ਸਾਹਿਤ ਪ੍ਰੇਮੀਆਂ ਆਡੀਟੋਰੀਅਮ ਹੋਵੇਗਾ ਸ਼ਿਵ ਬਟਾਲਵੀ ਦੀ ਯਾਦਗਾਰ ਦਾ ਤੋਹਫਾ
ਬਟਾਲਾ, 30 ਜੁਲਾਈ (ਨਰਿੰਦਰ ਸਿੰਘ ਬਰਨਾਲ)- ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਬਟਾਲਾ ਸ਼ਹਿਰ ‘ਚ ਬਣੀ ਯਾਦਗਾਰ ਨੂੰ ਸਾਹਿਤ ਪ੍ਰੇਮੀਆਂ ਦੇ ਜਲਦ ਸਪੁਰਦ ਕਰਨ ਲਈ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਆਡੀਟੋਰੀਅਮ ਦੇ ਮੁਰੰਮਤ ਕਾਰਜ ਛੇਤੀ ਨੇਪਰੇ ਚੜਨ੍ਹ ਇਸ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਇਸ ਸਾਰੇ ਪ੍ਰੋਜੈਕਟ ਦੀ ਖੁਦ ਨਿਗਰਾਨੀ ਰੱਖੀ ਜਾ ਰਹੀ ਹੈ। ਮੁਰੰਮਤ ਕਾਰਜਾਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਵੱਲੋਂ ਅੱਜ ਬਟਾਲਾ ਵਿਖੇ ਆਡੀਟੋਰੀਅਮ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਬਟਾਲਾ ਸਕੱਤਰ ਸਿੰਘ ਬੱਲ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਆਡੀਟੋਰੀਅਮ ਦੇ ਨਿਰੀਖਣ ਦੌਰਾਨ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਏਜੰਸੀਆਂ ਕੋਲੋਂ ਆਡੀਟੋਰੀਅਮ ਦੇ ਮੁਰੰਮਤ ਕਾਰਜਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਡਾ. ਤ੍ਰਿਖਾ ਨੇ ਕਿਹਾ ਕਿ ਅਗਸਤ ਮਹੀਨੇ ‘ਚ ਹਰ ਹੀਲੇ ਇਸ ਬਹੁ-ਵਕਾਰੀ ਪ੍ਰੋਜੈਕਟ ਨੂੰ ਪੂਰਿਆਂ ਕੀਤਾ ਜਾਵੇ ਤਾਂ ਸੂਬਾ ਸਰਕਾਰ ਵੱਲੋਂ ਸਾਹਿਤ ਪ੍ਰੇਮੀਆਂ ਦੀ ਸ਼ਿਵ ਬਟਾਲਵੀ ਦੀ ਖੂਬਸੂਰਤ ਯਾਦਗਾਰ ਦਾ ਤੋਹਫਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ਸ਼ਿਵ ਆਡੀਟੋਰੀਅਮ ਦੇ ਉਦਘਾਟਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਅਗਸਤ ਮਹੀਨੇ ਦੇ ਅਖੀਰ ਤੱਕ ਇਸ ਆਡੀਟੋਰੀਅਮ ‘ਚ ਸ਼ਿਵ ਦੀਆਂ ਕਵਿਤਾਵਾਂ ਦੇ ਬੋਲ ਜਰੂਰ ਗੂੰਝਣਗੇ।
ਡਿਪਟੀ ਕਮਿਸ਼ਨਰ ਡਾ. ਤ੍ਰਿਖਾ ਨੇ ਦੱਸਿਆ ਕਿ ਆਡੀਟੋਰੀਅਮ ਦੀ ਅੰਦਰੂਨੀ ਸਜਾਵਟ ਦਾ ਕੰਮ ਮੁਕੰਮਲ ਹੋਣ ਨੇੜੇ ਹੈ ਅਤੇ ਹਾਲ ਦੇ ਸਾਰੇ ਫਰਸ਼ ਦੀ ਮੈਟਿੰਗ ਹੋ ਕੇ ਕੁਰਸੀਆਂ ਲੱਗ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰੰਗ ਰੋਗਨ ਦਾ ਕੰਮ ਵੀ ਤਕਰੀਬਨ ਮੁਕੰਮਲ ਹੋ ਗਿਆ ਹੈ ਅਤੇ ਹੁਣ ਵੱਖ-ਵੱਖ ਏਜੰਸੀਆਂ ਵੱਲੋਂ ਆਪਣੇ ਕੰਮਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਬਟਾਲਾ ਵਾਸੀਆਂ ਤੇ ਸਾਹਿਤ ਪ੍ਰੇਮੀਆਂ ਨੂੰ ਆਡੀਟੋਰੀਅਮ ਦੇ ਮੁਰੰਮਤ ਕਾਰਜ ਮੁਕੰਮਲ ਹੋਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਆਡੀਟੋਰੀਅਮ ਸ਼ਿਵ ਕੁਮਾਰ ਦੀ ਅਜ਼ੀਮ ਯਾਦਗਾਰ ਹੋਵੇਗਾ।
Punjab Post Daily Online Newspaper & Print Media
