
ਅੰਮ੍ਰਿਤਸਰ, 20 ਜੁਲਾਈ (ਗੁਰਚਰਨ ਸਿੰਘ) – ਹਲਕਾ ਦੱਖਣੀ ‘ਚ ਪੈਂਦੀ ਵਾਰਡ ਨੰ: 33 ਦੀ ਕਲੋਨੀ ਨਿਊ ਗੁਰਨਾਮ ਨਗਰ ਵਿਖੇ ਲੰਮੇ ਸਮੇਂ ਤੋਂ ਬੰਦ ਪਏ ਸੀਵਰੇਜ਼ ਅਤੇ ਸਟਰੀਟ ਲਾਈਟਾਂ ਕਾਰਨ ਮੁਸ਼ਕਿਲ ਵਿੱਚ ਫਸੇ ਲੋਕਾਂ ਨੇ ਵਾਰਡ ਦੇ ਕੌਂਸਲਰ ਅਮਰੀਕ ਸਿੰਘ ਲਾਲੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਸਿਮਰਨਜੀਤ ਕੌਰ ਸ਼ਿੰਬੋ ਪ੍ਰਧਾਨ, ਗੁਰਬਾਜ਼ ਸਿੰਘ, ਬਲਬੀਰ ਸਿੰਘ, ਦਲਬੀਰ ਸਿੰਘ ਨੇ ਦੱਸਿਆ ਕਿ ਸਬੰਧਤ ਇਲਾਕੇ ਦਾ ਕੌਂਸਲਰ ਅਮਰੀਕ ਸਿੰਘ ਲਾਲੀ ਪਿਛਲੇ 10 ਸਾਲਾਂ ਦੇ ਸਮੇਂ ਵਿਚ ਇਲਾਕੇ ਦੀ ਇਕ ਵਾਰ ਵੀ ਸਾਰ ਲੈਣ ਨਹੀਂ ਆਇਆ। ਉਨਾਂ ਦੱਸਿਆ ਕਿ ਗਲੀਆਂ ਵਿਚ ਬੰਦ ਪਏ ਸੀਵਰੇਜ਼ ਕਾਰਨ ਨਾਲੀਆਂ ਦਾ ਗੰਦਾ ਪਾਣੀ ਗਲੀਆਂ ਵਿੱਚ ਖੜ੍ਹਾ ਰਹਿੰਦਾ ਹੈ ਅਤੇ ਗੰਦੇ ਪਾਣੀ ਦੀ ਬਦਬੂ ਆਉਣ ਕਾਰਨ ਸਮੂਹ ਇਲਾਕਾ ਵਾਸੀਆਂ ਦਾ ਮੰਦਾ ਹਾਲ ਹੈ।ਉਨ੍ਹਾਂ ਕਿਹਾ ਕਿ ਹੁਣ ਜਦ ਬਰਸਾਤਾਂ ਹੋ ਰਹੀਆਂ ਹਨ, ਤਾਂ ਇਹ ਪਾਣੀ ਘਰਾਂ ਅੰਦਰ ਦਾਖਲ ਹੋ ਰਿਹਾ ਹੈ, ਜਿਸ ਕਾਰਨ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੌਂਸਲਰ ਨੂੰ ਵਾਰ-ਵਾਰ ਜਾਣੂ ਕਰਵਾਇਆ ਗਿਆ, ਪਰ ਉਨਾਂ ਨੇ ਮੁਸ਼ਕਲਾਂ ਦੀ ਅਣਦੇਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮੁਸ਼ਕਿਲਾਂ ਦਾ ਜਲਦ ਨਿਪਟਾਰਾ ਨਾ ਕੀਤਾ ਗਿਆ ਤਾਂ ਸਮੂਹ ਇਲਾਕਾ ਵਾਸੀ ਆਪਣੇ ਪਰਿਵਾਰਕ ਮੈਂਬਰ ਸਮੇਤ ਕੌਂਸਲਰ ਦੇ ਘਰ ਦੇ ਬਾਹਰ ਧਰਨਾ ਲਗਾ ਦੇਣਗੇ। ਇਸ ਮੌਕੇ ਇੰਦਰਜੀਤ ਸਿੰਘ, ਓਮ ਪ੍ਰਕਾਸ਼ ਬਾਊ, ਦਵਿੰਦਰ ਸਿੰਘ, ਜਸਬੀਰ ਸਿੰਘ ਕਾਲਾ, ਹੈਪੀ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media