
ਅੰਮ੍ਰਿਤਸਰ, 20 ਜੁਲਾਈ (ਚਰਨਜੀਤ ਸਿੰਘ ਛੀਨਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵਿਖੇ ਸੇਂਟ ਜਾੱਨ ਯੂਨੀਵਰਸਿਟੀ, ਨਿਊਯਾਰਕ ਤੋਂ ਅਧਿਆਪਕਾਂ ਦੇ ਵਫਦ ਦੇ ਵਿਸ਼ੇਸ਼ ਤਿੰਨ ਹਫਤਿਆਂ ਦੇ ਸ਼ਾਰਟ ਟਰਮ ਕੋਰਸ ਦੌਰਾਨ ਇੰਗਲੈਂਡ ਤੋਂ ਉੱਘੇ ਲੇਖਕ, ਇਤਿਹਾਸਕਾਰ ਅਤੇ ਫਿਲਮ ਮੇਕਰ, ਬੌਬੀ ਸਿੰਘ ਬਾਂਸਲ ਵੱਲੋਂ ਉਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਯੂਰੋਪੀਅਨ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।
ਵਾਈਸ ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਉਹਨਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਯੂਨੀਵਰਸਿਟੀ ਵੱਲੋਂ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਰਹੇ ਹਨ।ਕੇਂਦਰ ਦੇ ਡਾਇਰੈਕਟਰ ਪ੍ਰੋ. ਗੁਲਜ਼ਾਰ ਸਿੰਘ ਕੰਗ ਵਲੋਂ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ ਗਿਆ।ਕੇਂਦਰ ਦੇ ਮੋਢੀ ਡਾਇਰੈਕਟਰ, ਡਾ. ਬਲਵੰਤ ਸਿੰਘ ਢਿੱਲੋਂ ਨੇ ਵਕਤਾ ਨਾਲ ਜਾਣ ਪਛਾਣ ਕਰਵਾਈ ਅਤੇ ਕੋਰਸ ਬਾਰੇ ਜਾਣਕਾਰੀ ਦਿੱਤੀ। ਫਰਾਂਸ ਤੋਂ ਦਸਤਾਵੇਜੀ ਫਿਲਮਾਂ ਦੇ ਡਾਇਰੈਕਟਰ, ਸ੍ਰੀ ਰਣਜੀਤ ਸਿੰਘ ਗੋਰਾਇਆ ਤੋਂ ਇਲਾਵਾ ਯੂਨੀਵਰਸਿਟੀ ਦੇ ਡਾਇਰੈਕਟਰ ਰੀਸਰਚ, ਪ੍ਰੋ. ਟੀ.ਐਸ. ਬੇਨੀਪਾਲ ਵੀ ਹਾਜ਼ਰ ਸਨ। ਕੇਂਦਰ ਦੇ ਸੀਨੀਅਰ ਅਧਿਆਪਕ ਪ੍ਰੋ. ਐਨ. ਮੁਥੂਮੋਹਨ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਸ੍ਰੀ ਬਾਂਸਲ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਰੁਜ਼ਗਾਰ ਦੀ ਖਾਤਰ ਯੂਰਪ ਤੋਂ ਉਚ ਕੋਟੀ ਦੇ ਮਾਹਿਰ (ਜਰਨੈਲ, ਡਾਕਟਰ, ਚਿਤਰਕਾਰ ਅਤੇ ਹੋਰ) ਆਏ ਅਤੇ ਉਨ੍ਹਾਂ ਨੇ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ। ਮਹਾਰਾਜਾ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਕਬੂਲਦੇ ਹੋਏ ਉਨ੍ਹਾਂ ਨੂੰ ਉੱਚ ਅਹੁਦਿਆਂ ਤੇ ਚੰਗੀਆਂ ਤਨਖਾਹਾਂ ‘ਤੇ ਲਾਇਆ। ਉਨ੍ਹਾਂ ਕਿਹਾ ਕਿ ਆਪਣੀ ਮਿਹਨਤ ਸਦਕਾ ਯੂਰਪੀਅਨ ਜਰਨੈਲਾਂ ਨੇ ਨਾ ਸਿਰਫ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੂੰ ਯੂਰਪੀਅਨ ਪੈਟਰਨ ‘ਤੇ ਤਿਆਰ ਕੀਤਾ ਸਗੋਂ ਉਹ ਛੇਤੀ ਹੀ ਮਹਾਰਾਜਾ ਦੇ ਵਿਸ਼ਵਾਸਪਾਤਰ ਵੀ ਬਣ ਗਏ। ਯੂਰਪ ਦੇ ਫਰਾਂਸ, ਇਟਲੀ, ਹਾਲੈਂਡ, ਆਸਟਰੀਆ ਅਤੇ ਹੋਰਨਾਂ ਥਾਵਾਂ ਤੋਂ ਆਏ ਇਨ੍ਹਾਂ ਜਰਨੈਲਾਂ ਵਿਚ ਜਰਨਲ ਅਲਾਡ ਅਤੇ ਜਰਨਲ ਵੈਂਚਰਾ ਨੇ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ।
ਸ੍ਰੀ ਬੌਬੀ ਨੇ ਇਸ ਮੌਕੇ ਆਪਣੇ ਵਲੋਂ ਪੇਸ਼ ਕੀਤੇ ਗਏ ਤੱਥਾਂ ਅਤੇ ਸਿੱਖ ਰਾਜ ਸਬੰਧੀ ਅਮੀਰੀ ਸਬੰਧੀ ਸਲਾਈਡਾਂ ਵੀ ਦਿਖਾਈਆਂ। ਉਨਾਂ੍ਹ ਕਿਹਾ ਕਿ ਉਹ ਸਾਰੇ ਇਲਾਕੇ ਜ਼ਿਆਦਾਤਰ ਘੁੰਮੇ ਹੋਏ ਹਨ, ਜਿਥੇ ਮਹਾਰਾਜਾ ਦਾ ਰਾਜ ਸੀ। ਇਸ ਮੌਕੇ ਪ੍ਰੋ. ਬਰਾੜ ਨੇ ਸ੍ਰੀ ਬੌਬੀ ਅਤੇ ਸ੍ਰੀ ਗੋਰਾਇਆ ਦਾ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ।
Punjab Post Daily Online Newspaper & Print Media