ਨਵੀਂ ਦਿੱਲੀ, 14 ਅਗਸਤ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਕੂਲੀ ਐਜੂਕੇਸ਼ਨ ਕੌਂਸਲ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ ਨੇ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਲਾਗੂ ਕੀਤੇ ਜਾ ਰਹੇ ਵਿਦਿਅਕ ਸੁਧਾਰਾਂ ਨੂੰ ਹਰ ਹਾਲਾਤ ਵਿੱਚ ਜਾਰੀ ਰਖਣ ਦਾ ਦਾਅਵਾ ਕੀਤਾ ਹੈ।ਦਰਅਸਲ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੇ ਚੇਅਰਮੈਨ ਅਤੇ ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ ਖਿਲਾਫ ਇੱਕ ਸਟਾਫ ਮੈਂਬਰ ਵੱਲੋਂ ਕੇਸ ਦਰਜ ਕਰਵਾਉਣ ਉਪਰੰਤ ਕਮੇਟੀ ਨੇ ਆਪਣੇ ਤੇਵਰ ਅੱਜ ਹੋਰ ਸਖਤ ਕਰ ਲਏ ਹਨ।
ਕਾਲਕਾ ਨੇ ਬਿਨਾਂ ਕਿਸੇ ਦਾ ਨਾਂ ਲਏ ਕਮੇਟੀ ਦੇ ਖਿਲਾਫ ਸ਼ਾਜਿਸ਼ਾਂ ਕਰਨ ਵਾਲੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਨੂੰ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਸ਼ਰਮਨਾਕ ਕਾਰਜਾਂ ਨੂੰ ਯਾਦ ਕਰਨ ਦੀ ਵੀ ਅਪੀਲ ਕੀਤੀ ਹੈ। ਕਾਲਕਾ ਨੇ ਕਿਹਾ ਕਿ ਇੱਕ ਪਾਸੇ ਨਵੀਂ ਕਮੇਟੀ ਨੇ ਢਾਈ ਸਾਲ ਦੀ ਸੇਵਾ ਦੌਰਾਨ ਸਟਾਫ ਦਾ ਬਣਦਾ ਹੱਕ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪਰ ਦੂਜੇ ਪਾਸੇ ਸਟਾਫ ਦੇ ਹੱਕਾਂ ਤੇ 2003 ਤੋਂ 2013 ਤਕ ਡਾਕਾ ਮਾਰ ਕੇ ਬੈਠੇ ਰਹਿਣ ਵਾਲੇ ਪੁਰਾਣੇ ਪ੍ਰਬੰਧਕ ਅੱਜ ਚੀਚੀ ਉਂਗਲ ਤੇ ਲਹੂ ਲਾ ਕੇ ਸਟਾਫ ਦੇ ਅਖੌਤੀ ਹਮਦਰਦ ਬਣਕੇ ਸ਼ਹੀਦ ਹੋਣ ਦਾ ਨਾਟਕ ਕਰ ਰਹੇ ਹਨ।
ਕਮੇਟੀ ਦੇ ਵਿਦਿਅਕ ਅਦਾਰਿਆਂ ਨੂੰ ਮਾਲੀ ਪੱਖੋਂ ਆਪਣੇ ਪੈਰਾਂ ਤੇ ਖੜੇ ਕਰਨ ਵਾਸਤੇ ਕਮੇਟੀ ਵੱਲੋਂ ਬਣਾਈਆਂ ਗਈਆਂ ਨੀਤੀਆਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨ ਕਰਕੇ ਵਿਰੋਧੀਆਂ ਦੀਆਂ ਅੱਖਾਂ ਵਿੱਚ ਬਾਠ ਦੇ ਖਟਕਣ ਦਾ ਵੀ ਕਾਲਕਾ ਨੇ ਦਾਅਵਾ ਕੀਤਾ।ਕਾਲਕਾ ਨੇ ਖੁਲਾਸਾ ਕੀਤਾ ਕੀ ਪਿੱਛਲੇ ਪ੍ਰਬੰਧਕਾਂ ਵੱਲੋਂ ਬੇਤਰਤੀਬ ਤਰੀਕੇ ਨਾਲ ਪੈਸੇ ਲੈ ਕੇ ਕੀਤੀ ਗਈ ਭਰਤੀ ਅੱਜ ਸਕੂਲਾਂ ਦੇ ਵੱਡੇ ਮਾਲੀ ਸੰਕਟ ਦਾ ਕਾਰਨ ਬਣ ਗਈ ਹੈ ਤੇ ਨਵੀਂ ਕਮੇਟੀ ਵੱਲੋਂ ਜਦੋਂ ਇਹਨਾਂ ਫਰਜੀ ਭਰਤੀਬਾਜਾਂ ਦੀਆਂ ਪਰਤਾਂ ਨੂੰ ਖੋਲਣਾ ਸ਼ੁਰੂ ਕੀਤਾ ਗਿਆ ਤਾਂ ਬਦਲੇ ਵਿੱਚ ਕਮੇਟੀ ਪ੍ਰਬੰਧਕਾਂ ਨੂੰ ਝੂਠੀ ਸ਼ਿਕਾਇਤਾਂ ਦੇ ਆਧਾਰ ਤੇ ਫਸਾਉਣ ਦਾ ਲੜੀਵਾਰ ਸਿਲਸਿਲਾ ਸ਼ੁਰੂ ਹੋ ਗਿਆ।ਕਿਸੇ ਵੀ ਕੀਮਤ ਤੇ ਸਕੂਲਾਂ ਨੂੰ ਮਾਲੀ ਪੱਖੋਂ ਆਪਣੇ ਪੈਰਾਂ ਤੇ ਖੜੇ ਕਰਨ ਤਕ ਕਾਲਕਾ ਨੇ ਇਹ ਲੜਾਈ ਕਾਨੂੰਨੀ ਅਤੇ ਸ਼ਿਆਸੀ ਤੌਰ ਤੇ ਕਮੇਟੀ ਵੱਲੋਂ ਲੜਨ ਦੀ ਗਲ ਕਹੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media