ਬਟਾਲਾ, 17 ਅਗਸਤ (ਨਰਿੰਦਰ ਸਿੰਘ ਬਰਨਾਲ) – ਪੰਜਾਬੀ ਮਾਂ ਬੋਲੀ ਦੇ ਲਾਡਲੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਬਟਾਲਾ ਵਿਖੇ ਆਡੀਟੋਰੀਅਮ ਦੇ ਰੂਪ ਵਿੱਚ ਬਣੀ ਯਾਦਗਾਰ ਮੁਕੰਮਲ ਹੋਣ ‘ਤੇ ਪੂਰੀ ਦੁਨੀਆਂ ‘ਚ ਰਹਿੰਦੇ ਸ਼ਿਵ ਦੇ ਦੀਵਾਨੇ ਅਤੇ ਬਟਾਲਾ ਵਾਸੀ ਬੇਹੱਦ ਖੁਸ਼ ਹਨ। ਇਹ ਪ੍ਰਗਟਾਵਾ ਅੱਜ ਸ਼ਿਵ ਆਡੀਟੋਰੀਅਮ ਦੇ ਮੁਰੰਮਤ ਕਾਰਜਾਂ ਦਾ ਜਾਇਜਾ ਲੈਣ ਪਹੁੰਚੇ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਆਡੀਟੋਰੀਅਮ ਦੇ ਕਾਰਜਾਂ ਨੂੰ ਦੇਖਣ ਤੋਂ ਬਾਅਦ ਸ. ਸੇਖਵਾਂ ਨੇ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਦੀ ਯਾਦਗਾਰ ਇਹ ਆਡੀਟੋਰੀਅਮ ਸੂਬੇ ਦਾ ਨਿਵੇਕਲਾ ਆਡੀਟੋਰੀਅਮ ਹੈ ਜਿਸਨੂੰ ਹਰ ਆਧੁਨਿਕ ਸਹੂਲਤ ਨਾਲ ਲੈਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਤੱਕ ਸ਼ਿਵ ਦੀ ਇਹ ਯਾਦਗਾਰ ਜੋ ਕਿ ਖੰਡਰ ਦਾ ਰੂਪ ਸੀ, ਪਰ ਪੰਜਾਬ ਸਰਕਾਰ ਦੇ ਉੱਦਮਾਂ ਸਦਕਾ ਅੱਜ ਇਸਨੂੰ ਨਵੀਂ ਦਿੱਖ ਮਿਲ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਖਾਸ ਕਰਕੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ. ਬਾਦਲ ਵੱਲੋਂ ਦਿੱਤੀ 2 ਕਰੋੜ ਰੁਪਏ ਦੀ ਗ੍ਰਾਂਟ ਨਾਲ ਇਹ ਆਡੀਟੋਰੀਅਮ ਬਣ ਕੇ ਤਿਆਰ ਹੋ ਸਕਿਆ ਹੈ।
ਚੇਅਰਮੈਨ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਆਡੀਟੋਰੀਅਮ ਦੇ ਮੁਰੰਮਤ ਕਾਰਜ ਤਕਰੀਬਨ ਮੁਕੰਮਲ ਹਨ ਅਤੇ ਛੇਤੀ ਹੀ ਇਸਨੂੰ ਸ਼ਿਵ ਪ੍ਰੇਮੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਸ. ਸੇਖਵਾਂ ਨੇ ਕਿਹਾ ਕਿ ਉਨ੍ਹਾਂ ਨੇ ਉੇੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਆਡੀਟੋਰੀਅਮ ਦੇ ਮੁਕੰਮਲ ਹੋਣ ਸਬੰਧੀ ਗੱਲ ਕਰ ਲਈ ਹੈ ਅਤੇ ਸ. ਸੁਖਬੀਰ ਸਿੰਘ ਬਾਦਲ ਖੁਦ ਇਸਦਾ ਉਦਘਾਟਨ ਕਰਨ ਆਉਣਗੇ। ਉਨ੍ਹਾਂ ਕਿਹਾ ਕਿ ਸ਼ਿਵ ਦੀ ਯਾਦਗਾਰ ਇਹ ਆਡੀਟੋਰੀਅਮ ਸਾਹਿਤਕਾਰਾਂ ਦਾ ਕੇਂਦਰੀ ਸਥਾਨ ਹੋ ਨਿਬੜੇਗਾ ਅਤੇ ਇਥੇ ਸਾਹਿਤਕ ਮਹਿਫਲਾਂ ਲੱਗਣ ਨਾਲ ਬਟਾਲਾ ਸ਼ਹਿਰ ਇੱਕ ਵਾਰ ਫਿਰ ਸਾਹਿਤਕਾਰਾਂ ਦਾ ਪਸੰਦੀਦਾ ਸ਼ਹਿਰ ਬਣ ਜਾਵੇਗਾ। ਸ. ਸੇਖਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬੇਹੱਦ ਤਸੱਲੀ ਤੇ ਖੁਸ਼ੀ ਹੈ ਕਿ ਸ਼ਿਵ ਵਰਗੇ ਮਹਾਨ ਸ਼ਾਇਰ ਦੀ ਯਾਦਗਾਰ ਬਣਾਉਣ ‘ਚ ਜਿਨ੍ਹਾਂ ਉਹ ਯੋਗਦਾਨ ਜਾਂ ਕੋਸ਼ਿਸ਼ ਕਰ ਸਕਦੇ ਸਨ ਉਹ ਕੀਤੀ ਹੈ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਸਦਕਾ ਅੱਜ ਉਨ੍ਹਾਂ ਦਾ ਸੁਪਨਾ ਪੂਰਾ ਹੋਇਆ ਹੈ। ਇਸ ਮੌਕੇ ਉਨ੍ਹਾਂ ਨਾਲ ਡਾ. ਨਿੱਝਰ, ਕੇ. ਸ਼ਰਨਜੀਤ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media