Friday, March 6, 2026

ਸਮਾਜ ਭਲਾਈ ਬੋਰਡ ਵੱਲੋਂ ਕੰਨਿਆ ਭਰੂਣ ਹੱਤਿਆ ਖਿਲਾਫ਼ ਵਿਸ਼ਾਲ ਜਾਗਰੂਕਤਾ ਸੈਮੀਨਾਰ

ਕੁੜੀਆਂ ਪ੍ਰਤੀ ਸੋਚ ਬਦਲਣ ਤੇ ਦਾਜ ਵਰਗੀਆਂ ਲਾਹਨਤਾਂ ਖਿਲਾਫ਼ ਆਵਾਜ਼ ਉਠਾਉਣ ਦੀ ਲੋੜ- ਵਰਿੰਦਰ ਕੌਰ ਥਾਂਦੀ

PPN2008201511

ਅੰਮ੍ਰਿਤਸਰ, 20 ਅਗਸਤ (ਗੁਰਚਰਨ ਸਿੰਘ) – ਲੋਕਾਂ ਨੂੰ ਕੰਨਿਆ ਭਰੂਣ ਹੱਤਿਆ ਦੀ ਸਮਾਜਿਕ ਬੁਰਾਈ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਪੰਜਾਬ ਰਾਜ ਸਮਾਜ ਭਲਾਈ ਬੋਰਡ, ਚੰਡੀਗੜ੍ਹ ਵੱਲੋਂ ਕੰਨਿਆ ਭਰੂਣ ਹੱਤਿਆ ਖਿਲਾਫ਼ ਇਕ ਵਿਸ਼ਾਲ ਸੈਮੀਨਾਰ ਸਥਾਨਕ ਐਲ. ਡੀ ਗਾਰਡਨ, ਹੇਰ-ਏਅਰਪੋਰਟ ਰੋਡ, ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਪੰਜਾਬ ਰਾਜ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਸ੍ਰੀਮਤੀ ਵਰਿੰਦਰ ਕੌਰ ਥਾਂਦੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਜਦਕਿ ਸਮਾਗਮ ਦੀ ਪ੍ਰਧਾਨਗੀ ‘ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ’ ਦੇ ਆਲ ਇੰਡੀਆ ਇੰਚਾਰਜ ਸ੍ਰੀ ਤਰੁਣ ਚੁਘ ਨੇ ਕੀਤੀ। ਇਸ ਮੌਕੇ ਵਿਦਿਆਰਥਣਾਂ ਵੱਲੋਂ ਭਰੂਣ ਹੱਤਿਆ ਖਿਲਾਫ਼ ਬਾਤ ਪਾਉਂਦੇ ਗੀਤ, ਗਰੁੱਪ ਡਾਂਸ ਅਤੇ ਕੋਰੀਓਗ੍ਰਾਫੀਆਂ ਦਰਸ਼ਕਾਂ ਦੇ ਦਿਲਾਂ ਨੂੰ ਟੁੰਬ ਗਈਆਂ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ੍ਰੀਮਤੀ ਵਰਿੰਦਰ ਕੌਰ ਥਾਂਦੀ ਨੇ ਕਿਹਾ ਕਿ ਅੱਜ ਕੁੜੀਆਂ ਪ੍ਰਤੀ ਸਾਨੂੰ ਆਪਣੀ ਸੋਚ ਬਦਲਣ ਅਤੇ ਦਾਜ ਵਰਗੀਆਂ ਲਾਹਨਤਾਂ ਖਿਲਾਫ਼ ਆਵਾਜ਼ ਉਠਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨਸ਼ੇ ਅਤੇ ਕੰਨਿਆਂ ਭਰੂਣ ਹੱਤਿਆ ਦੀਆਂ ਦੋ ਸਮਾਜਿਕ ਬੁਰਾਈਆਂ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਅੱਜ ਕਿਸੇ ਵੀ ਖੇਤਰ ਵਿਚ ਮੁੰਡਿਆਂ ਤੋਂ ਘੱਟ ਨਹੀਂ ਹਨ ਅਤੇ ਮੌਜਦਾ ਸਮੇਂ ਭਾਰਤ ਅੰਦਰ ਕੁੜੀਆਂ ਵੱਖ-ਵੱਖ ਖੇਤਰਾਂ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ ਭਾਵੇਂ ਇਹ ਰੱਖਿਆ ਸੇਵਾਵਾਂ ਹੋਣ, ਹਵਾਈ ਖੇਤਰ, ਖੇਡਾਂ, ਸਿੱਖਿਆ, ਵਿਗਿਆਨ ਜਾਂ ਹੋਰ ਕੋਈ ਵੀ ਖੇਤਰ ਹੋਵੇ। ਉਨ੍ਹਾਂ ਕਿਹਾ ਕਿ ਲੜਕੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿਚ ਨਿਭਾਈ ਜਾ ਰਹੀ ਇਸ ਭੂਮਿਕਾ ਸਦਕਾ ਅੱਜ ਮੁਲਕ ਅੰਦਰ ਲੜਕੀਆਂ ਦੇ ਕੰਮ ਕਰਨ ਲਈ ਉਸਾਰੂ ਮਾਹੌਲ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਉਸਾਰੂ ਸਮਾਜਿਕ ਤਬਦੀਲੀ ਦੇ ਬਾਵਜੂਦ ਮੌਜੂਦਾ ਸਮੇਂ ਮੁਲਕ ਖਾਸ ਕਰ ਪੰਜਾਬ ਅੰਦਰ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਹਾਲੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸ ਸਮਾਜਿਕ ਬੁਰਾਈ ਦੇ ਖਾਤਮੇਂ ਲਈ ਜਿਥੇ ਹਰ ਵਰਗ ਦੀ ਸਾਂਝੀ ਭੂਮਿਕਾ ਦੀ ਲੋੜ ਹੈ ਉਥੇ ਵਿਸ਼ੇਸ਼ ਤੌਰ ‘ਤੇ ਨੌਜਵਾਨ ਵਰਗ ਨੂੰ ਭਰੂਣ ਹੱਤਿਆ ਦੇ ਖਾਤਮੇਂ ਲਈ ਸਰਗਰਮ ਭੂਮਿਕਾ ਨਿਭਾਉਣੀ ਪਵੇੇਗੀ ਅਤੇ ਇਸ ਦੀ ਸ਼ੁਰੂਆਤ ਸਾਨੂੰ ਆਪਣੇ ਘਰਾਂ ਤੋਂ ਹੀ ਕਰਨੀ ਪਵੇਗੀ।
ਇਸ ਮੌਕੇ ‘ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ’ ਦੇ ਆਲ ਇੰਡੀਆ ਇੰਚਾਰਜ ਸ੍ਰੀ ਤਰੁਣ ਚੁਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੇਟੇ ਦੀ ਚਾਹਤ ਨੂੰ ਛੱਡ ਕੇ ਬੇਟੀ ਨੂੰ ਵੱਧ ਤੋਂ ਵੱਧ ਸਿੱਖਿਆ ਦਿਵਾ ਕੇ ਉਸ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੇਟੀ ਦੇ ਸਿੱਖਿਅਤ ਹੋਣ ਨਾਲ ਪੂਰਾ ਪਰਿਵਾਰ ਸਿੱਖਿਅਤ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੰਨਿਆ ਭਰੂਣ ਹੱਤਿਆ ਦੀ ਇਸ ਸਮਾਜਿਕ ਬੁਰਾਈ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਰਕਾਰ ਦੇ ਨਾਲ-ਨਾਲ ਯੂਥ ਕਲੱਬਾਂ, ਪਿੰਡਾਂ ਦੀਆਂ ਪੰਚਾਇਤਾਂ ਅਤੇ ਹੋਰ ਸਮਾਜਿਕ ਸਰੋਕਾਰਾਂ ਵਾਲੀਆਂ ਸੰਸਥਾਵਾਂ ਵੱਲੋਂ ਸਾਂਝੇ ਰੂਪ ਵਿਚ ਹੰਭਲਾ ਮਾਰਿਆ ਜਾਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਸੁਪਨਾ ਹੈ ਕਿ ਹਿੰਦੁਸਤਾਨ ਨੂੰ ਅੱਗੇ ਲਿਜਾਣ ਲਈ ਭਰੂਣ ਹੱਤਿਆ ਰੋਕਣੀ ਜ਼ਰੂਰੀ ਹੈ ਅਤੇ ਇਸ ਮਕਸਦ ਲਈ ਉਹ ਦਿਨ-ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ-ਪਿੰਡ ਜਾ ਕੇ ਇਸ ਸਬੰਧੀ ਜਾਗਰੂਕਤਾ ਫੈਲਾਉਣ ਦੀ ਲੋੜ ਹੈ।
ਇਸ ਮੌਕੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਬਲਾਕ ਹਰਸ਼ਾ ਛੀਨਾ ਸ੍ਰੀਮਤੀ ਦਵਿੰਦਰ ਕੌਰ, ਡਾ ਇੰਦਰਜੀਤ ਸਿੰਘ ਗੱਗੋਆਣੀ ਅਤੇ ਹੋਰਨਾਂ ਬੁਲਾਰਿਆਂ ਨੇ ਵੀ ਸੰਬੋਧਨ ਕਰਦਿਆਂ ਭਰੂਣ ਹੱਤਿਆ ਖਿਲਾਫ਼ ਆਵਾਜ਼ ਬੁਲੰਦ ਕਰਨ ਦੀ ਤਾਕੀਦ ਕੀਤੀ। ਮੰਚ ਸੰਚਾਲਨ ਗੁਰਮਿੰਦਰ ਕੌਰ ਨੇ ਬਾਖੂਬੀ ਕੀਤਾ।ਇਸ ਮੌਕੇ ਪੰਜਾਬ ਰਾਜ ਸਮਾਜ ਭਲਾਈ ਬੋਰਡ ਦੇ ਸਕੱਤਰ ਸ੍ਰੀ ਏ ਕੇ ਰੰਗਾ, ਖਾਲਸਾ ਕਾਲਜ ਦੇ ਆਨਰੇਰੀ ਸਕੱਤਰ ਸ. ਰਾਜਿੰਦਰ ਮੋਹਨ ਸਿੰਘ ਛੀਨਾ, ਸ੍ਰੀ ਕੇਵਲ ਕੁਮਾਰ, ਪ੍ਰਿੰਸੀਪਲ ਮੈਡਮ ਰੀਟਾ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply