ਨਵੀਂ ਦਿੱਲੀ, 12 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਨਿਜ਼ੀ ਚੈਨਲ ਤੇ ਲੜੀਵਾਰ ਚਲਾਏ ਗਏ ਸਹਿਜ ਪਾਠ ਦੇ ਪ੍ਰਵਾਹਾ ਦੀ ਸਮਾਪਤੀ ਦੇ ਭੋਗ ਪਾਏ ਗਏ। ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਹੋਏ ਸ਼ੁਕਰਾਨਾ ਸਮਾਗਮ ਵਿੱਚ ਹਾਜ਼ਰੀ ਭਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ 14 ਜਨਵਰੀ 2015 ਨੂੰ ਸਹਿਜ ਦੀ ਪਾਠ ਦੀ ਲੜ੍ਹੀ ਦੀ ਆਰੰਭਤਾ ਉਪਰੰਤ ਸੰਗਤਾਂ ਵੱਲੋਂ ਮਿਲੇ ਹੁੰਗਾਰੇ ਦਾ ਵੀ ਧੰਨਵਾਦ ਕੀਤਾ।
ਭਾਈ ਸਾਹਿਬ ਸਿੰਘ ਮਾਰਕੰਡਾ ਦੀ ਪਵਿੱਤਰ ਰਸਨਾਂ ਨਾਲ ਆਰੰਭ ਹੋਏ ਇਸ ਸਹਿਜ ਪਾਠ ਸਦਕਾ ਜੀ.ਕੇ. ਨੇ ਕੁਝ ਲੋਕਾਂ ਵੱਲੋਂ ਨਸ਼ਿਆਂ ਅਤੇ ਸ਼ਮਾਜਿਕ ਬੁਰਾਈਆਂ ਨੂੰ ਛੱਡ ਕੇ ਗੁਰਮਤਿ ਦਾ ਮਾਰਗ ਅਪਨਾਉਣ ਦਾ ਵੀ ਦਾਅਵਾ ਕੀਤਾ। ਜੀ.ਕੇ. ਨੇ ਕਿਹਾ ਕਿ ਸ਼ੁਰੂਆਤ ਵਿੱਚ ਰਾਤ ਦੇ ਸਮੇਂ ਸਹਿਜ ਪਾਠ ਦੇ ਪ੍ਰਸਾਰਨ ਨੂੰ ਲੈ ਕੇ ਸਾਡੇ ਮਨ ਵਿੱਚ ਕਈ ਸ਼ੰਕੇ ਸਨ, ਪਰ ਸੰਗਤਾਂ ਵੱਲੋਂ ਘਰ ਵਿੱਚ ਨਵੇਂ ਉਸਰੇ ਮਜਬੂਤ ਰੁਹਾਨੀ ਪਰਿਵਾਰਕ ਮਾਹੌਲ ਕਰਕੇ ਟੀ.ਵੀ. ਤੇ ਚਲਣ ਵਾਲੇ ਨਾਟਕਾਂ ਤੋਂ ਛੱਡ ਕੇ ਸਹਿਜ ਪਾਠ ਨਾਲ ਜੁੜਨ ਦਾ ਸੁੱਚਜਾ ਮੌਕਾ ਮਿਲਣ ਦੀ ਗੱਲ ਕਹੀ ਗਈ ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਨਵੇਂ ਸ਼ੁਰੂ ਹੋਏ ਸਹਿਜ ਪਾਠ ਨੂੰ ਸੈਂਚਿਆਂ ਰਾਹੀਂ ਘਰਾਂ ਵਿੱਚ ਕਰਨ ਵਾਸਤੇ ਸੰਗਤਾਂ ਦੇ ਲਈ ਰਿਆਇਤੀ ਦਰਾਂ ਤੇ ਕਮੇਟੀ ਵੱਲੋਂ ਸੈਂਚਿਆਂ ਉਪਲਬਧ ਕਰਾਉਣ ਦੀ ਜਾਣਕਾਰੀ ਦਿੱਤੀ। ਸਹਿਜ ਪਾਠ ਰਾਹੀਂ ਘਰ-ਘਰ ਬਾਣੀ ਦਾ ਪ੍ਰਵਾਹ ਚਲਣ ਦੀ ਗੱਲ ਕਰਦੇ ਹੋਏ ਰਾਣਾ ਨੇ ਸਮੂਹ ਸੰਗਤਾਂ ਨੂੰ ਆਪਣੇ ਜੀਵਨ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਦਰਸ਼ਨ ਇੱਕ ਵਾਰ ਜਰੂਰ ਸਹਿਜ ਪਾਠ ਰਾਹੀਂ ਕਰਨ ਦੀ ਵੀ ਅਪੀਲ ਕੀਤੀ।
ਇਸ ਮੌਕੇ ਗਿਆਨੀ ਸਾਹਿਬ ਸਿੰਘ ਮਾਰਕੰਡਾ ਨੂੰ ਕਮੇਟੀ ਵੱਲੋਂ ਐਵਾਰਡ, ਨਗਦ ਰਾਸ਼ੀ, ਸਿਰੋਪਾਓ, ਦੁਸ਼ਾਲਾ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਟੀ.ਵੀ. ਚੈਨਲ ਤੇ ਗੁਰਬਾਣੀ ਦਾ ਪ੍ਰਵਾਹ ਚਲਾਉਣ ਵਾਲੇ ਜਗਜੀਤ ਸਿੰਘ ਦਰਦੀ ਅਤੇ ਉਨ੍ਹਾਂ ਦੇ ਸਟਾਫ ਦਾ ਵੀ ਇਸ ਮੌਕੇ ਦਿੱਲੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਅੱਧਾ ਘੰਟਾਂ ਰੋਜ਼ਾਨਾ ਪ੍ਰਸਾਰਿਤ ਹੁੰਦੇ ਰਹੇ ਇਸ ਲੜ੍ਹੀਵਾਰ ਸਹਿਜ ਪਾਠ ਦੀ ਲਗਭਗ 160 ਲੜੀਆਂ ਉਪਰੰਤ ਨੌਵੇਂ ਮਹਿਲੇ ਦੇ ਸਲੋਕ ਭਾਈ ਸਾਹਿਬ ਵੱਲੋਂ ਪੜ੍ਹਕੇ ਅਰਦਾਸ ਅਤੇ ਹੁਕਮਨਾਮੇ ਉਪਰੰਤ ਨਵੇਂ ਸਹਿਜ ਪਾਠ ਦੀ ਆਰੰਭਤਾ ਵੀ ਕੀਤੀ ਗਈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media