ਕਾਵਿ-ਕਿਤਾਬ ਤੀਰ ਗੰਭੀਰ ਦੇ ਲੋਕ ਅਰਪਣ
ਬਟਾਲਾ, 30 ਜੁਲਾਈ (ਨਰਿੰਦਰ ਸਿੰਘ ਬਰਨਾਲ)- ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ਵੱਲੋ ਪ੍ਰਿੰ: ਸੁਜਾਨ ਸਿੰਘ ਦੇ 106 ਵੇਂ ਜਨਮ ਦਿਨ ‘ਤੇ ਇੱਕ ਸਫਲ ਕਹਾਣੀ ਗੋਸ਼ਟੀ ਤੇ ਕਵੀ ਦਰਬਾਰ ਦਾ ਆਯੋਜਨ ਕਰਕੇ ਮਨਾਇਆ ਗਿਆ । ਸਮਾਗਮ ਦੀ ਰੂਪ ਰੇਖਾ ਸਾਂਝੀ ਕਰਦਿਆਂ ਡਾ. ਅਨੂਪ ਸਿੰਘ ਨੇ ਪੰਜਾਬੀ ਲੋਕ ਲਿਖਾਰੀ ਮੰਚ ਤੇ ਪੰਜਾਬੀ ਸਾਹਿਤ ਅਕਾਡਮੀ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ । ਉੱਘੇ ਸ਼ਾਇਰ ਡਾ. ਰਵਿੰਦਰ ਨੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਪਿ੍ਰੰ: ਸੁਜਾਨ ਸਿੰਘ ਦੀ ਸਾਹਿਤਕ ਤੇ ਸਮਾਜਿਕ ਦੇਣ ਨੂੰ ਯਾਦ ਕਰਦਿਆਂ ਨਵੇਂ ਲੇਖਕਾਂ ਨੂੰ ਉਨ੍ਹਾਂ ਵਾਂਗ ਮਿਹਨਤ ਕਰਨ ਅਤੇ ਨਿਮਰ-ਨਿਰਮਾਣ ਰਹਿਣ ਦਾ ਸੱਦਾ ਦਿੱਤਾ । ਪ੍ਰਸਿੱਧ ਪੰਜਾਬੀ ਪ੍ਰੋਫੈਸਰ ਕ੍ਰਿਪਾਲ ਸਿੰਘ ਯੋਗੀ ਨੇ ਪਿ੍ਰੰ: ਸੁਜਾਨ ਸਿੰਘ ਦੀ ਸ਼ਖ਼ਸੀਅਤ ਤੇ ਸਿਰਜਣਾ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਜ਼ਿੰਦਗੀ ਦੇ ਉਨ੍ਹਾਂ ਕੀਮਤੀ ਪਲਾਂ ਨੂੰ ਆਪਣਾ ਵੱਡਾ ਸਰਮਾਇਆ ਸਮਝਦੇ ਹਨ, ਜਿਹੜੇ ਉਨ੍ਹਾਂ ਨਾਲ ਸਾਂਝੇ ਕੀਤੇ ਹਨ । ਇਸ ਸਮੁੱਚੇ ਸਮਾਗਮ ਦੀ ਪ੍ਰਧਾਨਗੀ ਡਾ. ਰਵਿੰਦਰ, ਡਾ. ਅਨੂਪ ਸਿੰਘ, ਪ੍ਰੋ. ਕ੍ਰਿਪਾਲ ਸਿੰਘ ਯੋਗੀ, ਦੇਵਿੰਦਰ ਦੀਦਾਰ, ਡਾ. ਪਰਬਜੀਤ ਕੌਰ, ਪ੍ਰਿ. ਹਰਭਜਨ ਸਿੰਘ ਸੇਖੋਂ, ਸੁਖਦੇਵ ਸਿੰਘ ਪ੍ਰੇਮੀ ਤੇ ਜਸਵੰਤ ਹਾਂਸ ਨੇ ਕੀਤੀ । ਆਰੀਆ ਮਹਿਲਾ ਕਾਲਜ, ਦੀਨਾਨਗਰ ਦੇ ਪੰਜਾਬੀ ਵਿਭਾਗ ਦੀ ਮੁੱਖੀ ਡਾ. ਪਰਬਜੀਤ ਕੌਰ ਨੇ ਪ੍ਰਿੰ: ਸੁਜਾਨ ਸਿੰਘ ਦੀ ਕਹਾਣੀ ਕਲਾ ਤੇ ਡਾ. ਮਨਦੀਪ ਕੌਰ ਢੀਂਡਸਾ ਨੇ ਉਨ੍ਹਾਂ ਦੀਆਂ ਕਹਾਣੀਆਂ ਦੀ ਸਮਕਾਲ ‘ਚ ਪ੍ਰਸੰਗਕਿਤਾ ਬਾਰੇ ਵਿਦਵਤਾ ਭਰਪੂਰ ਪੇਪਰ ਪੇਸ਼ ਕੀਤੇ । ਸਮਾਗਮ ਦੇ ਦੂਜੇ ਪ੍ਰੜਾਅ ‘ਚ ਨੌਜਵਾਨ ਸ਼ਾਇਰ ਬਲਵਿੰਦਰ ਸਿੰਘ ਗੰਭੀਰ ਦੇ ਪਲੇਠੇ ਕਾਵਿ-ਸੰਗ੍ਰਹਿ ਤੀਰ ਗੰਭੀਰ ਦੇ ਨੂੰ ਪ੍ਰਧਾਨਗੀ ਮੰਡਲ ਨੇ ਲੋਕ ਅਰਪਣ ਕੀਤਾ । ਇਸ ਕਾਵਿ-ਸੰਗ੍ਰਹਿ ਬਾਰੇ ਸੁਰਿੰਦਰ ਸਿੰਘ ਨਿਮਾਣਾ ਨੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਸਮਾਜਿਕ ਸਰੋਕਾਰਾਂ ਨੂੰ ਬੇਹੱਦ ਸਰਲ ਤੇ ਲੋਕ-ਮੁਖੀ ਭਾਸ਼ਾ-ਸ਼ੈਲੀ ‘ਚ ਪੇਸ਼ ਕਵਿਤਾ ਦੱਸਿਆ ।
ਇਸੇ ਲੜੀ ‘ਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕਾਵਿ-ਸੰਗ੍ਰਹਿ ਬਾਵਾ ਬਲਵੰਤ ਦੀ ਚੋਣਵੀ ਕਵਿਤਾ ਲੋਕ ਅਰਪਣ ਕੀਤੀ ਗਈ। ਯਾਦ ਰਹੇ ਕਿ ਇਸ ਸੰਗ੍ਰਹਿ ਦਾ ਸਮੁੱਚਾ ਖਰਚਾ ਪੰਜਾਬੀ ਲੋਕ ਲਿਖਾਰੀ ਮੰਚ ਨੇ ਅਦਾ ਕੀਤਾ ਹੈ । ਪ੍ਰਵਾਸੀ ਲੇਖਕ ਰਾਜਵੰਤ ਰਾਜ ਦੀ ਪੁਸਤਕ ਰਾਗਣੀਆਂ ਵੀ ਲੋਕ ਅਰਪਣ ਕੀਤੀ ਗਈ । ਇਸ ਪੁਸਤਕ ਬਾਰੇ ਸਿਮਰਤ ਸੁਮੈਰਾ ਨੇ ਸੰਖੇਪ ਜਾਣ-ਪਛਾਣ ਕਰਵਾਈ । ਕੁਝ ਹਾਜ਼ਰ ਕਵੀਆਂ ਨੇ ਆਪਣੀਆਂ ਨਵੀਆਂ ਕਾਵਿ ਸਿਰਜਣਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਨ੍ਹਾਂ ਵਿਚ ਪ੍ਰਮੁੱਖ ਰੂਪ ‘ਚ ਸਰਵ ਸ੍ਰੀ ਹਰਭਜਨ ਬਾਜਵਾ, ਸੁਭਾਸ਼ ਦੀਵਾਨਾ, ਤਲਵਿੰਦਰ ਕੌਰ, ਦੁਖ ਭੰਜਨ ਸਿੰਘ ਰੰਧਾਵਾ, ਸੁੱਚਾ ਸਿੰਘ ਰੰਧਾਵਾ, ਹਰਪਾਲ ਨਾਗਰਾ, ਰੋਜ਼ੀ ਸਿੰਘ, ਸੂਬਾ ਸਿੰਘ ਖਹਿਰਾ, ਰਾਜਪਾਲ ਬਾਠ, ਸੁਲਤਾਨ ਭਾਰਤੀ, ਸੰਧੂ ਬਟਾਲਵੀ, ਵਿਨੋਦ ਸ਼ਾਇਰ, ਅਜੀਤ ਕਮਲ, ਪਰਮਜੀਤ ਕੌਰ, ਵਿਜੇ ਅਗਨੀਹੋਤਰੀ, ਚੰਨ ਬੋਲੇਵਾਲੀਆ, ਵਰਗਿਸ ਸਲਾਮਤ, ਨਰਿੰਦਰ ਸਿੰਘ ਸੰਘਾ, ਓਮ ਪ੍ਰਕਾਸ਼ ਭਗਤ, ਹਰਜਿੰਦਰਪਾਲ ਸਿੰਘ ਆਦਿ ਪ੍ਰਮੁੱਖ ਸਨ । ਇਸ ਮੌਕੇ ਦਰਜਨਾਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ । ਇਨਾਂ੍ਹ ਵਿੱਚ ਪ੍ਰਮੁੱਖ ਰੂਪ ਵਿੱਚ ਸਰਵ ਸ੍ਰੀ ਨੰਦ ਲਾਲ ਹੈੱਡ ਮਾਸਟਰ, ਪ੍ਰਵੀਨ ਸਿੰਘ ਲੈਕਚਰਾਰ, ਲਖਵਿੰਦਰ ਸਿੰਘ ਢਿੱਲੋਂ, ਚਰਨਜੀਤ ਸਿੰਘ, ਨਰਿੰਦਰ ਬਰਨਾਲ, ਸੋਮ ਸਿੰਘ, ਡਾ. ਸਤਿੰਦਰ ਸਿੰਘ ਰੈਬੀ, ਹਰਜਿੰਦਰ ਸਿੰਘ, ਕੰਵਲਜੀਤ ਕੌਰ, ਰਵਿੰਦਰ ਸਿੰਘ, ਚਰਨਪ੍ਰੀਤ ਸਿੰਘ, ਅਮਨਦੀਪ ਸਿੰਘ ਘੁੰਮਣ ਆਦਿ ਸ਼ਾਮਲ ਸਨ।