ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਗੀ ਰਹੇ ਕਿਵੇਂ ਤਖ਼ਤ ਸਾਹਿਬ ਦੀ ਸਰਬਉਚਤਾ ਦੀ ਦੁਹਾਈ ਦੇ ਰਹੇ ਹਨ
ਨਵੀਂ ਦਿੱਲੀ, 14 ਅਗਸਤ (ਅੰਮ੍ਰਿਤ ਲਾਲ ਮੰਨਣ) – ਬੀਤੇ ਦਿਨੀਂ ਅਖਬਾਰਾਂ ਦੀਆਂ ਸੁਰੱਖਿਆਂ ਵਿੱਚ ਰਹੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪੱਛਮ ਵਿਹਾਰ, ਬੀਂ2, ਦੇ ਪ੍ਰਬੰਧਕਾਂ ਵੱਲੋਂ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕੀਤੀ। ਮੌਜੂਦਾ ਪ੍ਰਧਾਨ ਸੁਰਿੰਦਰ ਸਿੰਘ ਦੀ ਅਗੁਵਾਈ ਹੇਠ ਆਏ ਇੱਕ ਵੱਫਦ ਨੇ ਗੁਰਦੁਆਰਾ ਸਾਹਿਬ ਦੀ 15 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਹੁਕਮਨਾਮੇ ਦੀ ਵੀ ਚਰਚਾ ਕੀਤੀ।
ਇਥੇ ਇਹ ਜਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਵੋਟਰ ਲਿਸ਼ਟ ਵਿੱਚ 408 ਵੋਟਰਾਂ ਵਿੱਚੋਂ 51 ਵੋਟਰ ਸਹਿਜਧਾਰੀ ਹੋਣ ਦੀ ਸ਼ਿਕਾਇਤ ਸਰਨਾਂ ਦਲ ਦੇ ਆਗੂ ਰਜਿੰਦਰ ਸਿੰੰਘ ਵਾਸਨ ਵੱਲੋਂ ਬੀਤੇ ਦਿਨੀਂ ਤਖਤ ਸਾਹਿਬ ਤੇ ਕੀਤੀ ਗਈ ਸੀ। ਜਿਸਤੇ ਸੁਣਵਾਈ ਕਰਦੇ ਹੋਏ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਦਿੱਲੀ ਕਮੇਟੀ ਦੀ ਵੋਟਰ ਲਿਸ਼ਟ ਮੁਤਾਬਿਕ ਚੋਣਾਂ ਕਰਾਉਣ ਦੀ ਹਿਦਾਇਤ ਦਿੱਤੀ ਗਈ ਸੀ।
ਸਿਰਸਾ ਨੇ ਵੱਫਦ ਨਾਲ ਮੁਲਾਕਾਤ ਦੌਰਾਨ ਸਾਫ਼ ਕੀਤਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੂਰਨ ਤੌਰ ਤੇ ਸਮਰਪਿਤ ਹਾਂ ਇਸ ਕਰਕੇ ਆਪਜੀ ਕ੍ਰਿਪਾ ਕਰਕੇ ਗੁਰਦੁਆਰਾ ਐਕਟ ਦੀ ਮਰਿਯਾਦਾ ਅਨੁਸਾਰ ਚੋਣ ਕਰਵਾਉਣ ਦੀ ਕੋਸ਼ਿਸ਼ ਕਰੋ। ਸੁਰਿੰਦਰ ਸਿੰਘ ਨੇ ਮੌਜ਼ੂਦਾ ਪ੍ਰਬੰਧਕਾਂ ਤੇ ਵਾਸਨ ਵੱਲੋਂ ਸਹਿਜਧਾਰੀ ਵੋਟਾਂ ਬਣਾਉਣ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਵਾਸਨ ਦੇ ਕਾਰਜਕਾਲ ਦੌਰਾਨ 2011 ਵਿੱਖੇ ਮੌਜ਼ੂਦਾ 51 ਸਹਿਜਧਾਰੀ ਵੋਟਾਂ ਵਿੱਚ 38 ਵੋਟਾਂ ਵਾਸਨ ਵੱਲੋਂ ਬਣਾਉਣ ਦਾ ਵੀ ਦਾਅਵਾ ਕੀਤਾ।
