
ਅੰਮ੍ਰਿਤਸਰ, 10 ਅਗਸਤ (ਗੁਰਚਰਨ ਸਿੰਘ)- ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ ਨੇ ਆਜ਼ਾਦੀ ਦਿਵਸ ਮੌਕੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਮਾਗਮ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਜ਼ਿਲ੍ਹੇ ਵਿਚ ਆਜ਼ਾਦੀ ਦਿਹਾੜਾ ਦੇਸ਼ ਭਗਤੀ ਦੇ ਜਜ਼ਬੇ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਪੱਧਰੀ ਸਮਾਗਮ ਗੁਰੂ ਨਾਨਕ ਸਟੇਡੀਅਮ ਵਿਖੇ ਮਨਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਸਮਾਗਮ ਲਈ ਰਿਹਰਸਲਾਂ ਦਾ ਸਿਲਸਿਲਾ ਚੱਲ ਰਿਹਾ ਹੈ ਅਤੇ 13 ਅਗਸਤ ਨੂੰ ਫੁੱਲ ਡਰੈਸ ਰਿਹਰਸਲ ਹੋਵੇਗੀ। ਉਨ੍ਹਾਂ ਇਸ ਮੌਕੇ ਸਟੇਡੀਅਮ ਦੀ ਸਫ਼ਾਈ ਦੇ ਪ੍ਰਬੰਧਾਂ, ਰਸਤੇ ਅਤੇ ਸਟੇਜ ਦੀ ਸਜਾਵਟ, ਬੈਠਣ, ਪੀਣ ਦੇ ਪਾਣੀ, ਸੁਰੱਖਿਆ, ਬੈਰੀਕੇਡਿੰਗ, ਬੱਚਿਆਂ ਲਈ ਬੱਸਾਂ, ਰਿਫਰੈਸ਼ਮੈਂਟ, ਸ਼ਹਿਰ ਦੀ ਅਤੇ ਚੌਕਾਂ ਦੀ ਸਜਾਵਟ, ਲਾਈਟ, ਸਾਊਂਡ, ਮੁੱਢਲੀ ਸਹਾਇਤਾ, ਫਾਇਰ ਬ੍ਰਿਗੇਡ ਅਤੇ ਰਿਕਵਰੀ ਵੈਨਾਂ ਆਦਿ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਉਨਾਂ ਕਿਹਾ ਕਿ ਅੰਮ੍ਰਿਤਸਰ ਦੀ ਇਤਿਹਾਸਕ ਧਰਤੀ ‘ਤੇ ਹੋਣ ਵਾਲੇ ਅਜ਼ਾਦੀ ਦਿਹਾੜੇ ਦੇ ਇਸ ਸਮਾਗਮ ਵਿਚੋਂ ਦਰਸ਼ਕਾਂ ਨੂੰ ਚੰਗਾ ਸੰਦੇਸ਼ ਮਿਲਣਾ ਚਾਹੀਦਾ ਹੈ, ਸੋ ਇਸ ਲਈ ਇਸ ਮੌਕੇ ਹੋਣ ਵਾਲੇ ਸਭਿਆਚਾਰਕ ਪ੍ਰੋਗਰਾਮ ਨੂੰ ਉਸਾਰੂ ਤੇ ਮਿਆਰੀ ਗੀਤਾਂ ਨਾਲ ਸ਼ਿੰਗਾਰਿਆ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀਆਂ ਡਿਊਟੀਆਂ ਲਗਨ ਅਤੇ ਤਨਦੇਹੀ ਨਾਲ ਨਿਭਾਉਣ ਤਾਂ ਜੋ ਇਸ ਰਾਸ਼ਟਰੀ ਤਿਉਹਾਰ ਨੂੰ ਵਧੀਆ ਢੰਗ ਨਾਲ ਮਨਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਡੀ ਐਮ ਅੰਮ੍ਰਿਤਸਰ-1 ਸ੍ਰੀ ਰੋਹਿਤ ਗੁਪਤਾ, ਐਸ ਡੀ ਐਮ ਅੰਮ੍ਰਿਤਸਰ-2 ਸ੍ਰੀ ਰਾਜੇਸ਼ ਸ਼ਰਮਾ, ਸਹਾਇਕ ਕਮਿਸ਼ਨਰ ਅਮਨਦੀਪ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media