Friday, July 17, 2026

ਹੁਣ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੀ ਜਾਵੇਗੀ ਕਿੱਤਾਮੁਖੀ ਸਿੱਖਿਆ

ਜ਼ਿਲ੍ਹੇ ਦੇ 20 ਸਕੂਲਾਂ ਵਿਚ ਸ਼ੁਰੂ ਹੋ ਚੁੱਕੀਆਂ ਹਨ ਵੱਖ-ਵੱਖ ਟਰੇਡਾਂ ਦੀਆਂ ਕਲਾਸਾਂ

ਅੰਮ੍ਰਿਤਸਰ, 20 ਅਗਸਤ (ਗੁਰਚਰਨ ਸਿੰਘ) – ਪੰਜਾਬ ਸਰਕਾਰ ਵੱਲੋਂ ਨਵੀਂ ਪੀੜੀ ਨੂੰ ਆਪਣੇ ਪੈਰਾਂ ਸਿਰ ਖੜਾ ਕਰਨ ਲਈ ਕਿੱਤਾ ਮੁਖੀ ਸਿੱਖਿਆ ਦੇਣ ਦਾ ਫੈਸਲਾ ਲਿਆ ਗਿਆ ਹੈ, ਜਿਸ ਤਹਿਤ ਹੁਣ ਆਈ ਆਈ ਟੀ ਅਤੇ ਤਕਨੀਕੀ ਕਾਲਜਾਂ ਦੇ ਨਾਲ-ਨਾਲ ਸਕੂਲਾਂ ਵਿਚ ਵੀ ਵੱਖ=ਵੱਖ ਹੁਨਰਾਂ ਦੀ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਉਕਤ ਪ੍ਰਗਟਾਵਾ ਕਰਦੇ ਜ਼ਿਲ੍ਹ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਾਇਮ ਕੀਤੀ ਗਈ ਸਕਿਲ ਡਵਿਲਪਮੈਂਟ ਕੌਂਸਲ ਵੱਲੋਂ ਸਕੂਲਾਂ ਵਿਚ ਇਹ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲ ਪੰਜਾਬ ਭਰ ਵਿਚ 100 ਸਕੂਲਾਂ ਵਿਚ ਟਰਾਇਲ ਅਧਾਰ ‘ਤੇ ਇਹ ਕਿੱਤਾਮੁਖੀ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਉਸਦੇ ਚੰਗੇ ਨਤੀਜੇ ਵੇਖ ਕੇ ਹੁਣ ਪੰਜਾਬ ਭਰ ਵਿਚ 500 ਸਕੂਲਾਂ ਨੂੰ ਕਿੱਤਾ ਮੁਖੀ ਸਿੱਖਿਆ ਦੇਣ ਲਈ ਚੁਣਿਆ ਗਿਆ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹਾ ਅੰਮ੍ਰਿਤਸਰ ਵਿਚ ਕੇਵਲ ਪੰਜ ਸਕੂਲ ਇਹ ਸਿੱਖਿਆ ਦੇਣ ਲਈ ਚੁਣੇ ਗਏ ਸਨ ਅਤੇ ਹੁਣ ਜ਼ਿਲ੍ਹੇ ਦੇ 20 ਸਕੂਲਾਂ ਵਿਚ ਇਹ ਹੁਨਰਮੰਦ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ।
ਸ੍ਰੀ ਭਗਤ ਨੇ ਦੱਸਿਆ ਕਿ ਇਹ ਸਿੱਖਿਆ ਨੌਵੀਂ ਜਮਾਤ ਤੋਂ ਸ਼ੁਰੂ ਕੀਤੀ ਜਾਂਦੀ ਹੈ ਅਤੇ ਇਸ ਵੇਲੇ ਚੁਣੇ ਗਏ ਸਰਕਾਰੀ ਸਕੂਲਾਂ ਵਿਚ ਰਿਟੋਲ ਮੈਨਜਮੈਂਟ, ਸਕਿਉਰਟੀ ਪ੍ਰਬੰਧ, ਹੈਲਥ ਕੇਅਰ, ਟਰੈਵਲ ਤੇ ਟੂਰਿਜ਼ਮ, ਆਟੋ ਮੋਬਾਈਲ, ਖੇਤੀਬਾੜੀ, ਬਿਊਟੀ ਤੇ ਵੈਲਨੇਸ ਦੀ ਸਿੱਖਿਆ ਸ਼ੁਰੂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਨਾਂ ਕਿੱਤਿਆਂ ਦੀ ਮੁੱਢਲੀ ਸਿੱਖਿਆ ਸਕੂਲਾਂ ਵਿਚ ਦੇਣ ਦਾ ਮਕਸਦ ਇਹ ਹੈ ਕਿ ਇਕ ਤਾਂ ਬੱਚੇ ਨੂੰ ਅੱਗੇ ਇਸ ਸਬੰਧੀ ਉਚ ਪੜਾਈ ਕਰਨ ਵਿਚ ਅਸਾਨੀ ਰਹੇਗੀ, ਦੂਸਰਾ ਜੇਕਰ ਕੋਈ ਬੱਚਾ ਕਿਸੇ ਕਾਰਨ ਉਚ ਸਿੱਖਿਆ ਨਹੀਂ ਵੀ ਪ੍ਰਾਪਤ ਕਰ ਸਕਿਆ ਤਾਂ ਉਹ ਆਪਣੇ ਸਿੱਖੇ ਹੋਏ ਹੁਨਰ ਨਾਲ ਨੌਕਰੀ ਵੀ ਲੈ ਸਕਦਾ ਹੈ ਅਤੇ ਆਪਣਾ ਕੰਮ ਵੀ ਚਲਾ ਸਕਦਾ ਹੈ। ਉਨਾਂ ਦੱਸਿਆ ਕਿ ਇਹ ਕਿੱਤਾਮੁਖੀ ਸਿੱਖਿਆ ਦੇਣ ਲਈ ਇੰਸਟਰੈਕਟਰਾਂ ਦਾ ਪ੍ਰਬੰਧ ਸਕਿਲ ਡਵਿਲਪਮੈਂਟ ਕੌਂਸਲ ਵੱਲੋਂ ਕੀਤਾ ਜਾਂਦਾ ਹੈ ਅਤੇ ਜ਼ਿਲ੍ਹੇ ਵਿਚ ਲਾਗੂ ਕਰਵਾਉਣ ਦਾ ਫਰਜ਼ ਜਿਲ੍ਹਾ ਸਿੱਖਿਆ ਅਧਿਕਾਰੀ (ਸਕੈਡੰਰੀ) ਸ. ਸਤਿੰਦਰਬੀਰ ਸਿੰਘ ਨਿਭਾਅ ਰਹੇ ਹਨ। ਉਨਾਂ ਆਸ ਪ੍ਰਗਟਾਈ ਕਿ ਇਸ ਕਿੱਤਾਮੁਖੀ ਸਿੱਖਿਆ ਸਕੂਲਾਂ ਵਿਚ ਦੇਣ ਦੇ ਚੰਗੇ ਨਤੀਜੇ ਸਾਨੂੰ ਭਵਿੱਖ ਵਿਚ ਮਿਲਣਗੇ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply