Monday, April 13, 2026

ਪਾਕਿਸਤਾਨੀ ਮੀਡੀਆ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਨੂੰ ਦੱਸ ਰਿਹੈ ਭੂਤਾਂ ਦਾ ਡੇਰਾ- ਕੋਛੜ

Gurdwara Rori Saib lahoreSK

ਅੰਮ੍ਰਿਤਸਰ, 26 ਅਗਸਤ (ਪ,.ਪ) – ਪਾਕਿਸਤਾਨ ਦੇ ਸਮਾਚਾਰ ਚੈਨਲ ‘ਐਕਸਪ੍ਰੈੱਸ ਨਿਊਜ਼’ ਵਲੋਂ ਤਿਆਰ ਕੀਤੀ ਵੀਡੀਓ ਵਿਚ ਹਿੰਦ-ਪਾਕਿ ਸਰਹੱਦ ਨਾਲ ਲੱਗਦੇ ਜਿਲ੍ਹਾ ਲਾਹੌਰ ਦੇ ਪਿੰਡ ਜਾਹਮਣ ਦੇ ਗੁਰਦੁਆਰਾ ਰੋੜੀ ਸਾਹਿਬ ਵਿਚ ਭੂਤ-ਪ੍ਰੇਤਾਂ ਦਾ ਆਵਾਸ ਹੋਣ ਦਾ ਦਾਅਵਾ ਕੀਤਾ ਗਿਆ ਹੈ।ਇਤਿਹਾਸਕਾਰ ਤੇ ਖੋਜ-ਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਲਾਹੌਰ ਦੇ ਥਾਣਾ ਬਰਕੀ ਦੇ ਅਧੀਨ ਆਉਂਦੇ ਪਿੰਡ ਜਾਹਮਣ ਵਿੱਚਲਾ ਉਪਰੋਕਤ ਗੁਰਦੁਆਰਾ ਰੋੜੀ ਸਾਹਿਬ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਹੈ ਅਤੇ ਗੁਰੂ ਸਾਹਿਬ ਨੇ ਇਸ ਮੁਕੱਦਸ ਅਸਥਾਨ ‘ਤੇ ਤਿੰਨ ਵਾਰ ਚਰਨ ਪਾਏ ਸਨ।ਉਹਨਾਂ ਕਿਹਾ ਕਿ ਇਹ ਢਾਈ ਮੰਜ਼ਲਾ ਵਿਸ਼ਾਲ ਤੇ ਖੂਬਸੂਰਤ ਗੁਰਦੁਆਰਾ ਖਾਲੜਾ ਪਿੰਡ ਤੋਂ ਸਰਹੱਦ ਪਾਰ ਢੇਢ ਕਿਲੋਮੀਟਰ ਦੀ ਦੂਰੀ ‘ਤੇ ਮੌਜੂਦ ਹੈ।
ਸ਼੍ਰੀ ਕੋਛੜ ਦੇ ਅਨੁਸਾਰ ਸੰਨ 1965 ਦੀ ਹਿੰਦ-ਪਾਕਿ ਜੰਗ ਦੌਰਾਨ ਹੋਈ ਗੋਲ਼ਾਬਾਰੀ ਵਿਚ ਗੁਰਦੁਆਰੇ ਦੀ ਇਮਾਰਤ ਨੂੰ ਵੱਡਾ ਨੁਕਸਾਨ ਪਹੁੰਚਿਆ।ਉਹਨਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਉਪਰੋਕਤ ਵੀਡੀਓ ਵਿਚ ਬੇਤੁਕੇ ਢੰਗ ਨਾਲ ਲੋਕਾਂ ਨੂੰ ਗੁਮਰਾਹ ਕਰਦੇ ਹੋਏ ਗੁਰਦੁਆਰੇ ਵਿਚ ਪ੍ਰੇਤ ਆਤਮਾਵਾਂ ਦੇ ਹੋਣ ਦੀ ਪੁਸ਼ਟੀ ਕਰਦਿਆਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪਿੰਡ ਵਾਸੀਆਂ ਨੇ ਉਪਰੋਕਤ ਗੁਰਦੁਆਰੇ ਵਿਚ ਕਈ ਵਾਰ ਭੂਤਾਂ-ਪ੍ਰੇਤਾਂ ਦੇ ਪਰਛਾਵੇਂ ਵੇਖੇ ਹਨ, ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਉਹ ਬੀਮਾਰ ਹੋ ਜਾਂਦੇ ਹਨ।