ਬਠਿੰਡਾ, 22 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਹਰ ਮਹੀਨੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਸਬੰਧੀ 125 ਦੇ ਕਰੀਬ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਹਨ।ਇਹ ਜਾਣਕਾਰੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਬਲਜਿੰਦਰ ਸਿੰਘ ਠਾਕੁਰ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਸਰਕਿਟ ਹਾਊਸ ਬਠਿੰਡਾ ਵਿਖੇ ਪੱਤਰਕਾਰਾਂ ਨਾਲਗੱਲਬਾਤ ਕਰਦਿਆਂ ਠਾਕੁਰ ਨੇ ਦੱਸਿਆ ਕਿ ਪਿਛਲੇ 18 ਸਾਲਾਂ ਵਿੱਚ ਕਮਿਸ਼ਨਨੂੰ 2.27 ਲੱਖ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 2.19 ਲੱਖ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੀਆਂ ਸ਼ਿਕਾਇਤਾਂ ਵੀ ਕਮਿਸ਼ਨ ਦੇ 3 ਬੈਂਚਾਂ ਦੁਆਰਾ ਨਬੇੜ ਦਿੱਤੀ ਜਾਵੇਗੀ. ਉਨ੍ਹਾਂ ਕਿਹਾ ਕਿ ਗੈਰ-ਸਰਕਾਰੀ ਸੰਸਥਾਵਾਂ ਮਨੁੱਖੀ ਅਧਿਕਾਰ ਦੇ ਖੇਤਰ ਵਿੱਚ ਕਮਿਸ਼ਨ ਦੇ ਸਹਿਯੋਗ ਨਾਲ ਸ਼ਲਾਘਾ ਯੋਗ ਕੰਮ ਕਰ ਰਹੀਆਂ ਹਨ। ਸ਼੍ਰੀ ਠਾਕੁਰ ਨੇ ਕਿਹਾ ਕਿ ਲੋਕਾਂ ਦੀ ਮਨੁੱਖੀ ਅਧਿਕਾਰਾਂ ਸਬੰਧੀ ਸ਼ਿਕਾਇਤ ਨੂੰ ਸੁਲਝਾਉਣ ਤੋਂ ਇਲਾਵਾ ਕਮਿਸ਼ਨ ਵਲੋਂ ਲੋਕਾਂ ਵਿੱਚ ਮਨੁੱਖੀ ਅਧਿਕਾਰਾਂ ਸਬੰਧੀ ਜਨ ਚੇਤਨਾ ਜਗਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾਂਦੇ ਹਨ। ਇਨ੍ਹਾਂ ਉਪਰਾਲਿਆਂ ਤਹਿਤ ਅੱਜ ਕੇਂਦਰੀ ਯੁਨੀਵਰਸਿਟੀ ਬਠਿੰਡਾ ਵਿਖੇ ਬਲਜਿੰਦਰ ਸਿੰਘ ਠਾਕੁਰ ਨੇ ਮਨੁੱਖੀ ਅਧਿਕਾਰਾਂ ਦੀ ਜਾਣਕਾਰੀ ‘ਤੇ ਲੈਕਚਰ ਵੀ ਦਿੱਤਾ। ਮੈਂਬਰ ਬਲਜਿੰਦਰ ਸਿੰਘ ਠਾਕੁਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਤਿਆਚਾਰ ਨਾ ਸਹਿਣ ਅਤੇ ਆਪਣੇ ਹੱਕਾਂ ਦੀ ਪੂਰਤੀ ਸਬੰਧੀ ਆਪਣੀ ਆਵਾਜ਼ ਉਠਾਉਂਦੇ ਹੋਏ ਕਮਿਸ਼ਨ ਤੋਂ ਮਦਦ ਲੈ ਸਕਦੇ ਹਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media