ਸਹਿਜਧਾਰੀ ਸੰਗਤ ਵੱਲੋਂ ਅੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੇ ਗਏ ਪੱਤਰ ਦਾ ਉਤਾਰਾ ਵੀ ਸੁਰਿੰਦਰ ਸਿੰਘ ਵੱਲੋਂ ਸਿਰਸਾ ਨੂੰ ਭੇਟ ਕੀਤਾ ਗਿਆ।ਆਪਣੇ ਪੱਤਰ ਵਿੱਚ ਸਹਿਜਧਾਰੀਆਂ ਵੱਲੋਂ ਤਖ਼ਤ ਸਾਹਿਬ ਦੀ ਸਰਬਉਚਤਾ ਅਤੇ ਜਥੇਦਾਰ ਜੀ ਦੇ ਆਦੇਸ਼ ਤੇ ਪਹਿਰਾ ਦੇਣ ਦਾ ਹਵਾਲਾ ਦਿੰਦੇ ਹੋਏ ਇਨ੍ਹਾਂ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਨਾ ਕਰਨ ਦੀ ਗੱਲ ਕੀਤੀ ਹੈ।ਸਹਿਜਧਾਰੀਆਂ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਅਤੇ ਆਪਣੇ ਪਰਿਵਾਰ ਦੀ ਪੂਰੀ ਆਸਥਾ ਦੱਸਦੇ ਹੋਏ ਵਾਸਨ ਵੱਲੋਂ ਆਪਣੇ ਕਾਰਜਕਾਲ ਦੌਰਾਨ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਅਨਗੋਲਿਆਂ ਕਰਦੇ ਹੋਏ ਮੂਲ ਨਾਨਕਸ਼ਾਹੀ ਕੈਲੇਂਡਰ ਅਨੁਸਾਰ ਗੁਰਪੁਰਬ ਅਤੇ ਹੋਰ ਦਿਹਾੜੇ ਮਨਾਉਣ ਦੀ ਵੀ ਜਾਣਕਾਰੀ ਜਥੇਦਾਰ ਜੀ ਨੂੰ ਦਿੱਤੀ ਗਈ ਹੈ।ਇਸ ਦੇ ਨਾਲ ਹੀ ਸਹਿਜਧਾਰੀਆਂ ਵੱਲੋਂ ਵਾਸਨ ਤੇ ਤਖ਼ਤ ਸਾਹਿਬ ਤੋਂ ਬਾਗੀ ਰਾਗੀ ਦਰਸ਼ਨ ਸਿੰਘ ਦਾ ਕੀਰਤਨ ਗੁਰਦੁਆਰਾ ਸਾਹਿਬ ਵਿੱਖੇ ਕਰਾਉਣ ਦਾ ਵੀ ਦੋਸ਼ ਲਗਾਇਆ ਗਿਆ ਹੈ।
ਵਫ਼ਦ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਨ ਉਪਰੰਤ ਸਿਰਸਾ ਨੇ ਟਕਰਾਅ ਰੋਕਣ ਵਾਸਤੇ ਸਹਿਜਧਾਰੀ ਪਰਿਵਾਰਾਂ ਵੱਲੋਂ ਲਏ ਗਏ ਫੈਸਲੇ ਦੀ ਵੀ ਸਲਾਘਾ ਕੀਤੀ।ਸਿਰਸਾ ਨੇ ਹੈਰਾਨੀ ਜਤਾਈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਗਾਤਾਰ ਬਾਗੀ ਰਹੇ ਲੋਕ ਅੱਜ ਕਿਨ੍ਹਾਂ ਕਾਰਨਾਂ ਕਰਕੇ ਤਖ਼ਤ ਸਾਹਿਬ ਦੀ ਸਰਬਉਚਤਾ ਦੀ ਦੁਹਾਈ ਦੇ ਰਹੇ ਹਨ ਇਸ ਦੀ ਧੋਖ ਕਰਨ ਦੀ ਲੋੜ ਹੈ।
Check Also
ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …
Punjab Post Daily Online Newspaper & Print Media