
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ ਖੁਰਮਨੀਆ) – ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਨਿਊਯਾਰਕ (ਅਮਰੀਕਾ) ਤੋਂ ਸ੍ਰੀਮਤੀ ਰੂਪਾ ਸਮਰਾਓ ਨੇ ਸ਼ਿਰਕਤ ਕੀਤੀ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੇ ਸਹਿਯੋਗ ਨਾਲ ਸਟਾਫ਼ ਵੱਲੋਂ ਮਨਾਏ ਗਏ ਇਸ ਤਿਉਹਾਰ ਵਿੱਚ ਵਿਦਿਆਰਥੀਆਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
ਪ੍ਰੋਗਰਾਮ ਦਾ ਅਗਾਜ਼ ਪ੍ਰਿੰ: ਡਾ. ਬਰਾੜ ਅਤੇ ਸ੍ਰੀਮਤੀ ਸਮਰਾਓ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਮੈਡਮ ਸਮਰਾਓ ਨੇ ਕਿਹਾ ਕਿ ਪੰਜਾਬ ਦੇ ਵਿਰਸੇ ਨੂੰ ਵਿਦੇਸ਼ਾਂ ਵਿੱਚ ਵੀ ਸਹਾਰਿਆ ਜਾਂਦਾ ਹੈ। ਪਰ ਉਨ੍ਹਾਂ ਸਕੂਲ ਵਿੱਚੋਂ ਪੰਜਾਬ ਦੀ ਸੱਭਿਅਤਾ ਨਾਲ ਜੁੜੇ ਤੀਆਂ ਦੇ ਤਿਉਹਾਰ ਤੋਂ ਇਲਾਵਾ ਹੋਰਨਾਂ ਤਿਉਹਾਰਾਂ ਸਬੰਧੀ ਜਾਣਕਾਰੀ ਹਾਸਲ ਹੋਈ ਹੈ।ਜਿਸ ਲਈ ਮੈਨੇਜ਼ਮੈਂਟ ਦਾ ਧੰਨਵਾਦ ਕਰਦੀ ਹੈ ਕਿ ਖ਼ਾਲਸਾ ਵਿੱਦਿਅਕ ਸੰਸਥਾਵਾਂ ਨੇ ਆਪਣੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਹੈ ਅਤੇ ਸਮੇਂ-ਸਮੇਂ ‘ਤੇ ਵਿਦਿਆਰਥੀਆਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦਾ ਯਤਨ ਕਰਦੇ ਰਹਿੰਦੇ ਹਨ।ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬ ਦੀ ਸੱਭਿਅਤਾ ਦੇ ਰੀਤੀ-ਰਿਵਾਜਾਂ ਨਾਲ ਸਬੰਧਿਤ ਭੰਗੜਾ, ਗਿੱਧਾ, ਨਾਟਕ, ਹਾਸਰਸ ਵਿਅੰਗ, ਝਰਖਾ ਕੱਤਣ, ਫੁਲਕਾਰੀ ਕੱਢਦੀਆਂ ਮੁਟਿਆਰਾਂ ਆਦਿ ਵਰਗੀਆਂ ਸ਼ਾਨਦਾਰ ਪੇਸ਼ਕਾਰੀਆਂ ਕਰਕੇ ਖੂਬ ਵਾਹ-ਵਾਹ ਖੱਟੀ।
ਪ੍ਰਿੰ: ਡਾ. ਬਰਾੜ ਨੇ ਮੁਟਿਆਰਾਂ ਦੁਆਰਾ ਮਨਾਏ ਜਾਂਦੇ ਸਾਵਣ ਦੇ ਤਿਉਹਾਰ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਵਿਸਥਾਰ ਪੂਰਵਕ ਜਾਣੂ ਕਰਵਾਉਂਦਿਆਂ ਕਿਹਾ ਕਿ ਵਿਰਸੇ ਵਿੱਚ ਮਿਲੇ ਤਿਉਹਾਰਾਂ ਨਾਲ ਅਜੋਕੀ ਪੀੜ੍ਹੀ ਪਛੜਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੇਲੇ ਅਤੇ ਤਿਉਹਾਰਾਂ ਨਾਲ ਜਿੱਥੇ ਆਪਸੀ ਪ੍ਰੇਮ ਵੱਧਦਾ ਹੈ, ਉੱਥੇ ਇਹ ਸਾਡੀ ਸੱਭਿਅਤਾ ਨੂੰ ਜਿਉਂਦੇ ਰੱਖਦੇ ਹਨ ਪਰ ਮਹਿੰਗਾਈ ਦੀ ਮਾਰ ਤੇ ਨੌਜਵਾਨ ਪੀੜ੍ਹੀ ਨੂੰ ਤਿਉਹਾਰਾਂ ਸਬੰਧੀ ਗਿਆਨ ਨਾ ਹੋਣ ਕਰਕੇ ਇਹ ਹੋਲੀ-ਹੋਲੀ ਲੁਪਤ ਹੁੰਦੇ ਜਾਂ ਰਹੇ ਹਨ। ਪ੍ਰੋਗਰਾਮ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਵਿਦਿਆਰਥੀ ਮੌਜ਼ੂਦ ਸਨ।
Punjab Post Daily Online Newspaper & Print Media