Tuesday, April 28, 2026

ਰੈਡ ਕਰਾਸ ਦੇ ਪੰਘੂੜੇ ਵਿਚ ਦੋ ਹੋਰ ਬੱਚੀਆਂ ਆਉਣ ਨਾਲੇ ਕੁੱਲ ਗਿਣਤੀ 105 ਹੋਈ

PPN1008201512

ਅੰਮ੍ਰਿਤਸਰ, 10 ਅਗਸਤ (ਗੁਰਚਰਨ ਸਿੰਘ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਅੰਮ੍ਰਿਤਸਰ ਵਿਖੇ ਜਨਵਰੀ 2008 ਤੋਂ ਪੰਘੂੜਾ ਸਕੀਮ ਸੁਰੂ ਕੀਤੀ ਗਈ ਸੀ।ਇਸ ਸਕੀਮ ਅਧੀਨ ਰੈਡ ਕਰਾਸ ਦਫਤਰ ਦੇ ਬਾਹਰ ਇਕ ‘ਪੰਘੂੜਾ’ ਸਥਾਪਿਤ ਕੀਤਾ ਗਿਆ ਹੈ, ਕੋਈ ਵੀ ਲਾਵਾਰਿਸ ਅਤੇ ਪਾਲਣ-ਪੋਸ਼ਣ ਤੋਂ ਅਸਮਰਥ ਰਹਿਣ ਵਾਲੇ ਮਾਪੇ ਅਣਚਾਹੇ ਬੱਚੇ ਨੂੰ ਇਸ ਪੰਘੂੜੇ ਵਿਚ ਰੱਖ ਸਕਦੇ ਹਨ।ਪੰਘੂੜੇ ਵਿਚ ਪ੍ਰਾਪਤ ਹੋਣ ਉਪਰੰਤ ਬੱਚੇ ਨੂੰ ਰੈਡ ਕਰਾਸ ਵੱਲੋਂ ਪਾਰਵਤੀ ਦੇਵੀ ਹਸਪਤਾਲ ਰਣਜੀਤ ਐਵੀਨਿਊ ਤੋਂ ਮੈਡੀਕਲ ਸਹਾਇਤਾ ਦਿਵਾ ਕੇ ਤੰਦਰੁਸਤ ਹਾਲਤ ਵਿਚ ਉਸ ਦੀ ਸੁਰੱਖਿਆ, ਪਾਲਣ-ਪੋਸ਼ਣ ਅਤੇ ਚੰਗੇ ਭੱਵਿਖ ਲਈ ਸਰਕਾਰ ਵੱਲੋਂ ਘੋਸ਼ਿਤ ਕੀਤੀਆਂ ਸੰਸਥਾਵਾਂ (ਐਲ. ਏ. ਪੀ. ਏ ) ਵਿਚ ਪ੍ਰਵਿਰਸ਼ ਲਈ ਤਬਦੀਲ ਕਰ ਦਿੱਤਾ ਜਾਂਦਾ ਹੈ।
ਮਿਤੀ 21 ਜੁਲਾਈ 2015 ਨੂੰ ਪੁਲਿਸ ਸਟੇਸ਼ਨ ਲੋਪੋਕੇ ਰਾਹੀਂ ਇਕ ਲੜਕੀ ਨੂੰ ਪੰਘੂੜੇ ਵਿਚ ਪਾਇਆ ਗਿਆ ਹੈ। ਇਸੇ ਤਰ੍ਹਾਂ 28 ਜੁਲਾਈ ਨੂੰ ਇਕ ਲੜਕੀ, ਜਿਸ ਦੀ ਉਮਰ ਲਗਭਗ 2 ਦਿਨ ਦੀ ਸੀ, ਨੂੰ ਪੰਘੂੜੇ ਵਿਚ ਪ੍ਰਾਪਤ ਕੀਤਾ ਗਿਆ ਹੈ।ਇਸ ਸਕੀਮ ਅਧੀਨ ਹੁਣ ਤੱਕ 103 ਬੱਚੇ ਪੰਘੂੜੇ ਵਿਚ ਆ ਚੁੱਕੇ ਹਨ ਅਤੇ ਹੁਣ ਇਨ੍ਹਾਂ ਦੋ ਬੱਚੀਆਂ ਦੇ ਆਉਣ ਨਾਲ ਕੁਲ ਬੱਚਿਆਂ ਦੀ ਗਿਣਤੀ 105 ਤੱਕ ਹੋ ਗਈ ਹੈ।ਇਨ੍ਹਾਂ ਬੱਚੀਆਂ ਦਾ ਮੈਡੀਕਲ ਪਾਰਵਤੀ ਦੇਵੀ ਹਸਪਤਾਲ ਰਣਜੀਤ ਐਵਨਿਊ ਤੋ ਕਰਵਾਇਆ ਗਿਆ ਹੈ ਅਤੇ ਇਸ ਵੇਲੇ ਦੋਵੇਂ ਬੱਚੀਆਂ ਬਿਲਕੁਲ ਤੰਦਰੁਸਤ ਹਨ। ਇਸ ਲਈ ਇਨ੍ਹਾਂ ਨੂੰ ਪਾਲਣ-ਪੋਸ਼ਣ ਅਤੇ ਕਾਨੂੰਨੀ ਅਡਾਪਸ਼ਨ ਹਿੱਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਸਰਕਾਰ ਵਲੋਂ ਨਿਰਧਾਰਤ ਸੰਸਥਾ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਊਂਡੇਸ਼ਨ ਧਾਮ, ਪਿੰਡ ਤਲਵੰਡੀ ਖੁਰਦ ਲੁਧਿਆਣਾ ਵਿਖੇ ਭੇਜਿਆ ਜਾਵੇਗਾ, ਜਿਥੇ ਪਹਿਲਾਂ ਭੇਜੇ ਗਏ ਬੱਚਿਆਂ ਵਾਂਗ ਸਰਕਾਰ ਵੱਲੋਂ ਨਿਰਧਾਰਤ ਪ੍ਰਕਿਰਿਆ ਪੂਰੀ ਕਰਨ ਉਪਰੰਤ ਸੰਸਥਾ ਵਲੋਂ ਇਨ੍ਹਾਂ ਬਚਿਆਂ ਦੀ ਲੋੜਵੰਦ ਪਰਿਵਾਰਾਂ ਨੂੰ ਅਡਾਪਸ਼ਨ ਕਰਵਾ ਦਿੱਤੀ ਜਾਵੇਗੀ।  ਅੱਜ ਇਨ੍ਹਾਂ ਬੱਚੀਆਂ ਨੂੰ ਡਾ. ਤਰੁਨਦੀਪ ਕੌਰ, ਆਈ. ਆਰ. ਐਸ ਪਤਨੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਪ੍ਰਾਪਤ ਕੀਤਾ ਅਤੇ ਲਾਪਾ ਸਕੀਮ ਅਧੀਨ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਊਂਡੇਸ਼ਨ ਧਾਮ, ਪਿੰਡ ਤਲਵੰਡੀ ਖੁਰਦ ਲੁਧਿਆਣਾ ਵਿਖੇ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ।ਇਸ ਸਕੀਮ ਅਧੀਨ ਹੁਣ ਤੱਕ 16 ਲੜਕੇ ਅਤੇ 89 ਲੜਕੀਆਂ ਆ ਚੁੱਕੀਆਂ ਹਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply