ਸੀ. ਆਈ. ਪੀ. ਟੀ ਤੇ ਖ਼ਾਲਸਾ ਕਾਲਜ ਵੱਲੋਂ ‘ਏਜੰਟ ਆਫ਼ ਚੇਂਜ਼’ ਪ੍ਰੋਗਰਾਮ ਦਾ ਅਗਾਜ਼
ਖੇਤੀਬਾੜੀ ਕਿੱਤੇ ਵਿੱਚ ਲੜਕੀਆਂ ਦੀ ਵਧੇਰੇ ਦਿਲਚਸਪੀ ‘ਤੇ ਸ: ਛੀਨਾ ਨੇ ਜਤਾਈ ਖੁਸ਼ੀ

ਅੰਮ੍ਰਿਤਸਰ, 23 ਜੁਲਾਈ ( ਪ੍ਰੀਤਮ ਸਿੰਘ) – ਉੱਘੇ ਖੇਤੀਬਾੜੀ ਅਰਥ-ਸ਼ਾਸ਼ਤਰ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਕੁਲਪਤੀ ਸ: ਸਰਦਾਰਾ ਸਿੰਘ ਜੌਹਲ ਨੇ ਅੱਜ ਪੰਜਾਬ ਦੇ ਖੇਤੀਬਾੜੀ ਨੂੰ ਦਰਪੇਸ਼ ਚੁਣੌਤੀਆਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਫ਼ਸਲੀ ਵਿਭਿੰਨਤਾ ਅਤੇ ਕਿਸਾਨਾਂ ਦੁਆਰਾ ਕੀਤੀਆਂ ਜਾ ਰਹੀਆਂ ਖੁਦਕਸ਼ੀਆਂ ਇਕ ਵੱਡੀ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਇਕ ਵੱਡੇ ਦਬਾਅ ਹੇਠ ਹੈ, ਜਿਸ ਵਿੱਚ ਕਿਸਾਨਾਂ ਦੀ ਆਰਥਿਕ ਹਾਲਤ ਨਿਘਰਦੀ ਜਾ ਰਹੀ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਜੌਹਲ ਨੇ ਇਤਿਹਾਸਕ ਖ਼ਾਲਸਾ ਕਾਲਜ ਵਿਖੇ ਐਗਰੀਕਲਚਰ ਵਿਭਾਗ ਵੱਲੋਂ ਦਿੱਲੀ ਦੇ ਸੈਂਟਰਸ ਫ਼ਾਰ ਇੰਟਰਨੈਸ਼ਨਲ ਪ੍ਰੋਜੈਕਟ ਟਰੱਸਟ (ਸੀ. ਆਈ. ਪੀ. ਟੀ.) ਦੇ ਸਹਿਯੋਗ ਨਾਲ ਕਰਵਾਏ ਗਏ ‘ਏਜੰਟ ਆਫ਼ ਚੇਂਜ਼’ ਪ੍ਰੋਗਰਾਮ ਮੌਕੇ ਕੀਤਾ। ਮੁੱਖ ਮਹਿਮਾਨ ਵਜੋਂ ਸ਼ਾਮਿਲ ਡਾ. ਜੌਹਲ ਨੇ ਕਿਹਾ ਕਿ ਖੇਤੀਬਾੜੀ ਵਿੱਚ ਮਸ਼ੀਨੀਕਰਨ ਸਿਰਫ਼ ਟਰੈਕਟਰ ਖਰੀਦਣ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਹਰ ਕਿਸਮ ਦੇ ਔਜ਼ਾਰਾਂ ਅਤੇ ਨਵੀਨੀਤਮ ਖੇਤੀ ਵਿਧੀਆਂ ਨੂੰ ਅਪਨਾਕੇ ਕਿਸਾਨ ਖੁਸ਼ਹਾਲ ਹੋ ਸਕਦਾ ਹੈ।
ਡਾ. ਜੌਹਲ ਨੇ ਕਿਹਾ ਕਿ ਵੱਖ-ਵੱਖ ਸਰਕਾਰਾਂ ਫ਼ਸਲੀ ਵਿਭਿੰਨਤਾ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਿੱਚ ਅਸਫ਼ਲ ਰਹੀਆਂ ਹਨ ਅਤੇ ਪੰਜਾਬ ਦਾ ਕਿਸਾਨ ਦੋ ਫ਼ਸਲੀ ਕਣਕ ਅਤੇ ਝੋਨੇ ਦੇ ਚੱਕਰ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ। ਉਨ੍ਹਾਂ ਨੇ ਕਿਸਾਨਾਂ ਦੇ ਵੱਧਦੇ ਕਰਜ਼ਿਆਂ ਲਈ ਬੈਂਕਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੀ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਕਿਉਂ ਉਹ ਬੈਂਕਾਂ ਦੁਆਰਾ ਦਿੱਤੇ ਗਏ ਮਹਿੰਗੇ ਕਰਜ਼ੇ ਦੀ ਦੁਰਵਰਤੋਂ ਕਰਕੇ ਦਬਾਅ ਹੇਠ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਖੁਦਕਸ਼ੀਆਂ ਪਿੱਛੇ ਸਿਰਫ਼ ਕਰਜ਼ੇ ਹੀ ਕਾਰਨ ਨਹੀਂ ਹੁੰਦਾ।
ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਪੰਜਾਬ ਦੀ ਖੇਤੀਬਾੜੀ ਸਨਮੁੱਖ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਅਤੇ ਕਿਸਾਨਾਂ ਦੁਆਰਾ ਕੀਤੀਆਂ ਜਾਂਦੀਆਂ ਖੁਦਕਸ਼ੀਆਂ ਸਬੰਧੀ ਸਹੀ ਪੜਤਾਲ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਲੜਕਿਆਂ ਨਾਲੋਂ ਵਧੇਰੇ ਲੜਕੀਆਂ ਵੱਲੋਂ ਖੇਤੀਬਾੜੀ ਕਿੱਤੇ ਵਿੱਚ ਜਿਆਦਾ ਦਿਲਚਸਪੀ ਲੈਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਏਜੰਟ ਆਫ਼ ਚੇਂਜ਼ ਪ੍ਰੋਗਰਾਮ ਅਧੀਨ 700 ਤੋਂ ਵਧੇਰੇ ਕਾਲਜ ਦੇ ਵਿਦਿਆਰਥੀ ਵਲੰਟੀਅਰਾਂ ਦੇ ਰੂਪ ਵਿੱਚ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਖੇਤੀਬਾੜੀ ਨਾਲ ਸਬੰਧਿਤ ਮੁੱਦਿਆਂ ਬਾਰੇ ਜਾਣਕਾਰੀ ਦਾ ਅਦਾਨ-ਪ੍ਰਦਾਨ ਕਰਨਗੇ। ਸੀ. ਆਈ. ਪੀ. ਟੀ. ਦੇ ਡਾਇਰੈਕਟਰ ਸ੍ਰੀ ਕਮਲ ਵੱਤਾ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਕਿਸਾਨਾਂ ਦੀ ਦਿਸ਼ਾ ਅਤੇ ਦਸ਼ਾ ਨੂੰ ਸਹੀ ਢੰਗ ਨਾਲ ਉਜਾਗਰ ਕਰਨਾ ਹੈ ਅਤੇ ਵਿਦਿਆਰਥੀਆਂ ਨੂੰ ਕਲਾਸਾਂ ਤੋਂ ਪੜ੍ਹਾਈ ਤੋਂ ਇਲਾਵਾ ਖੇਤਾਂ ਵਿੱਚ ਪਹੁੰਚ ਕੇ ਹੱਥੀਂ ਕਾਰ ਕਰਵਾਉਣਾ ਹੈ।
ਇਸ ਤੋਂ ਪਹਿਲਾਂ ਡਾ. ਮਹਿਲ ਸਿੰਘ ਨੇ ਸ: ਜੌਹਲ ਦਾ ਕਾਲਜ ਪੁੱਜਣ ‘ਤੇ ਸਵਾਗਤ ਕਰਦਿਆਂ ਉਨ੍ਹਾਂ ਦੀਆਂ ਉਪਲਬੱਧੀਆਂ ਅਤੇ ਖੂਬੀਆਂ ਸਬੰਧੀ ਹਾਜ਼ਰ ਸਖਸ਼ੀਅਤਾਂ ਅਤੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸ: ਜੌਹਲ ਦੁਆਰਾ ਖੇਤੀਬਾੜੀ ਨਾਲ ਸਬੰਧਿਤ ਪ੍ਰਦਾਨ ਕੀਤੀ ਗਈ ਜਾਣਕਾਰੀ ਵਿਦਿਆਰਥੀਆਂ ਨੂੰ ਕਿਰਸਾਨੀ ਦੇ ਕਿੱਤੇ ਵਿੱਚ ਮਜ਼ਬੂਤ ਪਕੜ੍ਹ ਬਣਾਉਣ ਲਈ ਸਹਾਈ ਸਿੱਧ ਹੋਵੇਗੀ, ਜਿਸਦਾ ਲਾਹਾ ਲੈਂਦਿਆਂ ਵਿਦਿਆਰਥੀ ਦੇਸ਼ ਦੀ ਉੱਨਤੀ ਤੇ ਤਰੱਕੀ ਲਈ ਫ਼ਾਇਦੇਮੰਦ ਯੋਗਦਾਨ ਪਾਉਣ ਦੇ ਸਮਰਥ ਹੋਣਗੇ। ਇਸ ਮੌਕੇ ਸ: ਛੀਨਾ ਤੇ ਡਾ. ਮਹਿਲ ਸਿੰਘ ਨੇ ਮਿਲਕੇ ਸ: ਜੌਹਲ ਅਤੇ ਸ੍ਰੀ ਵੱਤਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।
ਸੈਮੀਨਾਰ ਮੌਕੇ ਸੰਚਾਲਨ ਦਾ ਭੂਮਿਕਾ ਮੈਡਮ ਰਣਦੀਪ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਪ੍ਰੋ: ਦੀਦਾਰ ਸਿੰਘ, ਪ੍ਰੋ: ਗੁਰਦੇਵ ਸਿੰਘ, ਪ੍ਰੋ: ਸਤਨਾਮ ਸਿੰਘ, ਪ੍ਰੋ: ਗੁਰਬਖਸ਼ ਸਿੰਘ, ਪ੍ਰੋ: ਨਵਤੇਜ ਸਿੰਘ, ਪ੍ਰੋ: ਕੰਵਲਜੀਤ ਸਿੰਘ, ਪ੍ਰੋ: ਰਾਕੇਸ਼ ਕੁਮਾਰ, ਪ੍ਰੋ: ਨਰਿੰਦਰਦੀਪ ਸਿੰਘ ਆਦਿ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media