
ਪਠਾਨਕੋਟ, 25 ਅਗਸਤ (ਪ.ਪ) – ਸਿੱਖਿਆ ਦੇ ਪੱਧਰ ਨੂੰ ਉੱਚਾ ਚੁਕਣ ਲਈ ਪੰਜਾਬ ਸਰਕਾਰ ਜਿੱਥੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ, ਮਾਈ ਭਾਗੋ ਸਕੀਮ ਦੇ ਅਧੀਨ ਮੁਫ਼ਤ ਸਾਇਕਲ, ਮਿਡ ਡੇ ਮਿਲ ਦੇ ਅਧੀਨ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਆਦਿ ਸੁਵਿਧਾਵਾਂ ਦੇ ਰਹੀ ਹੈ, ਉੱਥੇ ਦੂਸਰੇ ਪਾਸੇ ਹੁਣ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਕਰੋੜਾਂ ਰੁਪਏ ਖਰਚ ਕਰਕੇ ਸਾਲ 2015 ਅੰਦਰ ਜ਼ਿਲ੍ਹਾ ਪਠਾਨਕੋਟ ਦੇ 34 ਸਕੂਲਾਂ ਵਿੱਚ 170 ਲੱਖ ਰੁਪਏ ਦੀ ਲਾਗਤ ਨਾਲ ਆਰਟ ਐਂਡ ਕਰਾਫਟ ਕਮਰਿਆਂ ਦਾ ਨਿਰਮਾਣ ਕਰਵਾਇਆ ਗਿਆ ਹੈ। ਜਿਸ ਦੇ ਅਧੀਨ ਜ਼ਿਲ੍ਹਾ ਪਠਾਨਕੋਟ ਦੇ 19 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ 15 ਸਰਕਾਰੀ ਹਾਈ ਸਕੂਲਾਂ ਵਿੱਚ ਆਰਟ ਐਂਡ ਕਰਾਫ਼ਟ ਰੂਮ ਤਿਆਰ ਕਰਵਾਏ ਗਏ ਹਨ।
ਇਹ ਜਾਣਕਾਰੀ ਸ਼੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਇੱਕ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਵਾਲ, ਫੰਗੋਤਾ, ਮਾਧੋਪੁਰ ਕੈਂਟ, ਸੁਜਾਨਪੁਰ (ਲੜਕੀਆਂ), ਫਿਰੋਜਪੁਰ ਕਲਾਂ, ਤਾਰਾਗੜ੍ਹ (ਲੜਕੀਆਂ), ਪਰਮਾਨੰਦ, ਘਰੋਟਾ, ਮਲਿਕਪੁਰ, ਪਠਾਨਕੋਟ (ਲੜਕੀਆਂ), ਘਿਆਲਾ, ਨੌਸ਼ਹਿਰਾ ਨਲਬੰਦਾ, ਮਨਵਾਲ, ਮੀਰਥਲ, ਨੰਗਲ ਭੂਰ, ਨਰੋਟ ਮਹਿਰਾ, ਭੋਆ, ਤੰਗੋਸ਼ਾਹ, ਚਸ਼ਮਾ, ਫਰੀਦਾਨਗਰ ਅਤੇ ਸਰਕਾਰੀ ਹਾਈ ਸਕੂਲ ਲਹਿਰੂਨ, ਸ਼ਾਹਪੁਰ ਕੰਡੀ, ਬਸਰੂਪ, ਬਨੀ ਲੋਧੀ, ਕਰੋਲੀ, ਨਿਚਲੀ ਬੜੋਈ, ਹੈਬਤ ਪਿੰਡੀ, ਕਥਲੋਰ, ਜਨਿਆਲ, ਨਾਜੋਚੱਕ, ਧੀਰਾ, ਕੌਂਤਰਪੁਰ, ਮਾਮੂਨ ਅਤੇ ਨੰਗਲ ਚੌਧਰੀਆਂ ਸਕੂਲ ਵਿਖੇ ਆਰਟ ਐਂਡ ਕਰਾਫ਼ਟ ਰੂਮਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਵਿੱਚ ਪੜ੍ਹਣ ਵਾਲੇ ਬੱਚੇ ਸਿੱਖਿਆ ਦੇ ਨਾਲ ਨਾਲ ਕਲਾਂ ਦੇ ਖੇਤਰ ਵਿੱਚ ਵੀ ਆਪਣਾ ਭਵਿੱਖ ਸੁਧਾਰ ਸਕਣਗੇ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਸਰਕਾਰੀ ਸਕੂਲਾਂ ਵਿੱਚ ਤਜੁਰਬੇਕਾਰ ਸਟਾਫ਼ ਹੈ, ਉੱਥੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਕੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦਾ ਲਾਭ ਉਠਾਉਣ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਜ਼ਿਲ੍ਹੇ ਦੇ ਵਿਕਾਸ ਦੇ ਲਈ ਖੇਤਰ ਨਿਵਾਸੀਆਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਉਪਲਬੱਧ ਕਰਵਾ ਰਹੀ ਹੈ। ਜਿਸ ਦੇ ਅਧੀਨ ਲਗਭਗ 12 ਕਰੋੜ ਰੁਪਏ ਦੀ ਲਾਗਤ ਨਾਲ ਪਠਾਨਕੋਟ ਵਿਖੇ ਸਰਕਾਰੀ ਕਾਲਜ ਬਣਾਇਆ ਜਾ ਰਿਹਾ ਹੈ। ਸਰਕਾਰੀ ਕਾਲਜ ਬਣਨ ਨਾਲ ਖੇਤਰ ਦੇ ਲੋਕਾਂ ਨੂੰ ਬਹੁਤ ਲਾਭ ਮਿਲੇਗਾ ਅਤੇ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਲਈ ਜ਼ਿਲ੍ਹੇ ਦੇ ਬਾਹਰ ਨਹੀਂ ਜਾਣਾ ਪਵੇਗਾ।
Punjab Post Daily Online Newspaper & Print Media