ਟਾਂਡਾ ਵਿਖੇ 24.75 ਤੇ ਮੁਕੇਰੀਆਂ ਵਿਖੇ 15.85 ਕਰੋੜ ਦੀ ਲਾਗਤ ਨਾਲ ਪਾਇਆ ਜਾ ਰਿਹਾ ਹੈ ਸੀਵਰੇਜ਼

ਹੁਸ਼ਿਆਰਪੁਰ, 22 ਜੁਲਾਈ (ਸਤਵਿੰਦਰ ਸਿੰਘ) – ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ‘ਚ 102.75 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਉਣ ਦੇ ਚਲ ਰਹੇ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸ਼ਹਿਰ ਦੀ ਦਿੱਖ ਨੂੰ ਨਵਾਂ ਰੂਪ ਮਿਲੇਗਾ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ‘ਚ ਸੀਵਰੇਜ਼ ਦੀ ਵਿਛਾਈ ਜਾਣ ਵਾਲੀ ਕੁਲ 154 ਕਿਲੋਮੀਟਰ ਲਾਈਨ ਵਿੱਚੋਂ 141 ਕਿਲੋਮੀਟਰ ਲਾਈਨ ਦਾ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕਿਆ ਹੈ।ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਕਾਸ ਕਾਰਜਾਂ ਦੇ ਜਾਇਜ਼ੇ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਲਈ ਬਣ ਰਹੇ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਕੰਮ ਵੀ 99 ਫੀਸਦੀ ਮੁਕੰਮਲ ਹੋ ਚੁਕਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ 31 ਦਸੰਬਰ 2015 ਤੱਕ ਮੁਕੰਮਲ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਤੋਂ ਇਲਾਵਾ ਮੁਕੇਰੀਆਂ ਵਿਖੇ 15.85 ਕਰੋੜ ਅਤੇ ਟਾਂਡਾ ਵਿਖੇ 24.75 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ਼ ਪਾਉਣ ਦਾ ਕੰਮ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟਾਂਡਾ ਵਿਖੇ 34 ਕਿਲੋਮੀਟਰ ਦੇ ਕਰੀਬ ਪਾਈ ਜਾਣ ਵਾਲੀ ਸੀਵਰੇਜ਼ ਲਾਈਨ ਵਿੱਚੋਂ 33 ਕਿਲੋਮੀਟਰ ਦਾ ਕੰਮ ਮੁਕੰਮਲ ਹੋ ਚੁਕਿਆ ਹੈ। ਇਸੇ ਤਰ੍ਹਾਂ ਮੁਕੇਰੀਆਂ ਵਿਖੇ 15 ਕਿਲੋਮੀਟਰ ਦੇ ਕਰੀਬ ਵਿਛਾਈ ਜਾਣ ਵਾਲੀ ਸੀਵਰੇਜ਼ ਲਾਈਨ ਵਿੱਚੋਂ 13 ਕਿਲੋਮੀਟਰ ਲਾਈਨ ਵਿਛਾਉਣ ਦਾ ਕੰਮ ਪੂਰਾ ਹੋ ਚੁਕਿਆ ਹੈ। ਉਨ੍ਹਾਂ ਦੱਸਿਆ ਕਿ ਟਾਂਡਾ ਵਿਖੇ ਬਣ ਰਹੇ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਕੰਮ 77 ਫੀਸਦੀ ਅਤੇ ਮੁਕੇਰੀਆਂ ਵਿਖੇ ਬਣ ਰਹੇ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਕੰਮ 99 ਫੀਸਦੀ ਮੁਕੰਮਲ ਹੋ ਚੁਕਿਆ ਹੈ।ਇਸੇ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਐਮ ਪੀ ਲੈਡ ਸਕੀਮ, ਕੰਢੀ ਕੈਨਾਲ ਸਟੇਜ-2, ਵਾਟਰ ਸਪਲਾਈ ਅਤੇ ਹੋਰ ਵੱਖ-ਵੱਖ ਵਿਕਾਸ ਸਕੀਮਾਂ ਤਹਿਤ ਚਲ ਰਹੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਸਬੰਧਤ ਵਿਭਾਗਾਂ ਪਾਸੋਂ ਜਾਇਜ਼ਾ ਲਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਐਸ ਡੀ ਐਮ ਮੁਕੇਰੀਆਂ ਦਰਬਾਰਾ ਸਿੰਘ ਰੰਧਾਵਾ, ਐਸ ਡੀ ਐਮ ਗੜ੍ਹਸ਼ੰਕਰ ਅਮਰਜੀਤ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਰਦੀਪ ਸਿੰਘ ਬੈਂਸ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media