Saturday, May 24, 2025

ਗੁਰਦੁਆਰਾ ਕਮੇਟੀ ਵਲੋਂ 1984 ਸਿੱਖ ਕਤਲੇਆਮ ਦੇ ਮਾਮਲੇ ‘ਤੇ ਕਾਂਗਰਸ ਦਫਤਰ ‘ਤੇ ਪ੍ਰਦਰਸ਼ਨ 30 ਨੂੰ

ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਦੀ ਨਿਗਰਾਨੀ ‘ਚ  ਵਿਸ਼ੇਸ਼ ਜਾਂਚ ਟੀਮ ਬਨਾਉਣ ਦੀ ਕੀਤੀ ਮੰਗ

Photo
ਨਵੀਂ ਦਿੱਲੀ, 29.1.2014 ( ਪੰਜਾਬ ਪੋਸਟ ਬਿਊਰੋ)-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 1984 ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਕਰਵਾਉਣ ਵਾਸਤੇ ਵਿਸ਼ੇਸ਼ ਜਾਂਚ ਟੀਮ ਸੁਪਰੀਮ ਕੋਰਟ ਦੀ ਦੇਖ-ਰੇਖ ਵਿਚ ਬਨਾਉਣ ਦੀ ਮੰਗ ਕੀਤੀ ਹੈ, ਤਾਂਕਿ ਸਾਰੇ ਕੇਸਾ ਦੀ ਜਾਂਚ ਨਵੇਂ ਸਿਰੇ ਤੋਂ ਸ਼ੁਰੂ ਕਰਕੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾ ਸਕਣ। ਰਾਹੁਲ ਗਾਂਧੀ ਵਲੋਂ ਇਕ ਅੰਗ੍ਰੇਜੀ ਨਿਉਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਪਾਰਟੀ ਦੀ 1984 ਕਤਲੇਆਮ ਵਿਚ ਭੂਮਿਕਾ ਸਵੀਕਾਰ ਕਰਨ ਤੋਂ ਬਾਅਦ ਜੀ.ਕੇ. ਨੇ ਨਾਨਾਵਤੀ ਕਮਿਸ਼ਨ 2005 ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 487 ਕਤਲੇਆਮ ਨਾਲ ਸਬੰਧਿਤ ਐਫ.ਆਈ.ਆਰ. ਦਿੱਲੀ ਵਿਖੇ ਦਰਜ ਹੋਈਆਂ ਸਨ, ਪਰ ਜਿਸ ਵਿਚੋਂ 241 ਕੇਸਾਂ ਨੂੰ ਦਿੱਲੀ ਪੁਲਿਸ ਵਲੋਂ ਸਬੂਤ ਨਾ ਹੋਣ ਦੀ ਗੱਲ ਕਹਿ ਕੇ ਅਦਾਲਤਾਂ ਵਿਚ ਕਾਰਵਾਈ ਲਈ ਪੇਸ਼ ਨਹੀਂ ਕੀਤਾ ਗਿਆ ਸੀ ।
ਜੀ.ਕੇ. ਨੇ 3000ਸਿੱਖਾਂ ਦੇ ਸਰਕਾਰੀ ਰਿਕਾਰਡ ਦੇ ਅਨੁਸਾਰ ਕਤਲ ਹੋਣ ਦੀ ਗੱਲ ਕਰਦੇ ਹੋਏ ਕਾਂਗਰਸ ‘ਤੇ ਇਨ੍ਹਾਂ ਕੇਸਾਂ ਨੂੰ ਦਬਾਉਣ ਦਾ ਦੋਸ਼ ਵੀ ਲਗਾਇਆ। ਸਿੱਖਾਂ ਦੇ ਕਤਲ ਦੇ ਇਲਾਵਾ ਵੱਡੇ ਪੈਮਾਨੇ ਤੇ ਲੋਕਾਂ ਦੇ ਜਖਮੀ ਹੋਣ, ਸੰਪਤੀ ਅਤੇ ਗੱਡੀਆਂ ਨੂੰ ਜਲਾਉਣ ਦੀ ਸੈਂਕੜੇ ਘਟਨਾਵਾਂ ਦੀ ਸਰਕਾਰੀ ਤੰਤਰ ਵਲੋਂ ਪੁਸ਼ਟੀ ਨਾ ਕਰਨ ਨੂੰ ਵੀ ਉਨ੍ਹਾਂ ਨੇ ਮੰਦਭਾਗਾ ਦੱਸਿਆ। ਕਾਂਗਰਸ ਵਲੋਂ ਕਿਸੇ ਵੀ ਤਰ੍ਹਾਂ ਦੀ ਮਾਫੀ ਮੰਗਣ ਦੀ ਗੱਲ ਨੂੰ ਠੁਕਰਾਉਂਦੇ ਹੋਏ ਉਨ੍ਹਾਂ ਨੇ ਗੁਜਰਾਤ ਦੇ 2002 ਦੇ ਦੰਗੇ ਅਤੇ 1984 ਦੇ ਸਿੱਖ ਕਤਲੇਆਮ ਵਿਚ ਵੱਡੇ ਫਰਕ ਨੂੰ ਵੀ ਪ੍ਰਭਾਸ਼ਿਤ ਕੀਤਾ। ਰੰਗਨਾਥ ਮਿਸ਼ਰ ਆਯੋਗ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ 1 ਨਵੰਬਰ 1984 ਨੂੰ ਸਵੇਰੇ ਦਿੱਲੀ ਵਿਚ ਆਰਮੀ ਬੁਲਾ ਲਈ ਜਾਂਦੀ ਤਾਂ ਸ਼ਾਇਦ 3ਨਵੰਬਰ ਤਕ ਦਿੱਲੀ ਵਿਚ ਜੋ ਕਤਲੇਆਮ ਹੋਇਆ ਉਹ ਰੁਕ ਸਕਦਾ ਸੀ।
ਰਾਹੁਲ ਗਾਂਧੀ ਅਤੇ ਕਾਂਗ੍ਰੇਸ ਦੀ ਅਗਵਾਈ ਹੇਠ ਯੂ.ਪੀ.ਏ. ਸਰਕਾਰ ਤੇ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੇ ਨਾਂਗਲੋਈ ਥਾਣੇ ਵਿਚ 1992 ਤੋਂ ਜਾਂਚ ਪੂਰੀ ਹੋਣ ਤੋਂ ਬਾਅਦ ਵੀ ਸੱਜਣ ਕੁਮਾਰ ਦੇ ਖਿਲਾਫ ਦੋਸ਼ ਪੱਤਰ ਦਿੱਲੀ ਪੁਲਿਸ ਵਲੋਂ ਕੋਰਟ ਵਿਚ ਨਾ ਦਾਖਲ ਹੋਣ ਦੀ ਵੀ ਜਾਣਕਾਰੀ ਦਿੱਤੀ। ਦਿੱਲੀ ਸਰਕਾਰ ਵਲੋਂ ਦਿੱਲੀ ਦੇ ਉਪ ਰਾਜਪਾਲ ਨੂੰ 84 ਮਸਲਿਆਂ ਦੀ ਜਾਂਚ ਵਾਸਤੇ ਵਿਸ਼ੇਸ਼ ਜਾਂਚ ਟੀਮ ਬਨਾਉਣ ਦੀ ਸਹਿਮਤੀ ਦੇਣ ਬਾਰੇ ਪੁੱਛੇ ਗਏ ਸਵਾਲ ਤੇ ਜੀ.ਕੇ ਨੇ ਸਾਫ ਕੀਤਾ ਕਿ ਦਿੱਲੀ ਕਮੇਟੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਬਨਾਉਣ ਵਾਸਤੇ ਹਰ ਉਸ ਵਿਅਕਤੀ ਨੂੰ ਮਿਲਣ ਨੂੰ ਤਿਆਰ ਹਨ, ਜਿਸ ਦੀ ਸੋਚ ਸਿੱਖ ਕੌਮ ਨੂੰ ਇੰਨਸਾਫ ਦਿਵਾਉਣ ਵਾਲੀ ਹੈ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਵੇ।
ਦਿੱਲੀ ਕਮੇਟੀ ਦੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਰਾਹੁਲ ਗਾਂਧੀ ਨੂੰ ਚੁਨੌਤੀ ਦਿੰਦੇ ਹੋਏ ਇਸ ਕਤਲੇਆਮ ਵਿਚ ਸ਼ਾਮਿਲ ਕਾਂਗਰਸ ਨੇਤਾਵਾਂ ਦੇ ਨਾਂ ਦੱਸਣ ਦੇ ਨਾਲ ਉਨ੍ਹਾਂ ਨੂੰ ਦਲ ‘ਚੋ ਕੱਢਣ ਅਤੇ ਕਾਨੂੰਨੀ ਪ੍ਰਕ੍ਰਿਆ ਦਾ ਸਾਹਮਣਾ ਕਰਵਾਉਣ ਦੀ ਗੱਲ ਕਹਿੰਦੇ ਹੋਏ ਜਾਂਚ ਏਜੰਸੀਆਂ ਨੂੰ ਰਾਹੁਲ ਗਾਂਧੀ ਤੋਂ ਪੁੱਛ ਪੜਤਾਲ ਕਰਣ ਦੀ ਵੀ ਬੇਨਤੀ ਕੀਤੀ। ਕਾਂਗਰਸ ਪਾਰਟੀ ਵਲੋਂ ਸਿੱਖਾਂ ਦੇ ਖਿਲਾਫ ਖਤਰਨਾਕ ਸੋਚ ਰਖੱਣ ਦਾ ਦਾਅਵਾ ਕਰਦੇ ਹੋਏ ਸੀਨੀਅਰ ਅਕਾਲੀ ਆਗੂ aਂਕਾਰ ਸਿੰਘ ਥਾਪਰ ਤੇ ਕੁਲਦੀਪ ਸਿੰਘ ਭੋਗਲ ਨੇ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਵੱਡੇ ਅਹੁਦਿਆਂ ਨਾਲ ਸਨਾਮਾਨਿਤ ਕਰਨ ਨੂੰ ਕਾਂਗਰਸ ਦੀ ਕਥਨੀ ਅਤੇ ਕਰਣੀ ਵਿਚ ਵੱਡੇ ਫਰਕ ਦੇ ਤੌਰ ਤੇ ਗਿਣਾਇਆ। ਇਸ ਮੌਕੇ ਤੇ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ 30 ਜਨਵਰੀ ਨੂੰ ਕਾਂਗਰਸ ਦਫਤਰ ਤੇ ਵਿਰੋਧ ਪ੍ਰਦਰਸ਼ਨ ਕਰਣ ਦਾ ਵੀ ਐਲਾਨ ਕੀਤਾ ਗਿਆ।
ਇਸ ਮੌਕੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਮੈਂਬਰ ਅਮਰਜੀਤ ਸਿੰਘ ਪੱਪੂ, ਕੁਲਮੋਹਨ ਸਿੰਘ, ਗੁਰਦੇਵ ਸਿੰਘ ਭੋਲਾ, ਹਰਵਿੰਦਰ ਸਿੰਘ ਕੇ.ਪੀ. ਚਮਨ ਸਿੰਘ, ਗੁਰਮੀਤ ਸਿੰਘ ਲੁਬਾਣਾ, ਗੁਰਵਿੰਦਰ ਪਾਲ ਸਿੰਘ, ਦਰਸ਼ਨ ਸਿੰਘ, ਹਰਦੇਵ ਸਿੰਘ ਧਨੋਆ, ਸਤਪਾਲ ਸਿੰਘ, ਬੀਬੀ ਦਲਜੀਤ ਕੌਰ, ਹਰਜਿੰਦਰ ਸਿੰਘ, ਜੀਤ ਸਿੰਘ, ਪਰਮਜੀਤ ਸਿੰਘ ਚੰਢੋਕ, ਐਮ.ਪੀ.ਐਸ. ਚੱਡਾ, ਬੀਬੀ ਧੀਰਜ ਕੌਰ ਤੇ ਅਕਾਲੀ ਆਗੂ ਮਨਜੀਤ ਸਿੰਘ ਗੋਬਿੰਦ ਪੂਰੀ, ਜਸਵਿੰਦਰ ਸਿੰਘ ਜੌਲੀ, ਜਸਪ੍ਰੀਤ ਸਿੰਘ ਵਿੱਕੀਮਾਨ, ਸੁਰਿੰਦਰ ਪਾਲ ਸਿੰਘ ਓਪਰਾਏ ਤੇ ਗੁਰਮੀਤ ਸਿੰਘ ਫੇਡਰੈਸ਼ਨ ਮੌਜੂਦ ਸਨ।

Check Also

ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ

ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …

Leave a Reply