
ਅੰਮ੍ਰਿਤਸਰ, 28 ਅਗਸਤ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਦੀਆਂ ਇਕੱਤਰਤਾਵਾਂ ਦਾ ਆਯੋਜਨ ਅੱਜ ਇਥੇ ਯੂਨੀਵਰਸਿਟੀ ਦੇ ਸੈਨੇਟ ਅਤੇ ਸਿੰਡੀਕੇਟ ਹਾਲ ਵਿਖੇ ਹੋਇਆ। ਦੋਵਾਂ ਸਦਨਾਂ ਦੀ ਮੀਟਿੰਗ ਦੀ ਪ੍ਰਧਾਨਗੀ ਉਪ-ਕੁਲਪਤੀ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਕੀਤੀ ਅਤੇ ਰਜਿਸਟਰਾਰ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਨੇ ਏਜੰਡਾ ਪੇਸ਼ ਕੀਤਾ। ਵੱਡੀ ਗਿਣਤੀ ਵਿਚ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਇਸ ਮੌਕੇ ਮੌਜੂਦ ਸਨ।
ਮੀਟਿੰਗਾਂ ਦੌਰਾਨ ਅਹਿਮ ਫੈਸਲੇ ਲਏ ਜਿਨ੍ਹਾਂ ਵਿਚ ਯੂਨੀਵਰਸਿਟੀ ਦੇ ਰਿਜ਼ਨਲ ਕੈਂਪਸ ਜਲੰਧਰ ਵਿਖੇ ਬੀ.ਏ. ਆਨਰਜ਼ (ਜਰਨਲਿਜ਼ਮ ਤੇ ਮਾਸਕਮਿਊਨੀਕੇਸ਼ਨ) ਕੋਰਸ ਸ਼ੁਰੂ ਕਰਨ, ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿੱਠੜਾ ਵਿਖੇ ਬੀ.ਕਾਮ. ਦਾ ਇਕ ਹੋਰ ਯੂਨਿਟ ਸ਼ੁਰੂ ਕਰਨ, ਮਾਤਾ ਮਹਿਤਾਬ ਕੌਰ ਖਾਲਸਾ ਫਾਰ ਵਿਮਨ, ਢੱਡੋਵਾਲ (ਸ਼ਾਹਕੋਟ) ਜ਼ਿਲਾ ਜਲੰਧਰ ਵਿਖੇ ਸੈਂਟਰ ਫਾਰ ਕੈਪਸਿਟੀ ਐਨਹਾਂਸਮੈਨਟ ਪ੍ਰੋਗਰਾਮ ਅਧੀਨ ਸ਼ੈਸ਼ਨ 2015-16 ਤੋਂ ਬੀ.ਕਾਮ. ਕੋਰਸ ਸ਼ੁਰੂ ਕਰਨਾ, ਐਨ.ਸੀ.ਟੀ.ਈ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀ.ਐਡ. ਤੇ ਐਮ.ਐਡ. ਦੇ ਕੋਰਸਾਂ ਦੀ ਮਿਆਦ ਦੋ ਸਾਲ ਕਰਨੀ ਅਤੇ ਸੈਸ਼ਨ 2016-17 ਤੋਂ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਕਾਲਜਾਂ/ਸੰਸਥਾਵਾਂ ਵਿਚ ਅਤੇ ਨਵੇਂ ਕਾਲਜਾਂ / ਸੰਸਥਾਵਾਂ ਵਿਚ ਐਮ.ਬੀ.ਏ. ਤੇ ਐਮ.ਸੀ.ਏ. ਕੋਰਸ ਸ਼ੁਰੂ ਕਰਨ ਦੀ ਪ੍ਰਵਾਨਗੀ ਸ਼ਾਮਿਲ ਸਨ। ਇਨ੍ਹਾਂ ਫੈਸਲਿਆਂ ਨੂੰ ਸਾਰੇ ਮੈਂਬਰਾਂ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ।
ਪ੍ਰੋ. ਬਰਾੜ ਨੇ ਇਸ ਮੌਕੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਹੋ ਰਹੇ ਸਰਵਪੱਖੀ ਵਿਕਾਸ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਬੀਤੇ ਦਿਨੀ ਮਾਨਯੋਗ ਮੁੱਖ ਮੰਤਰੀ, ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਯੂਨੀਵਰਸਿਟੀ ਦੇ ਰਿਜ਼ਨਲ ਕੈਂਪਸ, ਸਠਿਆਲਾ ਵਿਖੇ ਅਕਾਦਮਿਕ ਬਲਾਕ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਇਕ ਵਾਰ ਫੇਰ ਨਵੀਆਂ ਬੁਲੰਦੀਆਂ ਨੂੰ ਛੋਂਹਦੀ ਹੋਈ ਦੇਸ਼ ਭਰ ਵਿਚੋਂ 12ਵੇਂ ਸਥਾਨ ਤੇ ਆਪਣਾ ਮੁਕਾਮ ਬਣਾਉਣ ਵਿਚ ਸਫਲ ਰਹੀ ਹੈ ਜਦ ਕਿ ਪਿਛਲੇ ਸਾਲ ਇਹ 17ਵੇਂ ਸਥਾਨ ਤੇ ਸੀ । ਇੰਡੀਆ ਟੂਡੇ ਗਰੁੱਪ – ਨੈਲਸਨ ਸਰਵੇ ਆਫ ਇੰਡੀਆ ਵਲੋਂ ਕੀਤੇ ਸਰਵੇਖਣ ਵਿਚ ਸਾਡੀ ਯੂਨੀਵਰਸਿਟੀ ਦੇਸ਼ ਦੀਆਂ ਪਹਿਲੀਆਂ ਪੰਜ ਸਟੇਟ ਯੂਨੀਵਰਸਿਟੀਆਂ ਵਿਚ ਆਪਣਾ ਸਥਾਨ ਬਣਾਉਣ ਵਿਚ ਕਾਮਯਾਬ ਰਹੀ ਹੈ ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਹਰ ਪਖੋਂ ਵਧੀਆ ਕਾਰਗੁਜ਼ਾਰੀ ਸਦਕਾ ਇਸ ਵਾਰ ਵੀ ਵਿਦਿਆਰਥੀਆਂ ਵਿਚ ਰਾਜ ਦੀਆਂ ਦੂੁਸਰੀਆਂ ਯੂਨੀਵਰਸਿਟੀਆਂ ਅਤੇ ਪ੍ਰਾਈਵੇਟ ਕਾਲਜਾਂ ਦੀ ਬਜਾਏ ਯੂਨੀਵਰਸਿਟੀ ਦੇ ਮੇਨ ਕੈਂਪਸ, ਰਿਜ਼ਨਲ ਕੈਂਪਸ ਅਤੇ ਇਸ ਨਾਲ ਸਬੰਧਿਤ ਕਾਲਜਾਂ ਵੱਲ ਦਾਖਲੇ ਦਾ ਜ਼ਿਆਦਾ ਰੁਝਾਨ ਰਿਹਾ । ਉਨ੍ਹਾਂ ਕਿਹਾ ਕਿ ਡਾ. ਐਮ.ਐਸ. ਗਿੱਲ, ਸਾਬਕਾ ਕੇਂਦਰੀ ਮੰਤਰੀ ਜੀ ਨੇੇ ਏਸ਼ੀਆ ਹਾਊਸ ਵਿਚ ਹੋਰ ਕਲਾਸ ਰੂਮ ਬਨਾਉਣ ਲਈ ਆਪਣੇ ਫੰਡ ਵਿਚੋਂ ਯੂਨੀਵਰਸਿਟੀ ਨੂੰ 50.00 ਲੱਖ ਰੁਪਏ ਦੀ ਰਕਮ ਮੰਜੂਰ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਨੂੰ ਯੂ.ਜੀ.ਸੀ. ਵਲੋਂ ਕਰੋੜਾਂ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਪਲੇਸਮੈਂਟ ਵਿਭਾਗ ਦੇ ਯਤਨਾਂ ਸਦਕਾ ਜੂਨ, 2015 ਤੋਂ ਲੈ ਕੇ ਹੁਣ ਤੱਕ ਵੋਡਾਫੋਨ ਕੰਪਨੀ ਵਲੋਂ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ 12 ਵਿਦਿਆਰਥੀਆਂ ਨੂੰ ਰੋਜ਼ਗਾਰ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਵੱਖ-ਵੱਖ ਨੈਸ਼ਨਲ/ਮਲਟੀ ਨੈਸ਼ਨਲ ਕੰਪਨੀਆਂ ਵਲੋਂ 7 ਵਿਦਿਆਰਥੀ ਆਫ ਕੈਂਪਸ ਪਲੇਸਮੈਂਟ ਰਾਹੀਂ ਚੁਣੇ ਗਏ ਹਨ। ਇਸ ਤਰ੍ਹਾਂ ਹੁਣ ਤੱਕ ਬੈਚ-2015 ਦੇ ਕੁਲ 743 ਵਿਦਿਆਰਥੀਆਂ ਦੀ ਪਲੇਸਮੈਂਟ ਹੋ ਚੁੱਕੀ ਹੈ ।
ਸਿੰਡੀਕੇਟ ਵੱਲੋਂ ਵੱਖ-ਵੱਖ ਫੈਕਲਟੀਆਂ ਅਧੀਨ 18 ਪੀ.ਐਚ.ਡੀ. ਥੀਸਜ਼ ਨੂੰ ਵੀ ਪ੍ਰਵਾਨਗੀ ਦੇਣ ਤੋਂ ਇਲਾਵਾ ਅਧਿਆਪਕਾਂ ਅਤੇ ਹੋਰਨਾਂ ਦੀ ਤਰੱਕੀਆਂ ਨੂੰ ਪ੍ਰਵਾਨਿਆ ਗਿਆ। ਪ੍ਰੋ. ਬਰਾੜ ਨੇ ਸਿੰਡੀਕੇਟ ਦੇ ਨਵੇਂ ਮੈਂਬਰਾਂ ਡਾ. ਐਸ.ਐਸ. ਗਿੱਲ, ਸਾਬਕਾ ਵਾਈਸ-ਚਾਂਸਲਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਂਇੰਸਜ਼, ਫਰੀਦਕੋਟ; ਐਮ.ਜੇ.ਪੀ. ਰੋਹੇਲਖੰਡ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਪ੍ਰੋ. ਐਸ.ਪੀ. ਗੌਤਮ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ, ਸ੍ਰੀ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਜੀ ਆਇਆਂ ਆਖਿਆ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media