Thursday, April 30, 2026

ਰਾਜ ਭਰ ਵਿਚ ਪ੍ਰਬੰਧਕੀ ਕੰਪਲੈਕਸ ਬਨਾਉਣ ‘ਤੇ ਖਰਚੇ ਜਾਣਗੇ 250 ਕਰੋੜ ਰੁਪਏ-ਮਜੀਠੀਆ

ਮਾਝੇ ਵਿਚ ਡੇਰਿਆਂ ਦੇ ਰਸਤੇ ਬਨਾਉਣ ਲਈ ਛੇਤੀ ਜਾਰੀ ਕੀਤੇ ਜਾਣਗੇ 260 ਕਰੋੜ ਰੁਪਏ

PPN1008201520

ਅੰਮ੍ਰਿਤਸਰ, 10 ਅਗਸਤ (ਗੁਰਚਰਨ ਸਿੰਘ)- ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਐਲਾਨ ਕੀਤਾ ਕਿ ਛੇਤੀ ਹੀ ਰਾਜ ਭਰ ਵਿਚ ਸਾਰੇ ਰਜਿਸਟਰੀ ਦਫਤਰ ਵਾਤਾਅਨਕੂਿਲਤ ਕਰ ਦਿੱਤੇ ਜਾਣਗੇ, ਤਾਂ ਜੋ ਇੱਥੇ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ਕਿਸੇ ਤਰਾਂ ਦੀ ਪਰੇਸ਼ਾਨੀ ਨਾ ਆਵੇ।ਉਨਾਂ ਦੱਸਿਆ ਕਿ ਇਸ ਦੀ ਸ਼ੁਰੂਆਤ ਵੱਡੇ ਸ਼ਹਿਰਾਂ ਦੇ ਦਫਤਰਾਂ, ਜਿੱਥੇ ਕਿ ਵੱਧ ਭੀੜ ਰਹਿੰਦੀ ਹੈ, ਤੋਂ ਕੀਤੀ ਜਾਵੇਗੀ ਅਤੇ ਸਹਿਜੇ-ਸਹਿਜੇ ਸਾਰੇ ਰਜਿਸਟਰਾਰ ਦਫਤਰ ਵਾਤਾਅਨਕੂਲਤ ਕਰ ਦਿੱਤੇ ਜਾਣਗੇ।ਉਹ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਤਹਿਸੀਲ ਕੰਪਲੈਕਸ ਦੀ ਇਮਾਰਤ ਦਾ ਉਦਘਾਟਨ ਕਰਨ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਸ. ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਚਾਹੁੰਦੇ ਹਨ ਕਿ ਰਾਜ ਦੇ ਲੋਕਾਂ ਨੂੰ ਸਰਕਾਰੀ ਦਫਤਰਾਂ ਵਿਚ ਮਾਣ-ਸਤਿਕਾਰ ਮਿਲਣ ਦੇ ਨਾਲ-ਨਾਲ ਹਰ ਤਰਾਂ ਦੀ ਸਹੂਲਤ ਵੀ ਮਿਲੇ।ਉਨਾਂ ਦੱਸਿਆ ਕਿ ਪੰਜਾਬ ਵਿਚ 7 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ 20 ਤਹਿਸੀਲ ਕੰਪਲੈਕਸ ਬਨਾਉਣ ‘ਤੇ 250 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ, ਜਿਸ ਨਾਲ ਇੱਥੇ ਕੰਮ ਕਰਵਾਉਣ ਆਉਂਦੇ ਹਰ ਨਾਗਰਿਕ ਨੂੰ ਸੁਖਾਵਾਂ ਵਾਤਾਵਰਣ ਅਤੇ ਸਹੂਲਤ ਮਿਲੇਗੀ।
ਉਨਾਂ ਦੱਸਿਆ ਕਿ ਮਾਝੇ ਦੇ ਪਿੰਡਾਂ ਵਿਚ ਖੇਤਾਂ ਵਿਚ ਡੇਰਿਆਂ ‘ਤੇ ਰਹਿੰਦੇ ਸਾਰੇ ਲੋਕਾਂ ਦੇ ਘਰਾਂ ਨੂੰ ਜਾਂਦੇ ਰਸਤੇ ਵੀ ਪੱਕੇ ਕਰ ਦਿੱਤੇ ਜਾਣਗੇ ਅਤੇ ਇਸ ਲਈ 260 ਕਰੋੜ ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਛੇਤੀ ਜਾਰੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਵੇਲੇ ਅੰਦਾਜਨ 35 ਫੀਸਦੀ ਦੇ ਕਰੀਬ ਲੋਕ ਡੇਰਿਆਂ ‘ਤੇ ਰਹਿੰਦੇ ਹਨ ਅਤੇ ਰਸਤੇ ਪੱਕੇ ਕਰਨ ਦੀ ਉਨਾਂ ਦੀ ਚਿਰੋਕਣੀ ਮੰਗ ਹੈ। ਉਨਾਂ ਕਿਹਾ ਕਿ ਡੇਰਿਆਂ ਦੇ ਰਸਤੇ ਬਨਣ ਨਾਲ ਨਾ ਕੇਵਲ ਇਥੇ ਪੈਂਦੇ ਘਰਾਂ ਨੂੰ ਸੌਖ ਹੋਵੇਗੀ, ਉਥੇ ਇਨਾਂ ਰਸਤਿਆਂ ਨਾਲ ਖੇਤਾਂ ਵਿਚ ਕੰਮ ਕਰਨ ਵਾਲੇ ਕਿਸਾਨਾਂ ਨੂੰ ਆਪਣੀ ਫਸਲ ਮੀਂਹ-ਕਣੀ ਵਿਚ ਮੰਡੀ ਲਿਜਾਣੀ ਅਸਾਨ ਹੋਵੇਗੀ।
ਸ. ਬਿਕਰਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਸ਼ੁਰੂ ਕੀਤੀ ਗਈ ਮਾਲ ਵਿਭਾਗ ਨਾਲ ਕੰਮਾਂ ਦੀ ਹੈਲਪ ਲਾਈਨ 168 ਅਤੇ ਈ-ਸਟੈਪਿੰਗ ਵਿਭਾਗ ਵਿਚ ਪਾਰਦਰਸ਼ਤਾ ਲਿਆਉਣ ਦਾ ਇਕ ਉਦਮ ਹੈ ਅਤੇ ਇਸ ਦੇ ਬਿਹਤਰ ਨਤੀਜੇ ਮਿਲ ਰਹੇ ਹਨ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਟੋਲ ਫ੍ਰੀ ਨੰਬਰ ਤੋਂ ਜਿੱਥੇ ਵੱਧ ਤੋਂ ਵੱਧ ਆਪਣੀ ਜਾਇਦਾਦ ਬਾਰੇ ਜਾਣਕਾਰੀ ਘਰ ਬੈਠੇ ਲੈਣ, ਉਥੇ ਉਹ ਇਸ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਿਕਾਇਤ ਵੀ ਬਿਨਾਂ ਝਿਜਕ ਕਰਨ, ਤਾਂ ਜੋ ਵਿਭਾਗ ਦੇ ਕੰਮਾਂ ਵਿਚ ਹੋਰ ਤੇਜ਼ੀ ਅਤੇ ਪਾਰਦਰਸ਼ਤਾ ਆ ਸਕੇ।
ਸ. ਮਜੀਠੀਆ ਨੇ ਦੱਸਿਆ ਕਿ ਹਲਕਾ ਬਾਬਾ ਬਕਾਲਾ ਵਿਚ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਤਿੰਨ ਦਿਨ ਸੰਗਤ ਦਰਸ਼ਨ ਕਰਕੇ 30 ਕਰੋੜ ਰੁਪਏ ਦੀ ਗਰਾਂਟ ਵੱਖ-ਵੱਖ ਪਿੰਡਾਂ ਨੂੰ ਦੇ ਗਏ ਹਨ ਅਤੇ ਹਲਕੇ ਦੇ ਰਹਿੰਦੇ ਪਿੰਡਾਂ ਨੂੰ ਵੀ ਛੇਤੀ ਹੀ ਗਰਾਂਟ ਦੇਣ ਦਾ ਐਲਾਨ ਕਰਨ ਲਈ ਮੁੱਖ ਮੰਤਰੀ ਮੁੜ ਸੰਗਤ ਦਰਸ਼ਨ ਕਰਨਗੇ।ਸ. ਮਜੀਠੀਆ ਨੇ ਕਿਹਾ ਕਿ ਹਾਈਕੋਰਟ ਵੱਲੋਂ ਮੋਟਰਾਂ ਦੇ ਕੁਨੈਕਸ਼ਨਾਂ ‘ਤੇ ਲੱਗੀ ਰੋਕ ਹਟਣ ਤੋਂ ਬਾਅਦ ਕਰੀਬ ਡੇਢ ਲੱਖ ਨਵਾਂ ਬਿਜਲੀ ਕੁਨੈਕਸ਼ਨ ਖੇਤੀ ਖੇਤਰ ਲਈ ਦਿੱਤਾ ਜਾ ਰਿਹਾ ਹੈ।  ਇਸ ਪ੍ਰਭਾਵਸ਼ਾਲੀ ਇਕੱਠ ਨੂੰ ਮੁੁੱਖ ਪਾਰਲੀਮਾਨੀ ਸਕੱਤਰ ਸ. ਅਮਰਪਾਲ ਸਿੰਘ ਬੋਨੀ ਅਜਨਾਲਾ, ਵਿਧਾਇਕ ਸ. ਮਨਜੀਤ ਸਿੰਘ ਮੰਨਾ, ਵਿਧਾਇਕ ਸ. ਬਲਜੀਤ ਸਿੰਘ ਜਲਾਲਉਸਮਾ ਅਤੇ ਸ. ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਸਾਬਕਾ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ, ਗਗਨਦੀਪ ਸਿੰਘ ਜੱਜ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply