Thursday, March 19, 2026

ਸਿੱਖਾਂ ‘ਤੇ ਪੁਲੀਸ ਵੱਲੋ ਕੀਤੇ ਗਏ ਲਾਠੀਚਾਰਜ ਦੀ ਕਲਕੱਤਾ ਨੇ ਕੀਤੀ ਨਿੰਦਾ

ਵਿਦੇਸ਼ਾਂ ਵਿੱਚ ਅਕਾਲੀਆਂ ਦਾ ਵਿਰੋਧ ਚਿੰਤਾ ਦਾ ਵਿਸ਼ਾ- ਕਲਕੱਤਾ

Manjeet Singh Calcutta

ਅੰਮ੍ਰਿਤਸਰ, 20 ਜੁਲਾਈ (ਪ.ਪ) – ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਤੇ ਸਿੱਖਾਂ ਦੇ ਦਿਮਾਗ ਵਜੋ ਜਾਣੇ ਜਾਂਦੇ ਸ. ਮਨਜੀਤ ਸਿੰਘ ਕਲਕੱਤਾ ਨੇ ਅਜਨਾਲਾ ਤੋ ਬੰਦੀ ਸਿੰਘਾਂ ਦੀ ਰਿਹਾਈ ਲਈ ਕਰੀਬ 6 ਮਹੀਨਿਆਂ ਤੋ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਦੇ ਹੱਕ ਵਿੱਚ ਸਿੱਖਾਂ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਤੱਕ ਕੱਢੇ ਜਾ ਰਹੇ ਸ਼ਾਤਮਈ ਮਾਰਚ ‘ਤੇ ਪੁਲੀਸ ਵੱਲੋ ਲਾਠੀਚਾਰਜ ਕਰਨ ਦੀ ਕਰੜੇ ਸ਼ਬਦਾਂ ਦੀ ਨਿਖੇਧੀ ਕਰਦਿਆ ਕਿਹਾ ਕਿ ਬਾਦਲਾਂ ਨੇ ਅਕਾਲੀ ਦਲ ਤਾਂ ਖਤਮ ਕਰ ਦਿੱਤਾ ਹੈ, ਪਰ ਹੁਣ ਸੱਤਾ ਬਣਾਈ ਰੱਖਣ ਲਈ ਹਿੰਦੂਤਵੀ ਤਾਕਤਾਂ ਨੂੰ ਖੁਸ਼ ਕਰਨ ਲਈ ਅਕਾਲੀ ਸ਼ਬਦ ਨੂੰ ਖਤਮ ਕਰਨ ਦੀਆ ਗੋਦਾ ਗੂੰਦੀਆਂ ਜਾ ਰਹੀਆ ਹਨ ਜਿਸ ਨੂੰ ਸਿੱਖ ਪੰਥ ਕਦੇ ਵੀ ਬਰਦਾਸ਼ਤ ਨਹੀ ਕਰੇਗਾ।
ਜਾਰੀ ਇੱਕ ਬਿਆਨ ਰਾਹੀ ਸ ਕਲਕੱਤਾ ਨੇ ਕਿਹਾ ਕਿ ਬਾਦਲ ਸਰਕਾਰ ਸਿੱਖਾਂ ‘ਤੇ ਲਾਠੀਆ ਵਰ੍ਹਾ ਕੇ ਸਿੱਖਾਂ ਦੀਆਂ ਭਾਵਨਾਵਾਂ ਦਾ ਜਿਸ ਤਰੀਕੇ ਨਾਲ ਕਤਲ ਕਰਨ ਦਾ ਯਤਨ ਕਰ ਰਹੀ ਹੈ, ਉਹ ਨੂੰ ਬਾਦਲਾਂ ਲਈ ਹਾਨੀਕਾਰਕ ਸਿੱਧ ਹੋਵੇਗਾ ਅਤੇ ਸਿੱਖਾਂ ਵਿੱਚ ਪੈਦਾ ਹੋ ਰਿਹਾ ਰੋਹ ਜਵਾਲਾਮੁੱਖੀ ਦਾ ਰੂਪ ਵੀ ਧਾਰਨ ਕਰ ਸਕਦਾ ਹੈ। ਉਹਨਾਂ ਕਿਹਾ ਕਿ ਅਕਾਲੀ ਸਰਕਾਰ ਦੇ ਰਾਜ ਵਿੱਚ ਵੀ ਜੇਕਰ ਸਿੱਖਾਂ ਨੂੰ ਆਪਣੀਆ ਮੰਗਾਂ ਦੇ ਹੱਕ ਵਿੱਚ ਸ਼ਾਤਮਈ ਮਾਰਚ ਕਰਨ ਦੀ ਆਗਿਆ ਨਹੀ ਦਿੱਤੀ ਜਾ ਸਕਦੀ ਤਾਂ ਫਿਰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਸਮਾਂ ਆਉਣ ‘ਤੇ ਆਪਣੇ ਗੁੱਸੇ ਦਾ ਇਜ਼ਹਾਰ ਜਰੂਰ ਕਰਕੇ ਬਾਦਲਾ ਨੂੰ ਸਿਆਸੀ ਪਿੱਚ ਵਿੱਚੋ ਪੈਵੇਲੀਅਨ ਦਾ ਰਸਤਾ ਜਰੂਰ ਵਿਖਾ ਦੇਣਗੇ।
ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹ ਵੀ ਸਮਾਂ ਸੀ ਜਦੋ ਪੰਜਾਬ ਦੇ ਮੰਤਰੀ ਜਾਂ ਆਗੂ ਵਿਦੇਸ਼ ਵਿੱਚ ਜਾਂਦੇ ਸਨ ਤਾਂ ਜਿਸ ਸ਼ਹਿਰ ਵਿੱਚ ਜਾ ਕੇ ਉਤਰਦੇ ਸਨ ਤਾਂ ਸਾਰੇ ਸ਼ਹਿਰ ਦੇ ਸਿੱਖ ਆਪਣੇ ਹੋਰ ਉਥੋ ਦੇ ਬਸ਼ਿੰਦੇ ਯਾਰਾਂ ਦੋਸਤਾਂ ਨਾਲ ਹਵਾਈ ਅੱਡੇ ‘ਤੇ ਸਵਾਗਤ ਲਈ ਆਉਦੇ ਤੇ ਅਕਾਲੀ ਦਲ ਦੇ ਹੱਕ ਵਿੱਚ ਡੱਟ ਕੇ ਨਾਅਰੇਬਾਜੀ ਵੀ ਕੀਤੀ ਜਾਂਦੀ ਸੀ।ਇਥੋ ਤੱਕ ਲੋਕ ਰਸਤੇ ਵਿੱਚ ਖਲੋ ਕੇ ਆਪਣੇ ਆਗੂਆ ਦਾ ਸੁਆਗਤ ਕਰਨ ਦੇ ਨਾਲ ਨਾਲ ਫੁੱਲਾਂ ਦੀ ਵਰਖਾ ਕਰਨ ਦੇ ਨਾਲ ਨਾਲ ਤਿੱਲ ਫੁੱਲ ਵੀ ਭੇਂਟ ਕਰਦੇ ਸਨ, ਜਦ ਕਿ ਹੁਣ ਵਿਰੋਧ ਵਜੋਂ ਉਨਾਂ ਵੱਲ ਜੁੱਤੀਆਂ ਉਛਾਲੀਆਂ ਜਾ ਰਹੀਆਂ ਹਨ, ਜੋ ਚਿੰਤਾ ਦਾ ਵਿਸ਼ਾ ਹੈ ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਪ੍ਰਤੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਉਹਨਾਂ ਕਾਰਨਾਂ ਨੂੰ ਦੂਰ ਕਰਕੇ ਵਿਦੇਸ਼ੀ ਸਿੰਘਾਂ ਵਿੱਚ ਵਿਸ਼ਵਾਸ਼ ਬਹਾਲ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਜਿਹੜੇ ਵਿਦੇਸ਼ੀ ਸਿੱਖਾਂ ਵਿੱਚ ਨਾਰਾਜਗੀ ਪੈਦਾ ਕਰਨ ਦੇ ਕਾਰਨ ਬਣੇ ਹਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply