Wednesday, March 25, 2026

ਵਿਰਾਸਤੀ ਸ਼ਹਿਰ ਦਾ ਦਰਜਾ ਦੇਣ ਤੋਂ ਪਹਿਲਾਂ ਵਿਰਾਸਤੀ ਸਮਾਰਕ ਅਜ਼ਾਦ ਕਰਵਾਉਣ ਦੀ ਲੋੜ -ਕੋਛੜ

ਹੈਰੀਟੇੇਜ਼ ਸਿਟੀ ਦੇ ਦਰਜੇ ਦੇ ਨਾਂ ‘ਤੇ ਗੁਰੂ ਨਗਰੀ ਨਾਲ ਹੋ ਰਿਹਾ ਹੈ ਛਲ

Ram bagh Haveli

ਅੰਮ੍ਰਿਤਸਰ, 19 ਜੁਲਾਈ (ਪੰਜਾਬ ਪੋਸਟ ਬਿਊਰੋ) – ਹੈਰੀਟੇਜ਼ ਸਿਟੀ ਦਾ ਦਰਜਾ ਦੇਣ ਦੇ ਨਾਂ ‘ਤੇ ਜਿਥੇ ਇਕ ਪਾਸੇ ਗੁਰੂ ਨਗਰੀ ਅੰਮ੍ਰਿਤਸਰ ਨਾਲ ਬਹੁਤ ਵੱਡਾ ਛਲ ਕੀਤਾ ਜਾ ਰਿਹਾ ਹੈ, ਉਥੇ ਹੀ ਦੂਸਰੇ ਪਾਸੇ ਅੰਮ੍ਰਿਤਸਰ ਨੂੰ ਵਿਰਾਸਤੀ ਸ਼ਹਿਰ ਦਾ ਦਰਜ਼ਾ ਦਿਵਾਉਣ ਵਿਚ ਸਹਾਇਕ ਸਾਬਤ ਹੋਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਸ਼ਹਿਰ ਵਿੱਚ ਤਾਮੀਰ ਕਰਵਾਏ ਸਮਾਰਕਾਂ ਦੇ ਪ੍ਰਤੀ ਲੰਬੇ ਸਮੇਂ ਤੋਂ ਸਾਮ, ਦਾਮ, ਦੰਡ, ਭੇਦ ਦੀ ਨੀਤੀ ਅਪਣਾਈ ਜਾ ਰਹੀ ਹੈ।ਜਿਸ ਦੇ ਚੱਲਦਿਆਂ ਨਾ ਸਿਰਫ਼ ਅੰਮ੍ਰਿਤਸਰ ਸਥਿਤ ਵਿਰਾਸਤੀ ਤੇ ਇਤਿਹਾਸਕ ਸਮਾਰਕਾਂ ਦੇ ਇਤਿਹਾਸ ਨੂੰ ਹੀ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਸਗੋਂ ਸਮਾਰਕਾਂ ਦੇ ਚੱਲ ਰਹੇ ਨਵਨਿਰਮਾਣ ਪ੍ਰਤੀ ਵੀ ਬੇਰੁਖੀ ਵਿਖਾਈ ਜਾ ਰਹੀ ਹੈ।
ਅੰਮ੍ਰਿਤਸਰ ਦੇ ਇਤਿਹਾਸ ਤੇ ਵਿਰਾਸਤੀ ਸਮਾਰਕਾਂ ‘ਤੇ ਖੋਜ ਕਰਕੇ ਕਈ ਪੁਸਤਕਾਂ ਲਿਖ ਚੁਕੇ ਇਤਿਹਾਸਕਾਰ ਤੇ ਖੋਜ-ਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ‘ਹਿਰਦੇ ਸਕੀਮ’ ਦੇ ਅਧੀਨ ਅੰਮ੍ਰਿਤਸਰ ਨੂੰ ਹੈਰੀਟੇਜ਼ ਸ਼ਹਿਰ ਦਾ ਦਰਜ਼ਾ ਦਿਵਾਉਣ ਦੇ ਲਈ ਦਿੱਲੀ ਦੀ ਜਿਸ ਕੰਪਨੀ ਨੂੰ ਸਰਵੇ ਦੀ ਜਿੰਮੇਵਾਰੀ ਸੌਂਪੀ ਗਈ ਹੈ, ਉਹ ਪਹਿਲਾਂ ਵੀ ਸ਼ੇਰੇ-ਪੰਜਾਬ ਦੁਆਰਾ ਅੰਮ੍ਰਿਤਸਰ ਵਿਚ ਤਾਮੀਰ ਕਰਵਾਈਆਂ ਯਾਦਗਾਰਾਂ, ਕਿਲਖ਼ਾ ਗੋਬਿੰਦਗੜ, ਬਾਰਾਂਦਰੀ ਪੁਲ ਮੋਰਾਂ, ਦਰਵਾਜ਼ਾ ਰਾਮ ਬਾਗ ਦੀ ਬਾਹਰੀ ਡਿਉਢੀ ਅਤੇ ਸਮਰ ਹਾਊਸ ਰਾਮਬਾਗ ਦਾ ਨਵਨਿਰਮਾਣ ਕਰਾਉਣ ਦੇ ਨਾਂ ‘ਤੇ ਇਨਾਂ ਸਮਾਰਕਾਂ ਦੇ ਇਤਿਹਾਸ ਦਾ ਬਹੁਤ ਵੱਡਾ ਨੁਕਸਾਨ ਕਰ ਚੁੱਕੀ ਹੈ।ਸ਼੍ਰੀ ਕੋਛੜ ਨੇ ਕਿਹਾ ਕਿ ਜੇਕਰ ਸਰਕਾਰ ਵਾਕਿਆ ਅੰਮ੍ਰਿਤਸਰ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦਿਵਾਉਣ ਲਈ ਇੱਛੁਕ ਹੈ ਤਾਂ ਸਭ ਤੋਂ ਪਹਿਲਾਂ ਸ਼ਹਿਰ ਦੇ ਵਿਰਾਸਤੀ ਸਮਾਰਕਾਂ ਨੂੰ ਕਬਜ਼ਾ ਮੁਕਤ ਕਰਵਾਉਣਾ ਹੋਵੇਗਾ।ਇਸ ਦੇ ਨਾਲ ਹੀ ਸ਼ਹਿਰ ਦੇ ਵਿਰਾਸਤੀ ਸਮਾਰਕਾਂ ਦੇ ਨਵ-ਨਿਰਮਾਣ ਨੂੰ ਲੈ ਕੇ ਕਰੋੜਾਂ ਰੁਪਏ ਖਰਚ ਕਰ ਚੁੱਕੀਆਂ ਕੰਪਨੀਆਂ ਪਾਸੋਂ ਇਹ ਜਵਾਬ ਵੀ ਮੰਗਣਾ ਹੋਵੇਗਾ ਕਿ ਆਖਿਰ ਸ਼ਹਿਰ ਦੇ ਵਿਰਾਸਤੀ ਸਮਾਰਕਾਂ ਦਾ ਪਿਛਲੇ ਕਰੀਬ ਅੱਠ ਵਰਿਆਂ ਤੋਂ ਚੱਲ ਰਿਹਾ ਨਵ-ਨਿਰਮਾਣ ਦਾ ਕੰਮ ਕਦੋਂ ਮੁਕੰਮਲ ਹੋਵੇਗਾ।