ਇਸ ਸੰਬੰਧੀ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪਿੰਡ ਵਾਸੀਆਂ ਨੇ ਇਕ ਸਿੱਖ ਔਰਤ ਨੂੰ ਗੁਰਦੁਆਰੇ ਦੇ ਸਰੋਵਰ ਵਿੱਚੋਂ ਇਸ਼ਨਾਨ ਕਰਕੇ ਬਾਲਟੀ ਵਿੱਚ ਪਾਣੀ ਭਰ ਕੇ ਲੈ ਜਾਂਦਿਆਂ ਕਈ ਵਾਰ ਵੇਖਿਆ ਹੈ।
ਸ਼੍ਰੀ ਕੋਛੜ ਨੇ ਪਾਕਿਸਤਾਨੀ ਮੀਡੀਆ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਦੱਸਿਆ ਕਿ ਪਾਕਿਸਤਾਨ ਯਾਤਰਾ ਦੇ ਦੌਰਾਨ ਉਪਰੋਕਤ ਜਾਣਕਾਰੀ ਮਿਲਣ ‘ਤੇ ਉਹ ਇਲਾਕੇ ਦੇ ਲੋਕਾਂ ਦਾ ਭਰਮ ਦੂਰ ਕਰਨ ਲਈ ਖੁੱਦ ਆਪਣੇ ਇੱਕ ਪਾਕਿਸਤਾਨੀ ਪੱਤਰਕਾਰ ਮਿੱਤਰ ਦੇ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ-ਨਾਲ ਛੱਪੜ ਦਾ ਰੂਪ ਲੈ ਚੁੱਕੇ ਸਰੋਵਰ ਵਿੱਚ ਇਸ਼ਨਾਨ ਕਰ ਚੁੱਕੇ ਹਨ।ਉਹਨਾਂ ਦੋਸ਼ ਲਗਾਇਆ ਹੈ ਕਿ ਪਾਕਿਸਤਾਨੀ ਮੀਡੀਆ ਵਲੋਂ ਭੂ-ਮਾਫ਼ੀਆ ਦੀ ਸ਼ਹਿ ‘ਤੇ ਅਜਿਹਾ ਗੁਮਰਾਹ ਕਰਨ ਵਾਲਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਵਿੱਚ ਗੁਰਦੁਆਰੇ ਸੰਬੰਧੀ ਖੌਫ਼ ਪੈਦਾ ਹੋਣ ‘ਤੇ ਗੁਰਦੁਆਰੇ ਨੂੰ ਗਿਰਾ ਕੇ ਆਸਾਨੀ ਨਾਲ ਇਸ ਦੇ ਨਾਂ ਲੱਗਦੀ 100 ਵਿਘਾ ਭੂਮੀ ਨੂੰ ਵੇਚਿਆ ਜਾ ਸਕੇ।ਸ਼੍ਰੀ ਕੋਛੜ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜਾਬ ਸਰਕਾਰ ਨੂੰ ਇਸ ਮੁੱਦੇ ਪ੍ਰਤੀ ਗੰਭੀਰ ਨੋਟਿਸ ਲੈਂਦਿਆਂ ਪਾਕਿਸਤਾਨ ਸਰਕਾਰ ਨਾਲ ਢੁਕਵੀਂ ਗੱਲਬਾਤ ਕਰਨੀ ਚਾਹੀਦੀ ਹੈ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply