ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਵੀ ਕਰਵਾਈ ਜਾ ਸਕੇਗੀ ਦਰਜ਼
ਫਾਜ਼ਿਲਕਾ 10 ਅਗਸਤ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਭੌਂ ਅਤੇ ਜਾਇਦਾਦ ਸਬੰਧੀ ਸੇਵਾਂਵਾ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਆਮ ਲੋਕਾਂ ਦੀ ਸਹੂਲਤ ਅਤੇ ਵਧੇਰੇ ਪਾਰਦਰਸ਼ਤਾ ਲਈ ਮਾਲ ਅਤੇ ਮੁੜ ਵਸੇਬਾ ਵਿਭਾਗ ਪੰਜਾਬ ਵੱਲੋਂ ਇਕ ਵਿਸ਼ੇਸ਼ ਟੌਲ ਫਰੀ ਹੈਲਪਲਾਈਨ ਨੰਬਰ 168 ਅਤੇ 1800-1800-168 ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਤੇ ਆਮ ਲੋਕ ਆਪਣੇ ਮਾਲ ਵਿਭਾਗ ਦੇ ਕੰਮਾਂ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਣਗੇ।ਇਹ ਜਾਣਕਾਰੀ ਅੱਜ ਇੱਥੇ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਆਈ.ਏ.ਐਸ. ਨੇ ਦਿੱਤੀ।
ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਾਲ ਅਤੇ ਮੁੜ ਵਸੇਬਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਭਾਗ ਵੱਲੋਂ ਲੋਕਾਂ ਦੀਆਂ ਸਹੂਲਤਾਂ ਨੂੰ ਧਿਆਨ ਵਿਚ ਰੱਖਦਿਆਂ ਟੌਲ ਫਰੀ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਜਿੰਨ੍ਹਾਂ ਤੇ ਆਮ ਲੋਕ ਭੌਂ ਰਿਕਾਰਡ ਸਬੰਧੀ ਜਾਣਕਾਰੀ, ਜਾਇਦਾਦ ਦੀ ਰਜ਼ਿਸਟਰੀ ਸਬੰਧੀ ਜਾਣਕਾਰੀ, ਮਾਲ ਅਦਾਲਤਾਂ ਵਿਚ ਵੱਖ ਵੱਖ ਮੁਕੱਦਮਿਆਂ ਸਬੰਧੀ, ਮਾਲ ਮਹਿਕਮੇ ਵਿਚ ਕਿਸੇ ਵੀ ਸਮੱਸਿਆ ਸਬੰਧੀ ਸੂਚਨਾਂ ਅਤੇ ਦਿਸ਼ਾ ਨਿਰਦੇਸ਼ ਦੀ ਜਾਣਕਾਰੀ ਤੋਂ ਇਲਾਵਾ ਇੰਤਕਾਲ, ਖਸਰਾ, ਗਿਰਦਾਵਰੀ ਅਤੇ ਨਿਸ਼ਾਨਦੇਹੀ ਦੀ ਤਾਜਾ ਜਾਣਕਾਰੀ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇਗੀ।ਉਨ੍ਹਾਂ ਦੱਸਿਆ ਕਿ ਇਨ੍ਹਾਂ ਨੰਬਰਾਂ ਤੇ ਮਾਲ ਮਹਿਕਮੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਵੀ ਦਰਜ ਕਰਵਾਈ ਜਾ ਸਕੇਗੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਾਲ ਵਿਭਾਗ ਵੱਲੋਂ ਜ਼ਿਲ੍ਹੇ ਵਿਚ 3 ਤਹਿਸੀਲਾਂ ਕ੍ਰਮਵਾਰ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਅਤੇ 3 ਉਪ ਤਹਿਸੀਲਾਂ ਕ੍ਰਮਵਾਰ ਖੂਈਆਂ ਸਰਵਰ, ਅਰਨੀਵਾਲਾ ਅਤੇ ਸੀਤ ੋਗੁਨੋ ਵਿਚ ਕੁੱਲ 6 ਫਰਦ ਕੇਂਦਰ ਚੱਲ ਰਹੇ ਹਨ। ਜ਼ਿਲ੍ਹੇ ਦੇ ਸਾਰੇ ਦਿਹਾਤੀ ਪਿੰਡ ਇਕਾਈਆਂ ਦਾ ਜ਼ਮੀਨੀ ਰਿਕਾਰਡ ਆਨ ਲਾਈਨ ਹੋ ਚੁੱਕਾ ਹੈ ਅਤੇ ਇੰਨ੍ਹਾਂ ਪਿੰਡਾਂ ਦੇ ਜਮੀਨ ਮਾਲਕਾਂ ਨੂੰ ਇੰਨ੍ਹਾਂ ਫਰਦ ਕੇਂਦਰਾਂ ਤੋਂ ਸਰਕਾਰੀ ਫੀਸ ਤੇ ਫਰਦਾਂ ਅਪਲਾਈ ਕਰਨ ਤੇ ਤੁਰੰਤ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ।
Punjab Post Daily Online Newspaper & Print Media