ਯੋਗ ਦੇ ਨਾਂ ਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ, ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ- ਰਾਣਾ
ਨਵੀਂ ਦਿੱਲੀ, 11 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਰਮਨ ਦੇ ਇੱਕ ਯੋਗ ਆਸ਼ਰਮ ਵਿੱਚ ਪੈਰਾਂ ਥਲੇ ਗੁਰਬਾਣੀ ਦੀ ਬੇਅਦਬੀ ਕਰਨ ਦੇ ਸਾਹਮਣੇ ਆਏ ਮਾਮਲੇ ਤੇ ਸ਼ਖਤ ਐਤਰਾਜ ਦਰਜ ਕਰਵਾਇਆ ਗਿਆ ਹੈ।
ਹੈਮਬਰਗ ਵਿੱਖੇ ਸਤਿਆ ਸਿੰਘ ਵੱਲੋਂ ਬਣਾਏ ਗਏ ਯੋਗਾਂ ਜੈਂਨਟ੍ਰਮ ਹੋਹੀਲੁਫ਼ਟ ਆਸ਼ਰਮ ਦੇ ਅੰਦਰ ਫਰਸ਼ ਅਤੇ ਪੌੜੀਆਂ ‘ਤੇ ਲੱਗੇ ਮਾਰਬਲ ਤੇ ਟਾਈਲਾਂ ਉਪਰ ਇੱਕ ਓਂਕਾਰ ਅਤੇ ਗੁਰਬਾਣੀ ਦੀਆਂ ਤੁੱਕਾਂ ਨੂੰ ਉਕੇਰ ਕੇ ਪੈਰਾਂ ਤਲੇ ਰੋਲਣ ਦਾ ਮਾਮਲਾ ਸਾਹਮਣੇ ਆਉਣ ਉਪਰੰਤ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਵੱਲੋਂ ਆਸ਼ਰਮ ਨੂੰ ਚੇਤਾਵਨੀ ਦੀ ਭਾਸ਼ਾ ਵਿੱਚ ਇਤਰਾਜ ਪੱਤਰ ਈ-ਮੇਲ ਰਾਹੀਂ ਭੇਜਿਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਾਣਾ ਨੇ ਆਸ਼ਰਮ ਦੇ ਇਸ ਕਾਰੇ ਨੂੰ ਐਤਰਾਜ ਯੋਗ ਅਤੇ ਸਿੱਖ ਸਿਧਾਤਾਂ ਦੇ ਨਾਲ ਖਿਲਵਾੜ ਦਸਿਆ। ਰਾਣਾ ਨੇ ਕਿਹਾ ਕਿ ਸਾਨੂੰ ਯੋਗ ਤੋਂ ਕੋਈ ਇਤਰਾਜ ਨਹੀਂ ਹੈ, ਪਰ ਯੋਗ ਦੇ ਨਾਂ ਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਹੁਂਦਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ।ਆਸ਼ਰਮ ਦੇ ਪ੍ਰਬੰਧਕਾਂ ਨੂੰ ਤੁਰੰਤ ਬਿਨਾਂ ਸ਼ਰਤ ਮੁਆਫੀ ਮੰਗਣ ਅਤੇ 7 ਦਿਨਾਂ ਦੇ ਅੰਦਰ ਸਾਰੀ ਫਲੋਰ ਟਾਈਲ ਬਦਲਣ ਦੀ ਮਿਆਦ ਚਿੱਠੀ ਰਾਹੀਂ ਦਿੰਦੇ ਹੋਏ ਰਾਣਾ ਨੇ ਤੈਅ ਸਮੇਂ ਸੀਮਾ ਬੀਤਣ ਉਪਰੰਤ ਕਮੇਟੀ ਵੱਲੋਂ ਕਾਨੂੰਨੀ ਕਾਰਵਾਈ ਕਰਨ ਦੀ ਵੀ ਚੇਤਾਵਨੀ ਦਿੱਤੀ ਹੈ।
ਭਵਿੱਖ ਵਿੱਚ ਸਿੱਖ ਗੁਰੂਆਂ ਅਤੇ ਸਿੱਖ ਧਰਮ ਬਾਰੇ ਕੋਈ ਗੈਰ ਕਾਨੂੰਨੀ ਕਾਰਜ ਨਾ ਕਰਨ ਦੀ ਵੀ ਰਾਣਾ ਵੱਲੋਂ ਆਸ਼ਰਮ ਪ੍ਰਬੰਧਕਾਂ ਨੂੰ ਅਪੀਲ ਕੀਤੀ ਗਈ ਹੈ।ਰਾਣਾ ਨੇ ਹੈਮਬਰਗ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦਲਬੀਰ ਸਿੰਘ ਅਤੇ ਸਥਾਨਕ ਸਿੱਖ ਪੀ.ਐਸ ਢਿੱਲੋ ਤੇ ਮਨਦੀਪ ਸਿੰਘ ਨਾਲ ਫੋਨ ਰਾਹੀਂ ਹੋਈ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਇਸ ਮਸਲੇ ਦੇ ਹੱਲ ਤਕ ਹਰ ਲੜਾਈ ਲੜਨ ਦਾ ਵੀ ਐਲਾਨ ਕੀਤਾ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਸ ਮਸਲੇ ਤੇ ਜਰਮਨ ਦੇ ਭਾਰਤ ਵਿੱਖੇ ਸਫੀਰ ਨਾਲ ਮੁਲਾਕਾਤ ਕਰਨ ਦਾ ਸਮਾਂ ਮੰਗਣ ਦੀ ਵੀ ਰਾਣਾ ਨੇ ਜਾਣਕਾਰੀ ਦਿੱਤੀ।
Punjab Post Daily Online Newspaper & Print Media