Monday, September 16, 2024

ਬਿਨ੍ਹਾ ਅਧਾਰ ਵਾਲੇ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਸੁਖਬੀਰ ਕੀ ਸਿੱਧ ਕਰਨਾ ਚਾਹੁੰਦਾ ਹੈ –ਮਨਪ੍ਰੀਤ ਬਾਦਲ

PPN140414
ਬਠਿੰਡਾ, 14 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਕਾਂਗਰਸ ਅਤੇ ਸੀ.ਪੀ.ਆਈ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦਾ ਹਲਕੇ ਵਿੱਚ ਕਾਲੀਆਂ ਝੰਡੀਆਂ ਵਿਖਾ ਕੇ ਕੀਤੇ ਜਾ ਰਹੇ ਸਵਾਗਤ ਪਿੱਛੇ ਕੇਵਲ ਐਂਟੀਇਨਕੰਬੈਂਸੀ ਫੈਕਟਰ ਨਹੀਂ ਬਲਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਅਤੇ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਲੋਕਾਂ ਦਾ ਗੁੱਸਾ ਹੈ। ਇੱਥੇ ਇੱਕ ਜਾਰੀ ਕੀਤੇ ਗਏ ਪ੍ਰੈਸ ਬਿਆਨ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਿੰਨ੍ਹਾਂ ਨੂੰ ਅਕਾਲੀ ਦਲ ਲੋਂਗਵਾਲ ਦਾ ਸਹਿਯੋਗ ਵੀ ਪ੍ਰਾਪਤ ਹੈ ਨੇ ਕਿਹਾ ਕਿ ਜਿਹੜੇ ਫੋਕੇ ਦਾਅਵੇ ਹਰਸਿਮਰਤ ਕੌਰ ਬਾਦਲ ਅਤੇ ਉਸਦੇ ਘਰਵਾਲੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਠਿੰਡੇ ਦੇ ਵਿਕਾਸ ਵਾਲੇ ਕੀਤੇ ਜਾ ਰਹੇ ਸਨ ਉਹ ਖੋਖਲੇ ਸਾਬਤ ਹੋ ਰਹੇ ਨੇ। ਜਿਸਦਾ ਖਮਿਆਜਾ ਇਨ੍ਹਾ ਵੋਟਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਭੁਗਤਣਾ ਪਵੇਗਾ। ਹਰ ਦੂਜੇ ਪਿੰਡ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਪਿੰਡ ਵਾਸੀਆਂ ਵੱਲੋਂ ਦਿਖਾਏ ਜਾਂਦੇ ਕਾਲੇ ਝੰਡੇ ਇਸ ਗੱਲ ਉੱਪਰ ਮੋਹਰ ਲਾਉਂਦੇ ਹਨ ਕਿ ਇਨ੍ਹਾ ਦੋਹਾਂ ਦੇ ਗੱਪ ਹੁਣ ਹੋਰ ਨਹੀਂ ਚੱਲਣੇ ਅਤੇ ਇਨਾਂ ਦਾ ਗਪੌੜੀ ਚਿਹਰਾ ਲੋਕਾਂ ਵਿੱਚ ਨੰਗਾ ਹੋ ਗਿਆ ਹੈ। ਹਰਸਿਮਰਤ ਕੌਰ ਬਾਦਲ ਜੋ ਨੰਨ੍ਹੀ ਛਾਂ ਦਾ ਢਕੌਂਸਲਾ ਕਰਕੇ ਲੋਕਾਂ ਵਿੱਚ ਹਮਦਰਦੀ ਜਿਤਾਉਣ ਦੀ ਕੋਸ਼ਿਸ਼ ਕਰਦੀ ਸੀ ਉਸ ਤੋਂ ਪਹਿਲਾਂ ਹੀ ਪੜਦਾ ਚੁੱਕਿਆ ਜਾ ਚੁੱਕਾ ਹੈ। ਇਸਦੀ ਅਸਲੀਅਤ ਤੋਂ ਲੋਕ ਹੁਣ ਭਲੀ ਭਾਂਤ ਜਾਣੂ ਹੋ ਚੁੱਕੇ ਹਨ। ਅੱਜ ਵੀ ਬਠਿੰਡਾ ਲੋਕ ਸਭਾ ਦੀਆਂ ਔਰਤਾਂ ਸਿਰਾਂ ਤੇ ਪੀਣ ਵਾਲਾ ਪਾਣੀ ਢੋਂਦੀਆ ਹਰ ਸ਼ਹਿਰ ਅਤੇ ਹਰ ਪਿੰਡ ਵਿੱਚ ਨਜ਼ਰ ਆ ਜਾਂਦੀਆ ਹਨ। ਜਿਸ ਤੋਂ ਇਹਨਾ ਦੇ ਘਰ ਘਰ ਪੀਣ ਵਾਲਾ ਪਾਣੀ ਪਹੁੰਚਾਉਣ ਅਤੇ ਆਰ.ਓ. ਲਾਉਣ ਵਰਗੇ ਖੋਖਲੇ ਦਾਅਵੇ ਜੱਗ ਜ਼ਾਹਿਰ ਹੋ ਗਏ ਹਨ। ਇਹੀ ਕਾਰਨ ਹੈ ਕਿ ਆਪਣੇ ਆਪ ਨੂੰ ਉੱਚਾ ਕਹਾਉਣ ਵਾਲੀ ਹਰਸਿਮਰਤ ਕੌਰ ਬਾਦਲ ਵਾਸਤੇ ਮੁੱਖ ਮੰਤਰੀ ਪਰਿਵਾਰ ਨੂੰ ਬਠਿੰਡਾ ਤੋਂ ਬਾਹਰ ਪੈਰ ਰੱਖਣਾ ਔਖਾ ਹੋਇਆ ਪਿਆ ਹੈ । ਮਨਪ੍ਰੀਤ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਜੇਕਰ ਇਸ ਇਲਾਕੇ ਵਿੱਚ ਕੋਈ ਵਿਕਾਸ ਹੋਇਆ ਹੈ ਤਾਂ ਉਹ ਮੁੱਖ ਮੰਤਰੀ ਪਰਿਵਾਰ ਦੇ ਨਿੱਜੀ ਮੰਤਵਾਂ ਵਾਲੀਆਂ ਥਾਵਾਂ ਦਾ ਹੀ ਹੋਇਆ ਹੈ ਅਤੇ ਬਹੁਤਾ ਇਲਾਕਾ ਅੱਜ ਵੀ ਵਿਕਾਸ ਨਾਂ ਦੀ ਚੀਜ਼ ਨੂੰ ਉਡੀਕ ਰਿਹਾ ਹੈ। ਇਹਨਾ ਵੱਲੋਂ ਦਿਖਾਵੇ ਸਬਜ਼ਬਾਗਾਂ ਦਾ ਫਲ ਹੁਣ ਲੋਕ ਇਹਨਾ ਦੀ ਝੋਲੀ ਵਿੱਚ 30 ਅਪ੍ਰੈਲ ਨੂੰ ਪਾ ਦੇਣਗੇ
ਉਹਨਾ ਅੱਗੇ ਕਿਹਾ ਕਿ ਸੁਖਬੀਰ ਦੀਆਂ ਚਾਲਾਂ ਵੀ ਉਸਦੀ ਘਰਵਾਲੀ ਨੂੰ ਨਹੀਂ ਜਿਤਾ ਸਕਦੀਆਂ ਭਾਵੇਂ ਉਸਨੇ ਮੇਰਾ ਹਮਨਾਮੀ ਖੜ੍ਹਾ ਕਰਕੇ ਪੀ.ਪੀ.ਪੀ. ਦਾ ਚੋਣ ਨਿਸ਼ਾਨ ਪਤੰਗ ਵੀ ਆਪਣਾ ਰਸੂਖ ਵਰਤ ਕੇ ਦਿਵਾ ਦਿੱਤਾ ਹੈ। ਸੁਖਬੀਰ ਦੀਆਂ ਅਖੌਤੀ ਰਾਜਸੀ ਮੈਨੇਜਮੈਂਟ ਸਕਿਲਜ਼ ਤੋਂ ਵੀ ਪੜਦਾ ਉੱਠ ਚੁੱਕਿਆ ਹੈ। ਆਪਣੀ ਘਰਵਾਲੀ ਨੂੰ ਹਾਰਦੀ ਦੇਖ ਸੁਖਬੀਰ ਸਿੰਘ ਬਾਦਲ ਆਪਣੀ ਖਿਝ ਅਕਾਲੀ ਵਰਕਰਾਂ ਅਤੇ ਲੀਡਰਾਂ ਤੇ ਨਾ ਕੇਵਲ ਬਠਿੰਡਾ ਬਲਕਿ ਪੰਜਾਬ ਭਰ ‘ਚ ਲਾਉਣ ਲੱਗ ਪਿਆ ਹੈ ਅਤੇ ਆਪਣੀ ਆਦਤ ਮੁਤਾਬਿਕ ਇਸਨੇ ਜਿਵੇਂ ਪਿਛਲੀ ਅਸੈਂਬਲੀ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਪੈਸਾ ਪਾਣੀ ਵਾਂਗ ਬਹਾਇਆ ਸੀ ਉਸੇ ਤਰ੍ਹਾਂ ਹੁਣ ਇਹ ਨਰਾਜ਼ ਵੋਟਰਾਂ ਨੂੰ ਪੈਸੇ ਨਾਲ ਖਰੀਦਣ ਦੀ ਕੋਸ਼ਿਸ਼ ਕਰੇਗਾ ਪਰ ਲੋਕਾਂ ਦਾ ਗੁੱਸਾ ਜਵਾਲਾਮੁਖੀ ਵਾਂਗ ਉਫਾਨ ਤੇ ਹੈ ਜਿਸ ਅੱਗੇ ਇਸ ਦੀਆਂ ਚੱਲ ਅਤੇ ਜ਼ੋਰ ਜ਼ਮਾਈ ਨਹੀਂ ਚੱਲ ਸਕੇਗੀ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …

Leave a Reply