਦਿੰਦੇ ਹਨ, ਜਦਕਿ ਇਸ ਦੇ ਉਲਟ ਮੁੱਖ ਮੰਤਰੀ ਬਣਦਿਆਂ ਹੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆਂ ਨੇ ਸੰਗਤ ਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਸਨ ਅਤੇ ਹੁਣ ਵੀ ਇਹ ਨੇਤਾ ਖੁਦ ਪਿੰਡ ਪਿੰਡ ਜਾ ਕੇ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਛੋਟੀਆਂ ਛੋਟੀਆਂ ਮੁਸ਼ਕਲਾਂ ਵੀ ਹੱਲ ਕਰ ਰਹੇ ਹਨ ਅਤੇ ਹਰ ਦਿਨ ਕੋਈ ਨਾ ਕੋਈ ਲੋਕ ਭਲਾਈ ਸਕੀਮ ਦੀ ਸ਼ੁਰੂਆਤ ਕਰ ਰਹੇ ਹਨ।
ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਲਖਬੀਰ ਸਿੰਘ ਮੋਨੀ ਵੇਰਕਾ ਅਤੇ ਜਿਲ਼੍ਹੇ ਦੇ ਪ੍ਰੈਸ ਸਕੱਤਰ ਅੰਮ੍ਰਿਤਪਾਲ ਸਿੰਘ ਬੱਬਲੂ ਹਾਜਰ ਸਨ।
Punjab Post Daily Online Newspaper & Print Media