ਪ੍ਰੋਗਰਾਮ ਦੌਰਾਨ ਵਾਰਸੀ ਦੇ ਹਾਜ਼ਰ ਸਖਸ਼ੀਅਤਾਂ ਤੇ ਵਿਦਿਆਰਥੀਆਂ ਨੂੰ ਕੀਤਾ ਮੰਤਰ-ਮੁਗਧ

ਅੰਮ੍ਰਿਤਸਰ, 19 ਅਗਸਤ (ਸੁਖਬੀਰ ਸਿੰਘ ਖੁਰਮਨੀਆ, ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਅੱਜ ਪਾਕਿਸਤਾਨ ਦੇ ਮਸ਼ਹੂਰ ਗਾਇਕ ਸਾਈਂ ਖ਼ਾਦਿਮ ਹੁਸੈਨ ਵਾਰਸੀ ਨੇ ‘ਵਾਰਿਸ ਸ਼ਾਹ’ ਦੇ ਕਲਾਮ ਪੇਸ਼ ਕਰਕੇ ਆਏ ਸਰੋਤਿਆਂ ਨੂੰ ਕੁਝ ਡੇਢ ਘੰਟੇ ਦੇ ਪ੍ਰੋਗਰਾਮ ਦੌਰਾਨ ਕੀਲੀ ਰੱਖਿਆ।ਉਨ੍ਹਾਂ ਆਪਣੀ ਬੁਲੰਦ ਅਵਾਜ਼ ਨਾਲ ਵੂਮੈਨ ਦੇ ਸੈਮੀਨਾਰ ਵਿੱਚ ਹਾਜ਼ਰ ਸਖਸ਼ੀਅਤਾਂ ਅਤੇ ਵਿਦਿਆਰਥਣਾਂ ਨੂੰ ਮੰਤਰ-ਮੁਗਧ ਕਰ ਦਿੱਤਾ।
ਸੰਗੀਤ ਦੇ ਇਸ ਖਾਸ ਪ੍ਰੋਗਰਾਮ ਦੌਰਾਨ ਵਾਰਸੀ ਪਾਕਿਸਤਾਨੀ ਰਵਾਇਤੀ ਪੁਸ਼ਾਕ ਵਿੱਚ ਦਰਸ਼ਕਾਂ ਦੇ ਰੂਬਰੂ ਹੋ ਕੇ ਪਾਕਿ ਸੱਭਿਅਤਾ ਪੰਜਾਬੀ ਗਾਇਕੀ ਪੇਸ਼ ਕਰਕੇ ਸਮਾਂ ਬੰਨਿਆ। ਵਾਰਸੀ ਦੁਆਰਾ ਪੇਸ਼ ਕੀਤੇ ਗਏ ਦਿਲ-ਖਿੱਚਵੇਂ ਸੁਲਤਾਨ ਬਾਹੂ ਦੀਆਂ ਰੁਬਾਈਆਂ ਦੇ ਕਲਾਮ ‘ਅਲਫ ਚੰਬੇ ਦੀ ਬੂਟੀ ਤੋਂ ਇਲਾਵਾ ਬੁੱਲ੍ਹੇਸ਼ਾਹ ਅਤੇ ਵਾਰਿਸ਼ ਦੀ ਹੀਰ ਨਾਲ ਦਰਸ਼ਕਾਂ ਨੂੰ ਮਦਹੋਸ਼ ਕਰ ਦਿੱਤਾ। ਇਸ ਤੋਂ ਇਲਾਵਾ ਅਵਲ ਹਮਦ ਖੁਦਾ ਦਾ, ਇਸ਼ਕ ਜਗ ਦਾ ਮੂਲ ਮੀਆਂ, ਹੀਰ ਦੀ ਡੋਲੀ, ਬਾਬੁਲ ਵਾਰਤਾਲਾਬ ਆਦਿ ਗੀਤਾਂ ਦਾ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰਕੇ ਸਵਾਗਤ ਕੀਤਾ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਅਗਵਾਈ ਅਤੇ ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਦੇ ਸਹਿਯੋਗ ਨਾਲ ਕਰਵਾਏ ਪ੍ਰੋਗਰਾਮ ਵਿੱਚ ਉਨ੍ਹਾਂ ਵਾਰਸੀ ਦੀ ਗਾਇਕੀ ਨੂੰ ਰੱਬ ਤੇ ਰੂਹ ਦੀ ਅਵਾਜ ਦੱਸਿਆ। ਸ: ਛੀਨਾ ਨੇ ਕਿਹਾ ਕਿ ਇਨ੍ਹਾਂ ਦੀ ਗਾਇਕੀ ਵਿੱਚ ਅਜਿਹੀ ਡੂੰਘਾਈ ਹੈ ਜਿਸ ਨਾਲ ਇਨਸਾਨ ਦੀ ਸੁਰਤ ਪ੍ਰਮਾਤਮਾ ਨਾਲ ਟਿਕ ਜਾਂਦੀ ਹੈ। ਉਨ੍ਹਾਂ ਨੇ ਪ੍ਰਿੰਸੀਪਲ ਡਾ. ਮਾਹਲ ਨਾਲ ਮਿਲਕੇ ਵਾਰਸੀ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਉਚੇਚੇ ਤੌਰ ‘ਤੇ ਪਿੰਗਲਵਾੜਾ ਸੰਸਥਾ ਦੀ ਮੁੱਖੀ ਸ੍ਰੀਮਤੀ ਇੰਦਰਜੀਤ ਕੌਰ, ਕੌਂਸਲ ਦੇ ਮੀਤ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ, ਵਧੀਕ ਸਕੱਤਰ ਸ: ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਸ: ਸਰਦੂਲ ਸਿੰਘ ਮੰਨਣ, ਮੈਂਬਰ ਸ: ਗੁਰਮਹਿੰਦਰ ਸਿੰਘ, ਸ: ਹਰਮਿੰਦਰ ਸਿੰਘ, ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟਸ ਦੇ ਫ਼ਾਇਨਾਂਸ ਸਕੱਤਰ ਸ: ਅਰਵਿੰਦਰ ਸਿੰਘ ਚਮਕ, ਫ਼ੋਕਲੋਰ ਰਿਸਰਚ ਅਕੈਡਮੀ ਅੰਮ੍ਰਿਤਸਰ ਦੇ ਪ੍ਰਧਾਨ ਸ੍ਰੀ ਰਮੇਸ਼ ਯਾਦਵ, ਸਾਈਂ ਮੀਆਂ ਮੀਰ ਫੈਡਰੇਸ਼ਨ ਦੇ ਹਰਭਜਨ ਬਰਾੜ, ਸ: ਜਸਵੰਤ ਸਿੰਘ ਜੱਸ, ਸ: ਰਜਿੰਦਰ ਸਿੰਘ ਰੂਬੀ, ਖ਼ਾਲਸਾ ਕਾਲਜ ਇੰਜੀਨੀਅਰ ਐਂਡ ਟੈਕਨਾਲੋਜੀ ਪ੍ਰਿੰਸੀਪਲ ਡਾ. ਅਮਰਪਾਲ ਸਿੰਘ, ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਪ੍ਰਿੰਸੀਪਲ ਦੇਵਿੰਦਰ ਕੌਰ ਸੰਧੂ, ਖ਼ਾਲਸਾ ਪਬਲਿਕ ਸਕੂਲ, ਹੇਰ ਪ੍ਰਿੰਸੀਪਲ ਗੁਰਿੰਦਰਜੀਤ ਕੌਰ, ਪ੍ਰੋ: ਰਮਿੰਦਰ ਕੌਰ, ਪ੍ਰੋ: ਜਤਿੰਦਰ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਦਿਆਰਥਣਾਂ ਮੌਜ਼ੂਦ ਸਨ।
ਖ਼ਾਦਿਮ ਹੁਸੈਨ ਵਾਰਸੀ ਨੇ ਆਪਣੀ ਭਾਰਤ ਫ਼ੇਰੀ ਦੌਰਾਨ ਪੰਜਾਬ ਨਾਟਸ਼ਾਲਾ ਵਿਖੇ ਹਿੰਦ-ਪਾਕਿ ਦੋਸਤੀ ਮੇਲਾ, ਸੰਗਰੂਰ ਵਿਖੇ ਪਿੰਗਲਵਾੜਾ ਦੀ ਸੰਸਥਾ ਅਤੇ ਚੰਡੀਗੜ੍ਹ ਵਿਖੇ ਵੀ ਆਪਣੇ ਕਲਾਮ ਪੇਸ਼ ਕਰਕੇ ਦਰਸ਼ਕਾਂ ਤੋਂ ਖੂਬ ਵਾਹ-ਵਾਹ ਖੱਟੀ।
Punjab Post Daily Online Newspaper & Print Media