ਇਤਿਹਾਸਕਾਰ ਸ਼੍ਰੀ ਕੋਛੜ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ ਮੌਜੂਦਾ ਸਮੇਂ 400 ਦੇ ਕਰੀਬ ਵਿਰਾਸਤੀ ਤੇ ਇਤਿਹਾਸਕ ਸਮਾਰਕ ਮੌਜੂਦ ਹਨ, ਜਿਨਾਂ ਵਿਚ ਮੁਗ਼ਲਕਾਲ ਦੀਆਂ ਬਾਉਲ਼ੀਆਂ, ਸੂਫ਼ੀ ਫਕੀਰਾਂ ਤੇ ਸੰਤਾਂ ਦੇ ਤਕੀਏ, ਮੰਦਰ, ਠਾਕਰ ਦੁਆਰੇ, ਸਿੱਖ ਰਾਜ ਸਮੇਂ ਸਾਧੂ ਸੰਤਾਂ ਦੇ ਨਿਵਾਸ ਲਈ ਬਣਾਈਆਂ ਬਗੀਚੀਆਂ, ਅਖਾੜੇ, ਮਸਜਿਦਾਂ, ਮੱਠ, ਰਾਜਪੂਤਾਨਾ ਛੱਤਰੀਆਂ, ਤਲਾਬ, ਬਾਗ, ਬਾਜਾਰ, ਸਮਾਧਾਂ ਸਹਿਤ ਕਈ ਇਤਿਹਾਸਕ ਹਵੇਲੀਆਂ ਤੇ ਹੋਰ ਸਮਾਰਕ ਮੌਜੂਦ ਹਨ।ਉਨਾਂ ਕਿਹਾ ਕਿ ਵਿਰਾਸਤੀ ਸਮਾਰਕਾਂ ਦੇ ਰੱਖ-ਰਖਾਵ ਅਤੇ ਪ੍ਰਚਾਰ-ਪ੍ਰਸਾਰ ਦੇ ਲਈ ਸਰਕਾਰ ਦੁਆਰਾ ਕਾਇਮ ਕੀਤੇ ਗਏ ਵਿਭਾਗਾਂ ਅਤੇ ਨਵਨਿਰਮਾਣ ਤੇ ਸਰਵੇ ਦਾ ਕੰਮ ਕਰ ਰਹੀਆਂ ਕੰਪਨੀਆਂ ਨੂੰ ਅੰਮ੍ਰਿਤਸਰ ਅਤੇ ਸ਼ਹਿਰ ਦੇ ਸਮਾਰਕਾਂ ਦੇ ਇਤਿਹਾਸ ਦੇ ਸੰਬੰਧ ਵਿਚ ਕੋਈ ਜਾਣਕਾਰੀ ਨਾ ਹੋਣ ਕਰਕੇ ਇਹ ਸਮਾਰਕ ਲੰਬੇ ਸਮੇਂ ਤੋਂ ਅਣਦੇਖੀ ਦਾ ਸ਼ਿਕਾਰ ਹੁੰਦੇ ਆ ਰਹੇ ਹਨ।ਸ਼੍ਰੀ ਕੋਛੜ ਨੇ ਕਿਹਾ ਕਿ ਇਸ ਤਰਾਂ ਦੀਆਂ ਕਾਰਵਾਈਆਂ ਕਾਰਨ ਅੰਮ੍ਰਿਤਸਰ ਨੂੰ ਵਿਰਾਸਤੀ ਸ਼ਹਿਰ ਦਾ ਦਰਜ਼ਾ ਮਿਲਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੁੰਦਾ ਜਾ ਰਿਹਾ ਹੈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply